1 ਕੁਰਿੰਥੀਆਂ ਨੂੰ 7

1ਹੁਣ ਮੈਂ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰਾਂਗਾ ਜਿਹੜੀਆਂ ਮੈਨੂੰ ਲਿਖੀਆਂ ਗਈਆਂ ਸਨ। ਇਹ ਕਿਸੇ ਵਿਅਕਤੀ ਲਈ ਚੰਗਾ ਹੋਵੇਗਾ ਜੇ ਉਹ ਵਿਆਹ ਨਾ ਕਰੇ। 2ਪਰ ਉੱਥੇ ਜਿਨਸੀ ਪਾਪ ਕਰਨ ਦਾ ਖਤਰਾ ਹੈ। ਇਸ ਲਈ ਹਰ ਮਨੁੱਖ ਦੀ ਆਪਣੀ ਪਤਨੀ ਹੋਣੀ ਚਾਹੀਦੀ ਹੈ। ਅਤੇ ਹਰ ਔਰਤ ਦਾ ਆਪਣੇ ਪਤੀ ਹੋਣਾ ਚਾਹੀਦਾ ਹੈ। 3ਪਤੀ ਨੂੰ ਆਪਣੀ ਪਤਨੀ ਨੂੰ ਉਹ ਸਭ ਕੁਝ ਦੇਣਾ ਚਾਹੀਦਾ ਹੈ ਜਿਸ ਨੂੰ ਪ੍ਰਾਪਤ ਕਰਨ ਦੀ ਉਹ ਹੱਕਦਾਰ ਹੈ, ਅਤੇ ਪਤੀ ਨੂੰ ਆਪਣੇ ਪਤਨੀ ਨੂੰ ਉਹ ਦੇਣਾ ਚਾਹੀਦਾ ਹੈ ਜਿਸ ਨੂੰ ਪ੍ਰਾਪਤ ਕਰਨ ਦਾ ਉਹ ਹੱਕਦਾਰ ਹੈ। 4ਇੱਕ ਪਤਨੀ ਦਾ ਆਪਣੇ ਸਰੀਰ ਉੱਪਰ ਕੋਈ ਇਖਤਿਆਰ ਨਹੀਂ ਹੈ। ਜਦਕਿ ਉਸ ਦੇ ਪਤੀ ਨੂੰ ਉਸ ਦੇ ਸਰੀਰ ਉੱਪਰ ਇਖਤਿਆਰ ਹੈ। ਇਸੇ ਤਰ੍ਹਾਂ ਹੀ, ਇੱਕ ਪਤੀ ਦਾ ਆਪਣੇ ਸਰੀਰ ਉੱਪਰ ਕੋਈ ਇਖਤਿਆਰ ਨਹੀਂ ਜਦਕਿ ਉਸਦੀ ਪਤਨੀ ਨੂੰ ਉਸ ਦੇ ਸਰੀਰ ਉੱਤੇ ਇਖਤਿਆਰ ਹੈ। 5ਆਪੋ ਆਪਣੇ ਸਰੀਰਾਂ ਨੂੰ ਇੱਕ ਦੂਸਰੇ ਨੂੰ ਦੇਣ ਤੋਂ ਇਨਕਾਰੀ ਨਾ ਹੋਵੋ। ਪਰ ਤੁਸੀਂ ਦੋਵੇਂ ਕੁਝ ਅਰਸੇ ਲਈ ਇੱਕ ਦੂਸਰੇ ਤੋਂ ਦੂਰ ਰਹਿਣ ਲਈ ਰਜ਼ਾਮੰਦ ਹੋ ਸੱਕਦੇ ਹੋ। ਤੁਸੀਂ ਅਜਿਹਾ ਕਰ ਸੱਕਦੇ ਹੋ ਤਾਂ ਜੋ ਤੁਸੀਂ ਆਪਣਾ ਸਮਾਂ ਪ੍ਰਾਰਥਨਾ ਲਈ ਅਰਪਿਤ ਕਰ ਸੱਕੋ, ਫ਼ੇਰ ਦੁਬਾਰਾ ਇਕੱਠੇ ਹੋ ਜਾਉ। ਫ਼ੇਰ ਸੈਤਾਨ ਨੂੰ ਤੁਹਾਡੀ ਕਮਜ਼ੋਰੀ ਕਾਰਣ ਤੁਹਾਨੂੰ ਉਕਸਾਉਣ ਦਾ ਕੋਈ ਅਵਸਰ ਨਹੀਂ ਮਿਲੇਗਾ। 