1 ਕੁਰਿੰਥੀਆਂ ਨੂੰ 2

1ਪਿਆਰੇ ਭਰਾਵੋ ਅਤੇ ਭੈਣੋ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੈਂ ਤੁਹਾਨੂੰ ਪਰਮੇਸ਼ੁਰ ਦੇ ਸੱਚ ਬਾਰੇ ਦੱਸਿਆ ਸੀ। ਪਰ ਉਸ ਲਈ ਮੈਂ ਨਾ ਤਾਂ ਚੰਗੇ ਵਕਤਾਂ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਮਹਾਨ ਸੂਝ ਦੀ ਵਰਤੋਂ ਕੀਤੀ ਹੈ। 2ਮੈਂ ਇਹ ਫ਼ੈਸਲਾ ਕਰ ਲਿਆ ਸੀ। ਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤਾਂ ਮੈ ਯਿਸੂ ਮਸੀਹ ਅਤੇ ਉਸਦੀ ਸਲੀਬ ਉੱਤੇ ਮ੍ਰਿਤੂ ਤੋਂ ਅਲਾਵਾ ਹਰ ਗੱਲ ਭੁੱਲ ਜਾਵਾਂਗਾ। 3ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਨਿਰਬਲ ਸਾਂ ਅਤੇ ਡਰ ਨਾਲ ਕੰਬ ਰਿਹਾ ਸਾਂ। 4ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ। 5ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਹਾਡਾ ਕਿਸੇ ਮਨੁੱਖ ਦੀ ਸੂਝ ਵਿੱਚ ਨਹੀਂ ਸਗੋਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਸ਼ਚਾ ਹੋਵੇ। 6ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ। 7ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸ ਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ। 8ਇਸ ਦੁਨੀਆਂ ਦੇ ਹਾਕਮਾਂ ਵਿੱਚੋਂ ਕਿਸੇ ਨੇ ਵੀ ਇਸ ਸਿਆਣਪ ਨੂੰ ਨਹੀਂ ਸਮਝਿਆ। ਜੇ ਉਹ ਸਮਝ ਗਏ ਹੁੰਦੇ ਉਨ੍ਹਾਂ ਨੇ ਗੌਰਵਸ਼ਾਲੀ ਪ੍ਰਭੂ ਨੂੰ ਸਲੀਬ ਉੱਪਰ ਨਹੀਂ ਸੀ ਲਟਕਾਉਣਾ। 9ਪਰ ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੈ; “ਕਿਸੇ ਅੱਖ ਨੇ ਨਹੀਂ ਦੇਖਿਆ, ਕਿਸੇ ਕੰਨ ਨੇ ਨਹੀਂ ਸੁਣਿਆ, ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਕਿ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਕੀ ਕੁਝ ਤਿਆਰ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।” 10ਪਰੰਤੂ ਪਰਮੇਸ਼ੁਰ ਨੇ ਸਾਨੂੰ ਇਹ ਗੱਲਾਂ ਆਤਮਾ ਰਾਹੀਂ ਸਮਝਾਈਆਂ ਹਨ। ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ, ਪਰਮੇਸ਼ੁਰ ਦੇ ਗੁਪਤ ਭੇਤਾਂ ਨੂੰ ਵੀ। 11ਇਹ ਇਸ ਤਰ੍ਹਾਂ ਹੈ। ਕੋਈ ਵਿਅਕਤੀ ਵੀ ਕਿਸੇ ਹੋਰ ਦੇ ਵਿੱਚਾਰਾਂ ਨੂੰ ਨਹੀਂ ਜਾਣਦਾ ਇੱਕ ਆਦਮੀ ਅੰਦਰ ਸਿਰਫ਼ ਆਤਮਾ ਹੀ ਉਸ ਦੀਆਂ ਸੋਚਾਂ ਬਾਰੇ ਜਾਣਦਾ ਹੈ। ਪਰਮੇਸ਼ੁਰ ਬਾਰੇ ਵੀ ਇਵੇਂ ਹੀ ਹੈ। ਕੋਈ ਵੀ ਪਰਮੇਸ਼ੁਰ ਦੇ ਵਿੱਚਾਰਾਂ ਦੀ ਜਾਣਕਾਰੀ ਨਹੀਂ ਰੱਖਦਾ। ਕੇਵਲ ਪਰਮੇਸ਼ੁਰ ਦੀ ਆਤਮਾ ਹੀ ਉਨ੍ਹਾਂ ਵਿੱਚਾਰਾਂ ਨੂੰ ਜਾਣਦਾ ਹੈ। 12ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਇਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸੱਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ। 13ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿੱਖਾਏ ਗਏ ਹਨ। ਆਤਮਕ ਚੀਜ਼ਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ। 14ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ। 15ਪਰੰਤੂ ਆਤਮਕ ਵਿਅਕਤੀ ਹਰ ਤਰ੍ਹਾਂ ਦੀਆਂ ਗੱਲਾਂ ਬਾਰੇ ਨਿਆਂੇ ਕਰਨ ਦੇ ਸਮਰਥ ਹੁੰਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, ਦੂਸਰੇ ਵਿਅਕਤੀ ਅਜਿਹੇ ਵਿਅਕਤੀ ਨੂੰ ਨਹੀਂ ਪਰੱਖ ਸੱਕਦੇ। 16“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ? ਕੌਣ ਪ੍ਰਭੂ ਨੂੰ ਦੱਸ ਸੱਕਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ?” ਪਰ ਤੁਹਾਡੇ ਲਈ, ਤੁਹਾਡੇ ਕੋਲ ਮਸੀਹ ਦਾ ਮਨ ਹੈ।


Copyrighted Material
Learn More

will be added

X\