1 ਕੁਰਿੰਥੀਆਂ ਨੂੰ 8

1ਹੁਣ ਮੈਂ ਕੁਰਬਾਨੀ ਦੇ ਉਸ ਮਾਸ ਬਾਰੇ ਲਿਖਾਂਗਾ ਜਿਹੜਾ ਮੂਰਤੀਆਂ ਨੂੰ ਚੜ੍ਹਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ “ਸਾਨੂੰ ਸਾਰਿਆਂ ਨੂੰ ਗਿਆਨ ਹੈ।” ਗਿਆਨ ਤੁਹਾਨੂੰ ਘਮੰਡ ਨਾਲ ਭਰ ਦਿੰਦਾ ਹੈ। ਪਰ ਪ੍ਰੇਮ ਤੁਹਾਡੀ ਇਸ ਗੱਲ ਵਿੱਚ ਸਹਾਇਤਾ ਕਰਦਾ ਹੈ ਕਿ ਦੂਸਰੇ ਵੱਧੇਰੇ ਬਲਵਾਨ ਹੋਵੋ। 2ਇੱਕ ਵਿਅਕਤੀ ਜਿਹੜਾ ਇਹ ਸੋਚਦਾ ਹੈ ਕਿ ਉਹ ਕੁਝ ਜਾਣਦਾ ਹੈ, ਉਹੀ ਉਹ ਨਹੀਂ ਜਾਣਦਾ ਜਿਹੜਾ ਉਸ ਨੂੰ ਜਾਨਣਾ ਚਾਹੀਦਾ ਹੈ। 3ਪਰ ਜਿਹੜਾ ਵਿਅਕਤੀ ਪਰਮੇਸ਼ੁਰ ਨਾਲ ਪ੍ਰੇਮ ਕਰਦਾ ਹੈ ਉਸ ਨੂੰ ਪਰਮੇਸ਼ੁਰ ਜਾਣਦਾ ਹੈ। 4ਇਸ ਲਈ ਮੈਂ ਇਹ ਮੂਰਤੀਆਂ ਨੂੰ ਭੇਟ ਮਾਸ ਖਾਣ ਬਾਰੇ ਆਖਦਾ ਹਾਂ: ਅਸੀਂ ਜਾਣਦੇ ਹਾਂ ਕਿ ਦੁਨੀਆਂ ਵਿੱਚ ਮੂਰਤੀਆਂ ਕੁਝ ਵੀ ਨਹੀਂ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇੱਥੇ ਇੱਕ ਅਤੇ ਸਿਰਫ਼ ਇੱਕ ਹੀ ਪਰਮੇਸ਼ੁਰ ਹੈ। 5ਅਸਲ ਵਿੱਚ ਇਸਦਾ ਕੋਈ ਮਹੱਤਵ ਨਹੀਂ ਕਿ ਧਰਤੀ ਉੱਤੇ ਅਤੇ ਆਕਾਸ਼ ਵਿੱਚ ਕੁਝ ਚੀਜ਼ਾਂ ਦੇਵਤੇ ਕਹਾਉਂਦੀਆਂ ਹਨ। ਲੋਕੀ ਕਈ ਅਜਿਹੀਆਂ ਚੀਜ਼ਾਂ ਨੂੰ “ਦੇਵਤੇ” ਜਾਂ “ਪ੍ਰਭੂ” ਬੁਲਾਉਂਦੇ ਹਨ। 6ਪਰ ਸਾਡੇ ਲਈ ਕੇਵਲ ਇੱਕ ਪਰਮੇਸ਼ੁਰ ਹੈ। ਉਹ ਸਾਡਾ ਪਿਤਾ ਹੈ। ਸਭ ਚੀਜ਼ਾਂ ਉਸ ਵੱਲੋਂ ਆਈਆਂ ਹਨ ਅਤੇ ਅਸੀਂ ਸਿਰਫ਼ ਉਸੇ ਲਈ ਜਿਉਂਦੇ ਹਾਂ। ਇੱਥੇ ਕੇਵਲ ਇੱਕ ਹੀ ਪ੍ਰਭੂ ਹੈ। ਉਹ ਯਿਸੂ ਮਸੀਹ ਹੈ। ਸਭ ਚੀਜ਼ਾਂ ਉਸੇ ਰਾਹੀਂ ਸਾਜੀਆਂ ਗਈਆਂ ਹਨ ਅਤੇ ਅਸੀਂ ਵੀ ਉਸੇ ਰਾਹੀਂ ਜਿਉਂਦੇ ਹਾਂ। 7ਪਰ ਇਹ ਗੱਲ ਸਾਰੇ ਲੋਕ ਨਹੀਂ ਜਾਣਦੇ। ਕੁਝ ਲੋਕਾਂ ਵਿੱਚ ਹੁਣ ਤੱਕ ਵੀ ਮੂਰਤੀ ਦੀ ਉਪਾਸਨਾ ਕਰਨ ਦੀ ਆਦਤ ਹੈ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਮਹਿਸੂਸ ਕਰਦੇ ਹਨ ਜਿਵੇਂ ਇਹ ਮੂਰਤੀ ਦਾ ਹੀ ਹੈ। ਉਹ ਇਹ ਨਹੀਂ ਜਾਣਦੇ ਕਿ ਕੀ ਇਸ ਮਾਸ ਨੂੰ ਖਾਣਾ ਠੀਕ ਹੈ ਜਾਂ ਨਹੀਂ। ਇਸ ਲਈ ਜਦੋਂ ਉਹ ਇਹ ਮਾਸ ਖਾਂਦੇ ਹਨ, ਉਹ ਸੋਚਦੇ ਹਨ ਕਿ ਉਹ ਗਲਤ ਕਰ ਰਹੇ ਹਨ। 