6ਮੈਂ ਅਜਿਹਾ ਇਸ ਲਈ ਆਖ ਰਿਹਾ ਹਾਂ ਤਾਂ ਜੋ ਤੁਹਾਨੂੰ ਥੋੜੇ ਸਮੇਂ ਲਈ ਵੱਖ ਹੋਣ ਦੀ ਇਜਾਜ਼ਤ ਦੇ ਦਿਆਂ। ਇਹ ਕੋਈ ਹੁਕਮ ਨਹੀਂ ਹੈ। 7ਮੈਂ ਚਾਹੁੰਦਾ ਹਾਂ ਕਿ ਸਭ ਲੋਕ ਮੇਰੇ ਜਿਹੇ ਹੋਣ। ਪਰ ਹਰ ਇੱਕ ਵਿਅਕਤੀ ਨੂੰ ਪਰਮੇਸ਼ੁਰ ਤੋਂ ਆਪਣੀ ਦਾਤ ਮਿਲੀ ਹੋਈ ਹੈ। ਕਿਸੇ ਵਿਅਕਤੀ ਨੂੰ ਇੱਕ ਦਾਤ ਮਿਲੀ ਹੋਈ ਹੈ ਕਿਸੇ ਨੂੰ ਦੂਸਰੀ। 8ਹੁਣ ਇਹੀ ਹੈ, ਜੋ ਮੈਂ ਉਨ੍ਹਾਂ ਲੋਕਾਂ ਨੂੰ ਆਖਣਾ ਚਾਹੁੰਦਾ ਹਾਂ, ਜੋ ਕੁਆਰੇ ਹਨ ਅਤੇ ਵਿਧਵਾਵਾਂ ਲਈ ਵੀ; ਇਹ ਚੰਗਾ ਹੈ ਕਿ ਉਹ ਮੇਰੇ ਵਾਂਗ ਇੱਕਲੇ ਰਹਿਣ। 9ਪਰ ਜੇਕਰ ਉਹ ਆਪਣੀਆਂ ਇੱਛਾਵਾਂ ਉੱਤੇ ਕਾਬੂ ਨਹੀਂ ਰੱਖ ਸੱਕਦੇ, ਤਾਂ ਉਨ੍ਹਾਂ ਨੂੰ ਵਿਆਹ ਕਰਵਾ ਲੈਣ ਦਿਉ। ਕਾਮਨਾ ਦੀ ਅੱਗ ਵਿੱਚ ਸੜਨ ਨਾਲੋਂ ਵਿਆਹ ਕਰਵਾ ਲੈਣਾ ਬਿਹਤਰ ਹੈ। 10ਹੁਣ ਮੈਂ ਵਿਆਹੇ ਲੋਕਾਂ ਨੂੰ ਹੁਕਮ ਦਿੰਦਾ ਹਾਂ। ਇਹ ਹੁਕਮ ਮੇਰੇ ਵੱਲੋਂ ਨਹੀਂ ਹੈ ਇਹ ਪ੍ਰਭੂ ਵੱਲੋਂ ਹੈ। ਕਿਸੇ ਪਤਨੀ ਨੂੰ ਆਪਣੇ ਪਤੀ ਨੂੰ ਛੱਡਣਾ ਨਹੀਂ ਚਾਹੀਦਾ। 11ਪਰ ਜੋ ਪਤਨੀ ਆਪਣੇ ਪਤੀ ਨੂੰ ਛੱਡ ਦਿੰਦੀ ਹੈ ਤਾਂ ਉਸ ਨੂੰ ਦੋਬਾਰਾ ਵਿਆਹ ਨਹੀਂ ਕਰਵਾਉਣਾ ਚਾਹੀਦਾ। ਜਾਂ ਉਸ ਨੂੰ ਆਪਣੇ ਪਤੀ ਵੱਲ ਵਾਪਿਸ ਪਰਤ ਜਾਣਾ ਚਾਹੀਦਾ ਹੈ। ਇਹ ਵੀ ਹੈ ਕਿ ਪਤੀ ਨੂੰ ਆਪਣੀ ਪਤਨੀ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 12ਹੋਰਨਾ ਸਾਰੇ ਲੋਕਾਂ ਲਈ ਮੈਂ ਇਹ ਕਹਿੰਦਾ ਮੈਂ ਹਾਂ ਜੋ ਇਹ ਗੱਲਾਂ ਆਖਦਾ ਹਾਂ, ਪ੍ਰਭੂ ਨਹੀਂ। ਈਸਾਈ ਅਜਿਹੀ ਪਤਨੀ ਰੱਖ ਸੱਕਦਾ ਹੈ ਜੋ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਦੇ ਨਾਲ ਰਹਿਣ ਦੀ ਇੱਛੁਕ ਹੈ, ਤਾਂ ਆਦਮੀ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 13ਅਤੇ ਕੋਈ ਔਰਤ ਕਿਸੇ ਅਜਿਹੇ ਪਤੀ ਨਾਲ ਵਿਆਹ ਕਰ ਸੱਕਦੀ ਹੈ ਜਿਹੜਾ ਵਿਸ਼ਵਾਸੀ ਨਹੀਂ ਹੈ। ਅਤੇ ਜੇਕਰ ਉਹ ਉਸ ਨਾਲ ਰਹਿਣ ਦਾ ਇਛੁਕ ਹੈ, ਤਾਂ ਔਰਤ ਨੂੰ ਉਸ ਨੂੰ ਤਲਾਕ ਨਹੀਂ ਦੇਣਾ ਚਾਹੀਦਾ। 14ਇੱਕ ਪਤੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਆਪਣੀ ਪਤਨੀ ਰਾਹੀਂ ਪਵਿੱਤਰ ਬਣਾਇਆ ਜਾਂਦਾ ਹੈ। ਅਤੇ ਇੱਕ ਪਤਨੀ ਜੋ ਕਿ ਵਿਸ਼ਵਾਸੀ ਨਹੀਂ ਹੈ ਆਪਣੇ ਪਤੀ ਰਾਹੀਂ ਪਵਿੱਤਰ ਬਣਾਈ ਜਾਂਦੀ ਹੈ। ਜੇ ਇਹ ਸੱਚ ਨਾ ਹੁੰਦਾ, ਫ਼ੇਰ ਤੁਹਾਡੇ ਬੱਚੇ ਅਸ਼ੁੱਧ ਹੁੰਦੇ। ਪਰ ਹੁਣ ਤੁਹਾਡੇ ਬੱਚੇ ਸ਼ੁੱਧ ਹਨ। 15ਪਰ ਜੇ ਇੱਕ ਪਤੀ ਜਾਂ ਪਤਨੀ, ਜੋ ਕਿ ਵਿਸ਼ਵਾਸੀ ਨਹੀਂ ਹੈ, ਵੱਖ ਹੋਣ ਦਾ ਫ਼ੈਸਲਾ ਕਰ ਲੈਂਦਾ ਹੈ ਤਾਂ ਉਸ ਆਦਮੀ ਜਾਂ ਔਰਤ ਨੂੰ ਜਾਣ ਦਿਉ। ਜੇਕਰ ਅਜਿਹੀ ਗੱਲ ਵਾਪਰਦੀ ਹੈ, ਫ਼ੇਰ ਮਸੀਹ ਵਿੱਚ ਇੱਕ ਭਰਾ ਜਾਂ ਭੈਣ ਸੁਤੰਤਰ ਹੈ। ਪਰਮੇਸ਼ੁਰ ਨੇ ਸਾਨੂੰ ਸ਼ਾਂਤੀ ਵਿੱਚ ਰਹਿਣ ਲਈ ਸੱਦਿਆ। 16ਪਤਨੀਉ, ਸ਼ਾਇਦ ਤੁਸੀਂ ਆਪਣੇ ਪਤੀਆਂ ਨੂੰ ਬਚਾ ਲਵੋ, ਅਤੇ ਪਤੀਓ ਸ਼ਾਇਦ ਤੁਸੀਂ ਆਪਣੀਆਂ ਪਤਨੀਆਂ ਨੂੰ ਬਚਾ ਲਵੋ। ਇਸ ਦਾ ਹੁਣ ਭਾਵੇ ਤੁਹਾਨੂੰ ਪਤਾ ਨਾ ਹੋਵੇ ਕਿ ਬਾਦ ਵਿੱਚ ਕੀ ਵਾਪਰੇਗਾ। 