1 ਕੁਰਿੰਥੀਆਂ ਨੂੰ 11

1ਮੇਰੀ ਮਿਸਾਲ ਉੱਤੇ ਚੱਲੋ ਜਿਵੇਂ ਕਿ ਮੈਂ ਮਸੀਹ ਦੀ ਮਿਸਾਲ ਉੱਪਰ ਚੱਲਦਾ ਹਾਂ। 2ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ ਕਿਉਂ ਜੋ ਤੁਸੀਂ ਹਰ ਗੱਲ ਵਿੱਚ ਮੈਨੂੰ ਚੇਤੇ ਕਰਦੇ ਹੋਂ। ਜਿਹੜੇ ਵੀ ਉਪਦੇਸ਼ ਮੈਂ ਤੁਹਾਨੂੰ ਦਿੱਤੇ, ਤੁਹਾਨੂੰ ਉਨ੍ਹਾਂ ਦਾ ਵਫ਼ਾਦਾਰੀ ਨਾਲ ਅਨੁਸਰਣ ਕਰਨਾ ਚਾਹੀਦਾ ਹੈ। 3ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ; ਹਰ ਮਨੁੱਖ ਦਾ ਮੁਖੀ ਮਸੀਹ ਹੈ। ਔਰਤ ਦਾ ਮੁਖੀ ਮਰਦ ਹੈ। ਅਤੇ ਮਸੀਹ ਦਾ ਮੁਖੀ ਪਰਮੇਸ਼ੁਰ ਹੈ। 4ਜੇਕਰ ਕੋਈ ਵੀ ਆਦਮੀ ਜਿਹੜਾ ਸਿਰ ਢੱਕਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ, ਉਹ ਆਪਣੇ ਸਿਰ ਸ਼ਰਮਸਾਰੀ ਲਿਆਉਂਦਾ ਹੈ। 5ਪਰ ਹਰ ਔਰਤ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ, ਜਦੋਂ ਉਹ ਪ੍ਰਾਰਥਨਾ ਜਾਂ ਅਗੰਮ ਵਾਕ ਕਰ ਰਹੀ ਹੋਵੇ। ਜੇ ਉਸਦਾ ਸਿਰ ਢੱਕਿਆ ਹੋਇਆ ਨਹੀਂ ਹੈ, ਫ਼ੇਰ ਉਹ ਆਪਣੇ ਸਿਰ ਉੱਤੇ ਸ਼ਰਮਸਾਰੀ ਲਿਆਉਂਦੀ ਹੈ। ਫ਼ੇਰ ਉਸ ਵਿੱਚ ਅਤੇ ਸਿਰ ਮੁੱਨੇ ਵਾਲੀ ਔਰਤ ਵਿੱਚ ਕੋਈ ਫ਼ਰਕ ਨਹੀਂ ਹੈ। 6ਜੇ ਇੱਕ ਔਰਤ ਆਪਣਾ ਸਿਰ ਨਹੀਂ ਢੱਕਦੀ, ਇਹ ਉਸ ਦੇ ਵਾਲ ਕਟਾਉਣ ਵਰਗਾ ਹੀ ਹੈ। ਪਰ ਕਿਸੇ ਔਰਤ ਵਾਸਤੇ ਆਪਣੇ ਵਾਲ ਕਟਾਉਣੇ ਜਾਂ ਸਿਰ ਮੁਨਾਉਣਾ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਲਈ ਉਸ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ। 7ਪਰ ਆਦਮੀ ਨੂੰ ਆਪਣਾ ਸਿਰ ਨਹੀਂ ਢੱਕਣਾ ਚਾਹੀਦਾ। ਕਿਉਂਕਿ ਉਹ ਪਰਮੇਸ਼ੁਰ ਦੇ ਰੂਪ ਵਿੱਚ ਰਚਿਆ ਗਿਆ ਹੈ ਅਤੇ ਉਹ ਪਰਮੇਸ਼ੁਰ ਦੀ ਮਹਿਮਾ ਹੈ। 8ਪਰ ਔਰਤ ਆਦਮੀ ਦਾ ਗੌਰਵ ਹੈ। ਕਿਉਂਕਿ ਆਦਮੀ ਔਰਤ ਤੋਂ ਨਹੀਂ ਆਇਆ, ਸਗੋਂ, ਇਹ ਔਰਤ ਹੀ ਸੀ ਜੋ ਆਦਮੀ ਤੋਂ ਆਈ। 9ਇਹ ਵੀ ਕਿ, ਆਦਮੀ ਔਰਤ ਲਈ ਨਹੀਂ ਬਣਾਇਆ ਗਿਆ ਸੀ, ਸਗੋਂ ਔਰਤ ਆਦਮੀ ਲਈ ਬਣਾਈ ਗਈ ਸੀ। 10ਇਸੇ ਲਈ ਔਰਤ ਨੂੰ ਇਹ ਦਰਸ਼ਾਉਣ ਲਈ ਕਿ ਉਹ ਕਿਸੇ ਦੇ ਅਧਿਕਾਰ ਹੇਠਾਂ ਹੈ ਆਪਣਾ ਸਿਰ ਢੱਕਣਾ ਚਾਹੀਦਾ ਹੈ। ਅਤੇ ਉਸ ਨੂੰ ਇਹ ਦੂਤਾਂ ਦੀ ਖਾਤਿਰ ਵੀ ਕਰਨਾ ਚਾਹੀਦਾ ਹੈ। 11ਪਰ ਪ੍ਰਭੂ ਵਿੱਚ, ਔਰਤ ਆਦਮੀ ਲਈ ਮਹੱਤਵਪੂਰਣ ਹੈ ਅਤੇ ਆਦਮੀ ਔਰਤ ਲਈ ਮਹੱਤਵਪੂਰਣ ਹੈ। 12ਇਹ ਸੱਚ ਹੈ ਕਿਉਂਕਿ ਔਰਤ ਆਦਮੀ ਤੋਂ ਆਈ ਅਤੇ ਆਦਮੀ ਵੀ ਔਰਤ ਤੋਂ ਪੈਦਾ ਹੋਇਆ ਹੈ। ਅਸਲ ਵਿੱਚ ਹਰ ਚੀਜ਼ ਪਰਮੇਸ਼ੁਰ ਵੱਲੋਂ ਆਉਂਦੀ ਹੈ। 13ਇਸਦਾ ਫ਼ੈਸਲਾ ਖੁਦ ਕਰੋ; ਕੀ ਔਰਤ ਲਈ ਠੀਕ ਹੈ, ਕੀ ਉਹ ਬਿਨ ਸਿਰ ਢੱਕੇ ਪਰਮੇਸ਼ੁਰ ਦੀ ਪ੍ਰਾਰਥਨਾ ਕਰੇ? 14ਕੁਦਰਤ ਵੀ ਤੁਹਾਨੂੰ ਇਹ ਸਿੱਖਾਉਂਦੀ ਹੈ ਕਿ ਲੰਬੇ ਬਾਲ ਰੱਖਣਾ ਆਦਮੀ ਲਈ ਨਮੋਸ਼ੀ ਵਾਲੀ ਗੱਲ ਹੈ। 15ਪਰ ਲੰਮੇ ਬਾਲ ਹੋਣਾ ਔਰਤ ਲਈ ਮਾਣ ਵਾਲੀ ਗੱਲ ਹੈ। ਔਰਤ ਨੂੰ ਲੰਮੇ ਬਾਲ ਇਸ ਲਈ ਦਿੱਤੇ ਗਏ ਹਨ ਕਿ ਉਹ ਆਪਣਾ ਸਿਰ ਢੱਕ ਸੱਕੇ। 16ਕੁਝ ਲੋਕ ਫ਼ੇਰ ਵੀ ਇਸ ਬਾਰੇ ਸ਼ਾਇਦ ਵਾਦ-ਵਿਵਾਦ ਕਰਨਾ ਚਾਹੁੰਦੇ ਹੋਣ। ਪਰ ਅਸੀਂ ਅਤੇ ਪਰਮੇਸ਼ੁਰ ਦੀਆਂ ਕਲੀਸਿਯਾਵਾਂ ਉਹ ਪ੍ਰਵਾਨ ਨਹੀਂ ਕਰਦੀਆਂ ਜੋ ਇਹ ਲੋਕ ਕਰ ਰਹੇ ਹਨ। 