8ਪਰ ਭੋਜਨ ਸਾਨੂੰ ਪਰਮੇਸ਼ੁਰ ਦੇ ਵੱਧੇਰੇ ਨੇੜੇ ਨਹੀਂ ਲੈ ਜਾ ਸੱਕਦਾ। ਮਾਸ ਨਾ ਖਾਕੇ, ਅਸੀਂ ਕੁਝ ਨਹੀਂ ਗੁਆਉਂਦੇ ਜਾਂ ਖਾਕੇ, ਸਾਨੂੰ ਕੁਝ ਫ਼ਾਇਦਾ ਨਹੀਂ ਹੁੰਦਾ। 9ਪਰ ਆਪਣੀ ਆਜ਼ਾਦੀ ਬਾਰੇ ਹੋਸ਼ਿਆਰ ਰਹੋ। ਤੁਹਾਡੀ ਆਪਣੀ ਵਿਸ਼ਵਾਸ ਪੱਖੋਂ ਕਮਜ਼ੋਰ ਲੋਕਾਂ ਨੂੰ ਗੁਨਾਹਗਾਰ ਬਣਾ ਸੱਕਦੀ ਹੈ। 10ਤੁਹਾਡੇ ਕੋਲ ਸਮਝ ਹੈ, ਇਸ ਲਈ ਤੁਸੀਂ ਭਾਵੇਂ ਕਿਸੇ ਮੂਰਤੀਆਂ ਦੇ ਮੰਦਰ ਵਿੱਚ ਭੋਜਨ ਖਾਣ ਲਈ ਆਜ਼ਾਦੀ ਮਹਿਸੂਸ ਕਰਦੇ ਹੋਵੋ। ਕਮਜ਼ੋਰ ਵਿਸ਼ਵਾਸ ਵਾਲਾ ਵਿਅਕਤੀ ਸ਼ਾਇਦ ਤੁਹਾਨੂੰ ਉੱਥੇ ਭੋਜਨ ਕਰਦਿਆਂ ਦੇਖ ਰਿਹਾ ਹੋਵੇ। ਇਹ ਗੱਲ ਉਸ ਨੂੰ ਵੀ ਮੂਰਤੀਆਂ ਅੱਗੇ ਭੇਟ ਕੀਤਾ ਮਾਸ ਖਾਣ ਲਈ ਉਤਸਾਹਿਤ ਕਰੇਗੀ। ਪਰ ਉਹ ਅਸਲ ਵਿੱਚ ਇਸ ਨੂੰ ਗਲਤ ਸਮਝਦਾ ਹੈ। 11ਇਸ ਲਈ ਇਹ ਕਮਜ਼ੋਰ ਭਰਾ ਤੁਹਾਡੇ ਗਿਆਨ ਸਦਕਾ ਤਬਾਹ ਹੋ ਸੱਕਦਾ ਹੈ। ਅਤੇ ਮਸੀਹ ਇਸ ਭਰਾ ਲਈ ਕੁਰਬਾਨ ਹੋਇਆ ਸੀ। 12ਜਦੋਂ ਤੁਸੀਂ ਮਸੀਹ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਤੋਂ ਕੁਝ ਅਜਿਹਾ ਕਰਾਉਣ ਦਾ ਕਾਰਣ ਬਨਦੇ ਹੋ ਜੋ ਉਹ ਸੋਚਦੇ ਹਨ ਕਿ ਗਲਤ ਹੈ, ਤੁਸੀਂ ਉਨ੍ਹਾਂ ਦੇ ਖਿਲਾਫ਼ ਪਾਪ ਕਰ ਰਹੇ ਹੋ ਅਤੇ ਤੁਸੀਂ ਉਨ੍ਹਾਂ ਨੂੰ ਸੱਟ ਮਾਰ ਰਹੇ ਹੋ। ਫ਼ੇਰ ਤੁਸੀਂ ਵੀ ਮਸੀਹ ਦੇ ਖਿਲਾਫ਼ ਪਾਪ ਕਰ ਰਹੇ ਹੋ। 13ਇਸ ਲਈ ਜਿਹੜਾ ਭੋਜਨ ਖਾਕੇ ਮੈਂ ਆਪਣੇ ਭਰਾ ਨੂੰ ਗੁਨਾਹ ਵਿੱਚ ਡੇਗਦਾ ਹਾਂ, ਮੈਂ ਫ਼ੇਰ ਕਦੇ ਵੀ ਮਾਸ ਨਹੀਂ ਖਾਵਾਂਗਾ। ਮੈਂ ਮਾਸ ਖਾਣਾ ਬੰਦ ਕਰ ਦਿਆਂਗਾ ਤਾਂ ਕਿ ਮੈਂ ਆਪਣੇ ਭਰਾ ਅਤੇ ਭੈਣ ਨੂੰ ਪਾਪ ਵਿੱਚ ਨਹੀਂ ਡਿੱਗਣ ਦੇਵਾਂਗਾ।


Copyrighted Material
Learn More

will be added

X\