17ਪਰ ਹਰ ਮਨੁੱਖ ਨੂੰ ਉਸੇ ਦਸ਼ਾ ਅਨੁਸਾਰ ਰਹਿਣਾ ਚਾਹੀਦਾ ਹੈ ਜਿਸ ਤੇ ਪਰਮੇਸ਼ੁਰ ਨੇ ਉਸ ਨੂੰ ਜਿਉਣ ਲਈ ਨਿਯੁਕਤ ਕੀਤਾ ਹੈ। ਇਸਦਾ ਭਾਵ ਇਹ ਹੈ ਕਿ ਉਸ ਨੂੰ ਉਸੇ ਦਸ਼ਾ ਵਿੱਚ ਜਿਉਣਾ ਚਾਹੀਦਾ ਹੈ ਜਿਸ ਦਸ਼ਾ ਵਿੱਚ, ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ। ਇਹੀ ਉਹ ਅਸੂਲ ਹੈ ਜਿਹੜਾ ਮੈਂ ਸਾਰੀਆਂ ਕਲੀਸਿਯਾਵਾਂ ਵਿੱਚ ਬਣਾਇਆ ਹੈ। 18ਜੇ ਇੱਕ ਆਦਮੀ ਦੀ ਉਦੋਂ ਸੁੰਨਤ ਨਹੀਂ ਹੋਈ ਸੀ, ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਤਾ ਉਸਦੀ ਸੁੰਨਤ ਨਹੀਂ ਹੋਣੀ ਚਾਹੀਦੀ। ਜੇ ਕਿਸੇ ਬੰਦੇ ਦੀ ਬੁਲਾਵੇ ਸਮੇਂ ਸੁੰਨਤ ਨਹੀਂ ਹੋਈ ਤਾਂ ਉਸਦੀ ਸੁੰਨਤ ਨਹੀਂ ਕਰਨੀ ਚਾਹੀਦੀ। 19ਇਸ ਗੱਲ ਦਾ ਕੋਈ ਮਹੱਤਵ ਨਹੀਂ ਕਿ ਕਿਸੇ ਬੰਦੇ ਦੀ ਸੁੰਨਤ ਹੋਈ ਹੈ ਜਾਂ ਨਹੀਂ। ਮਹੱਤਵਪੂਰਣ ਗੱਲ ਤਾਂ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਹੈ। 20ਹਰ ਬੰਦੇ ਨੂੰ ਉਵੇਂ ਹੀ ਰਹਿਣਾ ਚਾਹੀਦਾ ਹੈ ਜਿਵੇਂ ਉਸ ਨੂੰ ਪਰਮੇਸ਼ੁਰ ਦਾ ਬੁਲਾਵਾ ਮਿਲਿਆ ਹੈ। 21ਜੇ ਤੁਸੀਂ ਪਰਮੇਸ਼ੁਰ ਦੇ ਬੁਲਾਵੇ ਸਮੇਂ ਗੁਲਾਮ ਸੀ ਤਾਂ ਇਸ ਗੱਲ ਦੀ ਚਿੰਤਾ ਨਾ ਕਰੋ, ਪਰ ਜੇ ਤੁਸੀਂ ਸੁਤੰਤਰ ਹੋ ਸੱਕਦੇ ਹੋ, ਤਾਂ ਸੁਤੰਤਰ ਰਹੋ। 22ਜਿਹੜਾ ਬੰਦਾ ਉਦੋਂ ਗੁਲਾਮ ਸੀ ਜਦੋਂ ਪ੍ਰਭੂ ਨੇ ਉਸ ਨੂੰ ਬੁਲਾਇਆ ਸੀ ਉਹ ਹੁਣ ਪ੍ਰਭੂ ਵਿੱਚ ਆਜ਼ਾਦ ਹੈ। ਇਸੇ ਢੰਗ ਨਾਲ ਹੀ, ਜਿਹੜਾ ਬੰਦਾ ਉਦੋਂ ਆਜ਼ਾਦ ਸੀ ਜਦੋਂ ਪਰਮੇਸ਼ੁਰ ਨੇ ਉਸ ਨੂੰ ਬੁਲਾਇਆ ਸੀ, ਹੁਣ ਮਸੀਹ ਦਾ ਇੱਕ ਗੁਲਾਮ ਹੈ। 