17ਜਿਹੜੀਆਂ ਗੱਲਾਂ ਹੁਣ ਮੈਂ ਤੁਹਾਨੂੰ ਆਖਦਾ ਹਾਂ ਉਨ੍ਹਾਂ ਲਈ ਮੈਂ ਤੁਹਾਡੀ ਉਸਤਤਿ ਨਹੀਂ ਕਰਦਾ। ਤੁਹਾਡੀਆਂ ਮੁਲਾਕਾਤਾਂ ਤੁਹਾਨੂੰ ਫ਼ਾਇਦੇ ਪਹੁੰਚਾਉਣ ਨਾਲੋਂ ਹਾਨੀ ਦਾ ਕਾਰਣ ਬਣਦੀਆਂ ਹਨ। 18ਮੈਂ ਸੁਣਦਾ ਹਾਂ ਕਿ ਪਹਿਲਾਂ ਜਦੋਂ ਤੁਸੀਂ ਇਕੱਠੇ ਹੋਕੇ ਕਲੀਸਿਯਾ ਵਾਂਗ ਇਕੱਠੇ ਹੁੰਦੇ ਹੋ, ਤੁਹਾਡੇ ਵਿੱਚਕਾਰ ਬਟਵਾਰੇ ਹੁੰਦੇ ਹਨ ਅਤੇ ਕੁਝ ਹੱਦ ਤਾਈਂ ਮੈਂ ਇਸ ਉੱਤੇ ਵਿਸ਼ਵਾਸ ਕਰਦਾ ਹਾਂ। 19ਆਪਣੇ ਵਿੱਚਕਾਰ ਬਟਵਾਰੇ ਹੋਣ ਦਿਉ ਫ਼ੇਰ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਤੁਹਾਡੇ ਵਿੱਚੋਂ ਕਿਹੜੇ ਸੱਚੇ ਨਿਹਚਾਵਾਨ ਹਨ। 20ਜਦੋਂ ਸਾਰੇ ਹੀ ਇਕੱਠੇ ਹੋਕੇ ਆਉਂਦੇ ਹੋ, ਤੁਸੀਂ ਅਸਲ ਵਿੱਚ ਪ੍ਰਭੂ ਦਾ ਰਾਤ ਦਾ ਭੋਜਨ ਨਹੀਂ ਖਾਂਦੇ। 21ਕਿਉਂਕਿ ਜਦੋਂ ਤੁਸੀਂ ਭੋਜਨ ਕਰਦੇ ਹੋ ਹਰ ਵਿਅਕਤੀ ਦੂਸਰੇ ਦਾ ਇੰਤਜ਼ਾਰ ਕੀਤੇ ਬਿਨਾ ਭੋਜਨ ਕਰਦਾ ਹੈ। ਕਈਆਂ ਨੂੰ ਖਾਣ ਲਈ ਪੂਰਾ ਭੋਜਨ ਨਹੀਂ ਮਿਲਦਾ ਜਦੋਂ ਕਿ ਦੂਸਰਿਆਂ ਨੂੰ ਇੰਨਾ ਮਿਲ ਜਾਂਦਾ ਹੈ ਕਿ ਉਹ ਸ਼ਰਾਬੀ ਹੋ ਜਾਂਦੇ ਹਨ। 22ਤੁਸੀਂ ਆਪਣੇ ਘਰਾਂ ਵਿੱਚ ਵੀ ਖਾ ਪੀ ਸੱਕਦੇ ਹੋ। ਇਸ ਤਰ੍ਹਾਂ ਜਾਪਦਾ ਹੈ ਕਿ ਤੁਸੀਂ ਇਹ ਸੋਚਦੇ ਹੋ ਕਿ ਪਰਮੇਸ਼ੁਰ ਦੀ ਕਲੀਸਿਯਾ ਮਹੱਤਵਪੂਰਣ ਨਹੀਂ ਹੈ। ਤੁਸੀਂ ਉਨ੍ਹਾਂ ਗਰੀਬ ਲੋਕਾਂ ਸ਼ਰਮਿੰਦਗੀ ਵਿੱਚ ਪਾ ਦਿੰਦੇ ਹੋ। ਮੈਂ ਤੁਹਾਨੂੰ ਕੀ ਦੱਸਾਂ? ਕੀ ਮੈਂ ਇਸ ਗੱਲੋਂ ਤੁਹਾਡੀ ਪ੍ਰਸ਼ੰਸਾ ਕਰਾਂ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ। 