23ਤੁਸਾਂ ਲੋਕਾਂ ਨੂੰ ਇੱਕ ਵੱਡਾ ਮੁੱਲ ਤਾਰ ਕੇ ਖਰੀਦਿਆ ਗਿਆ ਸੀ। ਇਸ ਲਈ ਮਨੁੱਖਾਂ ਦੇ ਗੁਲਾਮ ਨਾ ਬਣੋ। 24ਭਰਾਵੋ ਅਤੇ ਭੈਣੋ, ਪਰਮੇਸ਼ੁਰ ਨਾਲ ਆਪਣੀ ਨਵੀਂ ਜ਼ਿੰਦਗੀ, ਜਿਸ ਢੰਗ ਵਿੱਚ ਵੀ ਤੁਸੀਂ ਉਦੋਂ ਰਹਿ ਰਹੇ ਸੀ, ਜਦੋਂ ਪਰਮੇਸ਼ੁਰ ਨੇ ਤੁਹਾਨੂੰ ਸੱਦਿਆ ਸੀ, ਉਸੇ ਢੰਗ ਵਿੱਚ ਜੀਵੋ। 25ਹੁਣ ਮੈਂ ਉਨ੍ਹਾਂ ਲੋਕਾਂ ਬਾਰੇ ਲਿਖਦਾ ਹਾਂ ਜਿਹੜੇ ਵਿਆਹੇ ਹੋਏ ਨਹੀਂ ਹਨ। ਇਸ ਬਾਰੇ ਮੇਰੇ ਕੋਲ ਪ੍ਰਭੂ ਵੱਲੋਂ ਹੁਕਮ ਨਹੀਂ ਹੈ। ਪਰ ਮੈਂ ਆਪਣੀ ਰਾਇ ਦਿੰਦਾ ਹਾਂ। ਤੁਸੀਂ ਮੇਰੇ ਵਿੱਚ ਭਰੋਸਾ ਰੱਖ ਸੱਕਦੇ ਹੋ ਕਿਉਂਕਿ ਪ੍ਰਭੂ ਮੇਰੇ ਉੱਤੇ ਮਿਹਰਬਾਨ ਸੀ। 26ਇਹ ਮੁਸ਼ਕਿਲਾਂ ਭਰਿਆ ਸਮਾਂ ਹੈ। ਇਸ ਲਈ ਮੇਰੇ ਵਿੱਚਾਰ ਵਿੱਚ ਤੁਹਾਡੇ ਲਈ ਜਿਵੇਂ ਹੋ, ਉਵੇਂ ਹੀ ਰਹਿਣਾ ਚੰਗਾ ਹੈ। 27ਪਰ ਜੇਕਰ ਤੁਹਾਡੀ ਪਤਨੀ ਹੈ, ਤਾਂ ਉਸ ਕੋਲੋਂ ਆਪਣੇ ਆਪ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾ ਕਰੋ। ਜੇ ਤੁਸੀਂ ਆਪਣੇ ਆਪ ਨੂੰ ਪਤਨੀ ਤੋਂ ਆਜ਼ਾਦ ਕਰ ਲਿਆ ਹੈ, ਤਾਂ ਫ਼ੇਰ ਪਤਨੀ ਤਲਾਸ਼ ਕਰਨ ਦੀ ਕੋਸ਼ਿਸ਼ ਨਾ ਕਰੋ। 28ਪਰ ਜੇ ਤੁਸੀਂ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ, ਤਾਂ ਇਹ ਕੋਈ ਪਾਪ ਨਹੀਂ। ਅਤੇ ਜੇਕਰ ਇੱਕ ਅਣਵਿਆਹੀ ਕੁੜੀ ਵਿਆਹ ਕਰਾਉਂਦੀ ਹੈ, ਉਹ ਵੀ ਕੋਈ ਪਾਪ ਨਹੀਂ। ਪਰ ਜਿਹੜੇ ਮਨੁੱਖ ਵਿਆਹ ਕਰਵਾਉਂਦੇ ਹਨ ਉਨ੍ਹਾਂ ਨੂੰ ਇਸ ਜੀਵਨ ਵਿੱਚ ਮੁਸ਼ਕਿਲਾਂ ਪੇਸ਼ ਆਉਣਗੀਆਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਮੁਸ਼ਕਿਲਾਂ ਤੋਂ ਆਜ਼ਾਦ ਰਹੋ। 29ਭਰਾਵੋ ਅਤੇ ਭੈਣੋ ਮੇਰਾ ਮਤਲਬ ਇਹ ਹੈ। ਸਾਡੇ ਕੋਲ ਬਹੁਤਾ ਸਮਾਂ ਨਹੀਂ ਬਚਿਆ। ਇਸ ਲਈ ਹੁਣ ਤੋਂ ਸ਼ੁਰੂ ਕਰਦਿਆਂ ਵਿਆਹੇ ਹੋਏ ਵਿਅਕਤੀਆਂ ਨੂੰ ਆਪਣਾ ਸਮਾਂ ਇਸ ਤਰ੍ਹਾਂ ਗੁਜ਼ਾਰਨਾ ਚਾਹੀਦਾ ਹੈ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਾ ਹੋਣ। 30ਜਿਹੜੇ ਲੋਕ ਉਦਾਸ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਉਦਾਸ ਨਹੀਂ ਹਨ। ਜਿਹੜੇ ਵਿਅਕਤੀ ਖੁਸ਼ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਹ ਖੁਸ਼ ਨਹੀਂ ਹਨ। ਜਿਹੜੇ ਲੋਕ ਚੀਜ਼ਾਂ ਖਰੀਦਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਕੋਲ ਕੁਝ ਵੀ ਨਹੀਂ। 31ਜਿਹੜੇ ਵਿਅਕਤੀ ਦੁਨਿਆਵੀ ਚੀਜ਼ਾਂ ਇਸਤੇਮਾਲ ਕਰਦੇ ਹਨ ਉਨ੍ਹਾਂ ਨੂੰ ਇਸ ਤਰ੍ਹਾਂ ਰਹਿਣਾ ਚਾਹੀਦਾ ਹੈ, ਜਿਵੇਂ ਇਨ੍ਹਾਂ ਚੀਜ਼ਾਂ ਦਾ ਉਨ੍ਹਾਂ ਲਈ ਕੋਈ ਮਹੱਤਵ ਨਹੀਂ। ਤੁਹਾਨੂੰ ਇਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਕਿਉਂ ਜੋ ਇਹ ਦੁਨੀਆਂ ਵਿੱਚ ਹੁਣ ਹੈ ਛੇਤੀ ਹੀ ਅਲੋਪ ਹੋ ਜਾਵੇਗਾ। 32ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਹੋਵੋ। ਇੱਕ ਅਣਵਿਆਹਿਆ ਵਿਅਕਤੀ ਪ੍ਰਭੂ ਦੇ ਕੰਮ ਵਿੱਚ ਰੁੱਝਿਆ ਰਹਿੰਦਾ ਹੈ। ਉਸਦਾ ਉਦੇਸ਼ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ। 