23ਜਿਹੜੇ ਉਪਦੇਸ਼ ਮੈਂ ਤੁਹਾਨੂੰ ਦੇ ਰਿਹਾ ਹਾਂ, ਮੈਂ ਇਹ ਪ੍ਰਭੂ ਤੋਂ ਪ੍ਰਾਪਤ ਕੀਤੇ ਹਨ। ਜਿਸ ਰਾਤ ਯਿਸੂ ਨਾਲ ਧ੍ਰੋਹ ਕੀਤਾ ਗਿਆ ਸੀ, 24ਉਸ ਨੇ ਰੋਟੀ ਲਈ ਪਰਮੇਸ਼ੁਰ ਨੂੰ ਧੰਨਵਾਦ ਕੀਤਾ। ਫ਼ੇਰ ਉਸ ਨੇ ਰੋਟੀ ਨੂੰ ਤੋੜਿਆ ਅਤੇ ਆਖਿਆ, “ਇਹ ਮੇਰਾ ਸਰੀਰ ਹੈ; ਇਹ ਤੁਹਾਡੇ ਲਈ ਹੈ। ਤੁਹਾਨੂੰ ਇਹ ਮੈਨੂੰ ਯਾਦ ਕਰਨ ਲਈ ਕਰਨਾ ਚਾਹੀਦਾ ਹੈ।” 25ਤਾਂ ਉਨ੍ਹਾਂ ਦੇ ਰਾਤ ਦਾ ਭੋਜਨ ਕਰਨ ਤੋਂ ਬਾਦ, ਯਿਸੂ ਨੇ ਦਾਖਰਸ ਦਾ ਪਿਆਲਾ ਲਿਆ ਅਤੇ ਆਖਿਆ, “ਇਹ ਦਾਖਰਸ ਨਵੇਂ ਕਰਾਰ ਨੂੰ ਸੂਚਿਤ ਕਰਦਾ ਹੈ ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਕੀਤਾ। ਇਹ ਨਵਾਂ ਕਰਾਰ ਮੇਰੇ ਲਹੂ ਨਾਲ ਸ਼ੁਰੂ ਹੁੰਦਾ ਹੈ। ਜਦੋਂ ਵੀ ਤੁਸੀਂ ਇਸ ਨੂੰ ਪੀਓ, ਮੈਨੂੰ ਚੇਤੇ ਕਰੋ।” 26ਹਰ ਵਾਰੀ ਜਦੋਂ ਤੁਸੀਂ ਇਹ ਰੋਟੀ ਖਾਂਦੇ ਹੋ ਅਤੇ ਇਹ ਪਿਆਲਾ ਪੀਂਦੇ ਹੋ, ਤੁਸੀਂ ਪ੍ਰਭੂ ਦੀ ਮ੍ਰਿਤੂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹੋ ਜਦੋਂ ਤੱਕ ਉਹ ਨਾ ਆਵੇ। 27ਇਸ ਲਈ ਜੇਕਰ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਪ੍ਰਭੂ ਦੇ ਪਿਆਲੇ ਨੂੰ ਅਯੋਗ ਢੰਗ ਨਾਲ ਪੀਂਦਾ ਹੈ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦੇ ਖਿਲਾਫ਼ ਪਾਪ ਕਰਦਾ ਹੈ। 28ਹਰ ਵਿਅਕਤੀ ਨੂੰ ਆਪਣੇ ਦਿਲ ਅੰਦਰ ਦੇਖਣਾ ਚਾਹੀਦਾ ਹੈ ਇਸਤੋਂ ਪਹਿਲਾਂ ਕਿ ਉਹ ਇਹ ਰੋਟੀ ਖਾਵੇ ਅਤੇ ਇਹ ਪਿਆਲਾ ਪੀਵੇ। 29ਜੇ ਇੱਕ ਵਿਅਕਤੀ ਇਹ ਰੋਟੀ ਖਾਂਦਾ ਹੈ ਅਤੇ ਇਸ ਪਿਆਲੇ ਵਿੱਚੋਂ ਸਰੀਰ ਨੂੰ ਮਹਿਸੂਸ ਕੀਤੇ ਬਿਨਾ ਪੀਂਦਾ ਹੈ, ਫ਼ੇਰ ਉਹ ਖਾਣ ਅਤੇ ਪੀਣ ਵਿੱਚ ਦੋਸ਼ੀ ਪਰੱਖਿਆ ਜਾਵੇਗਾ। 30ਇਹੀ ਕਾਰਣ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਕਮਜ਼ੋਰ ਅਤੇ ਬਿਮਾਰ ਹਨ। ਅਤੇ ਬਹੁਤ ਸਾਰੇ ਮਰ ਚੁੱਕੇ ਹਨ। 31ਪਰ ਜੇਕਰ ਅਸੀਂ ਸਹੀ ਢੰਗ ਨਾਲ ਆਪਣੇ ਆਪ ਨੂੰ ਪਰੱਖਿਆ ਹੁੰਦਾ, ਤਾਂ ਪਰਮੇਸ਼ੁਰ ਸਾਨੂੰ ਨਹੀਂ ਪਰੱਖੇਗਾ। 32ਪਰ ਜਦੋਂ ਪ੍ਰਭੂ ਸਾਡਾ ਨਿਆਂ ਕਰਦਾ ਹੈ, ਉਹ ਸਾਨੂੰ ਅਨੁਸ਼ਾਸਿਤ ਕਰਦਾ ਹੈ ਤਾਂ ਜੋ ਅਸੀਂ ਸਹੀ ਰਸਤੇ ਉੱਤੇ ਚੱਲ ਸੱਕੀਏ। ਉਹ ਅਜਿਹਾ ਇਸ ਲਈ ਕਰਦਾ ਹੈ ਤਾਂ ਜੋ ਅਸੀਂ ਦੁਨੀਆਂ ਦੇ ਹੋਰਨਾਂ ਲੋਕਾਂ ਵਾਂਗ ਨਾ ਨਿੰਦੇ ਜਾਈਏ। 33ਇਸ ਲਈ ਮੇਰੇ ਭਰਾਵੋ ਅਤੇ ਭੈਣੋ ਜਦੋਂ ਤੁਸੀਂ ਭੋਜਨ ਕਰਨ ਲਈ ਇਕੱਠੇ ਹੁੰਦੇ ਹੋ, ਇੱਕ ਦੂਸਰੇ ਦਾ ਇੰਤਜ਼ਾਰ ਕਰੋ। 34ਜੇ ਕੋਈ ਵਿਅਕਤੀ ਬਹੁਤ ਹੀ ਭੁੱਖਾ ਹੈ ਤਾਂ ਉਸ ਨੂੰ ਘਰ ਵਿੱਚ ਭੋਜਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਇਹ ਕਰੋਂਗੇ, ਫ਼ੇਰ ਜਦੋਂ ਤੁਸੀਂ ਇਕੱਠੇ ਆਵੋਂਗੇ, ਤੁਸੀਂ ਆਪਣੇ ਉੱਤੇ ਪਰਮੇਸ਼ੁਰ ਦਾ ਨਿਆਂ ਨਹੀਂ ਲਿਆਵੋਂਗੇ। ਜਦੋਂ ਮੈਂ ਆਵਾਂਗਾ, ਮੈਂ ਤੁਹਾਨੂੰ ਹੋਰਨਾ ਮਾਮਲਿਆਂ ਬਾਰੇ ਹਿਦਾਇਤਾਂ ਦੇਵਾਂਗਾ।


Copyrighted Material
Learn More

will be added

X\