33ਪਰ ਜਿਹੜਾ ਵਿਅਕਤੀ ਵਿਆਹਿਆ ਹੋਇਆ ਹੈ ਉਹ ਦੁਨਿਆਵੀ ਗੱਲਾਂ ਵਿੱਚ ਰੁੱਝਿਆ ਰਹਿੰਦਾ ਹੈ। ਉਹ ਆਪਣੀ ਪਤਨੀ ਨੂੰ ਖੁਸ਼ ਕਰਨ ਵਿੱਚ ਲੱਗਿਆ ਰਹਿੰਦਾ ਹੈ। 34ਉਸ ਨੂੰ ਦੋ ਗੱਲਾਂ ਬਾਰੇ ਸੋਚਣਾ ਚਾਹੀਦਾ ਹੈ: ਆਪਣੀ ਪਤਨੀ ਨੂੰ ਪ੍ਰਸੰਨ ਕਰਨਾ ਅਤੇ ਪ੍ਰਭੂ ਨੂੰ ਵੀ। ਇੱਕ ਅਣਵਿਆਹੀ ਔਰਤ ਜਾਂ ਇੱਕ ਕੁਆਰੀ ਕੁੜੀ, ਪ੍ਰਭੂ ਦੇ ਕੰਮ ਵਿੱਚ ਰੁੱਝੀ ਰਹਿੰਦੀ ਹੈ। ਉਹ ਆਪਣਾ ਸਰੀਰ ਅਤੇ ਆਤਮਾ ਸੰਪੂਰਣ ਤੌਰ ਤੇ ਪ੍ਰਭੂ ਦੇ ਅਰਪਨ ਕਰਨਾ ਚਾਹੁੰਦੀ ਹੈ। ਪਰ ਇੱਕ ਵਿਆਹੀ ਹੋਈ ਔਰਤ ਦੁਨਿਆਵੀ ਗੱਲਾਂ ਵਿੱਚ ਰੁਝੀ ਰਹਿੰਦੀ ਹੈ ਉਹ ਆਪਣੇ ਪਤੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। 35ਮੈਂ ਇਹ ਗੱਲਾਂ ਤੁਹਾਡੀ ਸਹਾਇਤਾ ਕਰਨ ਲਈ ਆਖ ਰਿਹਾ ਹਾਂ। ਮੈਂ ਤੁਹਾਨੂੰ ਕਿਸੇ ਸੀਮਾ ਵਿੱਚ ਬੰਨ੍ਹਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਠੀਕ ਢੰਗ ਨਾਲ ਜੀਓ। ਮੈਂ ਆਸ਼ਾ ਕਰਦਾ ਹਾਂ ਤੁਸੀਂ ਆਪਣਾ ਸੰਪੂਰਣ ਆਪਾ, ਹੋਰਨਾਂ ਗੱਲਾਂ ਵਿੱਚ ਬਤੀਤ ਕੀਤੇ ਬਿਨਾ, ਪ੍ਰਭੂ ਨੂੰ ਅਰਪਨ ਕਰ ਦਿਉ। 36ਕੋਈ ਵਿਅਕਤੀ ਭਾਵੇਂ ਇਹ ਸੋਚ ਸੱਕਦਾ ਹੈ ਕਿ ਉਹ ਠੀਕ ਨਹੀਂ ਕਰ ਰਿਹਾ, ਜਦੋਂ ਕਿ ਉਸਦੀ ਕੁਆਰੀ ਕੁੜੀ ਦੀ ਵਿਆਹ ਦੀ ਉਮਰ ਲਗਭਗ ਲੰਘ ਚੁੱਕੀ ਹੋਵੇ। ਇਸ ਲਈ ਉਹ ਸੋਚ ਸੱਕਦਾ ਹੈ ਕਿ ਵਿਆਹ ਜ਼ਰੂਰੀ ਹੈ। ਉਸ ਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਹ ਚਾਹੁੰਦਾ ਹੈ। ਉਸ ਨੂੰ ਉਸਦਾ ਵਿਆਹ ਕਰਵਾ ਦੇਣਾ ਚਾਹੀਦਾ ਹੈ। ਉਹ ਗੁਨਾਹ ਨਹੀਂ ਹੈ। 37ਪਰ ਜੇਕਰ ਕਿਸੇ ਦੂਸਰੇ ਵਿਅਕਤੀ ਨੇ ਆਪਣੇ ਮਨ ਵਿੱਚ ਦ੍ਰਿੜ੍ਹਤਾ ਨਾਲ ਨਿਸ਼ਚਾ ਕੀਤਾ ਹੈ ਕਿ ਵਿਆਹ ਦੀ ਕੋਈ ਜ਼ਰੂਰਤ ਨਹੀਂ ਹੈ, ਤਾਂ ਉਹ, ਜੋ ਵੀ ਚਾਹੁੰਦਾ ਹੈ, ਕਰਨ ਵਾਸਤੇ ਸੁਤੰਤਰ ਹੈ। ਜੇਕਰ ਉਹ ਵਿਅਕਤੀ ਆਪਣੇ ਮਨ ਵਿੱਚ ਨਿਸ਼ਚਾ ਕਰਦਾ ਹੈ ਕਿ ਉਹ ਆਪਣੀ ਧੀ ਦਾ ਵਿਆਹ ਨਹੀਂ ਕਰੇਗਾ, ਤਾਂ ਉਹ ਇੱਕ ਸਹੀ ਗੱਲ ਕਰ ਰਿਹਾ ਹੈ। 38ਇਸ ਲਈ ਉਹ ਵਿਅਕਤੀ ਜਿਹੜਾ ਆਪਣੀ ਕੁਆਰੀ ਧੀ ਦਾ ਵਿਆਹ ਕਰਦਾ ਹੈ, ਜੋ ਸਹੀ ਹੈ ਉਹੀ ਕਰ ਰਿਹਾ ਹੈ। ਅਤੇ ਜਿਹੜਾ ਵਿਅਕਤੀ ਆਪਣੀ ਕੁਆਰੀ ਧੀ ਦਾ ਵਿਆਹ ਨਹੀਂ ਕਰਦਾ ਉਹ ਹੋਰ ਵੀ ਸਹੀ ਕਰਦਾ ਹੈ। 39ਜਿੰਨਾ ਚਿਰ ਪਤੀ ਜਿਉਂਦਾ ਹੈ ਪਤਨੀ ਨੂੰ ਅਵਸ਼ ਉਸ ਦੇ ਨਾਲ ਰਹਿਣਾ ਚਾਹੀਦਾ ਹੈ। ਪਰ ਜੇ ਪਤੀ ਮਰ ਜਾਂਦਾ ਹੈ ਤਾਂ ਪਤਨੀ ਕਿਸੇ ਵੀ ਹੋਰ ਮਰਦ ਨਾਲ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸੱਕਦੀ ਹੈ। ਪਰ ਉਸ ਨੂੰ ਪ੍ਰਭੂ ਦੇ ਨਮਿੱਤ ਵਿਆਹ ਅਵੱਸ਼ ਕਰਵਾਉਣਾ ਚਾਹੀਦਾ ਹੈ। 40ਜੋ ਉਹ ਔਰਤ ਦੁਬਾਰਾ ਵਿਆਹ ਨਹੀਂ ਕਰਵਾਉਂਦੀ, ਤਾਂ ਉਹ ਵੱਧੇਰੇ ਖੁਸ਼ ਹੋਵੇਗੀ। ਇਹ ਮੇਰੀ ਰਾਏ ਹੈ ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਪਰਮੇਸ਼ੁਰ ਦਾ ਆਤਮਾ ਮੇਰੇ ਵਿੱਚ ਹੈ।


Copyrighted Material
Learn More

will be added

X\