1 ਕੁਰਿੰਥੀਆਂ ਨੂੰ 9

1ਮੈਂ ਆਜ਼ਾਦ ਮਨੁੱਖ ਹਾਂ। ਮੈਂ ਇੱਕ ਰਸੂਲ ਹਾਂ। ਮੈਂ ਸਾਡੇ ਪ੍ਰਭੂ ਯਿਸੂ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਤੁਸੀਂ ਲੋਕੀ ਪ੍ਰਭੂ ਵਿੱਚ ਮੇਰੇ ਕਾਰਜ ਦੀ ਮਿਸਾਲ ਹੋ। 2ਹੋਰ ਲੋਕੀ ਭਾਵੇਂ ਮੈਨੂੰ ਰਸੂਲ ਨਾ ਮੰਨਣ। ਪਰ ਤੁਸੀਂ ਤਾਂ ਅਵਸ਼ ਹੀ ਮੈਨੂੰ ਰਸੂਲ ਮੰਨਦੇ ਹੋ। ਤੁਸੀਂ ਲੋਕ ਇੱਕ ਪ੍ਰਮਾਣ ਹੋ ਕਿ ਮੈਂ ਪ੍ਰਭੂ ਵਿੱਚ ਇੱਕ ਰਸੂਲ ਹਾਂ। 3ਕੁਝ ਲੋਕ ਰਸੂਲ ਦੇ ਤੌਰ ਤੇ ਮੇਰੇ ਅਧਿਕਾਰ ਬਾਰੇ ਸਵਾਲ ਕਰਨਾ ਚਾਹੁੰਦੇ ਹਨ। ਤਾਂ ਮੈਂ ਉਨ੍ਹਾਂ ਨੂੰ ਇਹ ਉੱਤਰ ਦਿੰਦਾ ਹਾਂ। 4ਕੀ ਸਾਨੂੰ ਖਾਣ ਅਤੇ ਪੀਣ ਦਾ ਇਖਤਿਆਰ ਨਹੀਂ ਹੈ? 5ਕੀ ਸਾਨੂੰ ਆਪਣੇ ਨਾਲ ਆਪਣੀਆਂ ਵਿਸ਼ਵਾਸੀ ਪਤਨੀਆਂ ਨੂੰ ਲੈ ਜਾਣ ਦਾ ਹੱਕ ਹੈ, ਜਦੋਂ ਅਸੀਂ ਯਾਤਰਾ ਤੇ ਹੁੰਦੇ ਹਾਂ ਜਿਵੇਂ ਕਿ ਬਾਕੀ ਦੇ ਸਾਰੇ ਰਸੂਲ ਅਤੇ ਸਾਡੇ ਪ੍ਰਭੂ ਦੇ ਭਰਾ ਅਤੇ ਕੇਫ਼ਾਸ ਕਰਦੇ ਹਨ? 6ਕੀ ਮੈਂ ਅਤੇ ਬਰਨਬਾਸ ਹੀ ਇੱਕਲੇ ਹਾਂ ਜਿਨ੍ਹਾਂ ਨੂੰ ਕੰਮ ਕਰਨਾ ਪੈਂਦਾ ਹੈ ਅਤੇ ਸਾਨੂੰ ਆਪਣੇ ਜਿਉਣ ਲਈ ਕਮਾਉਣਾ ਚਾਹੀਦਾ ਹੈ? 7ਕੋਈ ਵੀ ਵਿਅਕਤੀ ਆਪਣੇ ਖਰਚੇ ਤੇ ਫ਼ੌਜ ਵਿੱਚ ਕੰਮ ਨਹੀਂ ਕਰਦਾ। ਅਜਿਹਾ ਕੋਈ ਵਿਅਕਤੀ ਨਹੀਂ ਜੋ ਉਸ ਵਿੱਚੋਂ ਅੰਗੂਰ ਨਾ ਖਾਵੇ ਜਿਹੜਾ ਅੰਗੂਰਾਂ ਦਾ ਬਾਗ ਖੁਦ ਬੀਜਦਾ ਹੈ। ਕੋਈ ਵੀ ਵਿਅਕਤੀ ਥੋੜਾ ਜਿੰਨਾ ਦੁੱਧ ਪੀਣ ਤੋਂ ਬਗੈਰ ਭੇਡਾਂ ਦੇ ਇੱਜੜ ਦੀ ਰਾਖੀ ਨਹੀਂ ਕਰਦਾ। 8ਕੇਵਲ ਇਹੀ ਗੱਲਾਂ ਨਹੀਂ ਹਨ ਜਿਹੜੀਆਂ ਲੋਕੀ ਸੋਚਦੇ ਹਨ। ਪਰਮੇਸ਼ੁਰ ਦਾ ਨੇਮ ਇਨ੍ਹਾਂ ਬਾਰੇ ਇਹੋ ਗੱਲਾਂ ਦੱਸਦਾ ਹੈ। 9ਹਾਂ, ਇਹ ਮੂਸਾ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ: “ਜਦੋਂ ਕੋਈ ਡੰਗਰ ਦਾਣਿਆਂ ਦੀ ਗਹਾਈ ਕਰ ਰਿਹਾ ਹੁੰਦਾ ਹੈ, ਤਾਂ ਇਸਦਾ ਮੂੰਹ ਨਾ ਬੰਨ੍ਹੋ ਅਤੇ ਇਸ ਨੂੰ ਦਾਣੇ ਖਾਣ ਤੋਂ ਨਾ ਰੋਕੋ।” ਜਦੋਂ ਪਰਮੇਸ਼ੁਰ ਨੇ ਇਹ ਆਖਿਆ ਸੀ ਤਾਂ ਕੀ ਉਹ ਕੇਵਲ ਕੰਮ ਕਰਨ ਵਾਲੇ ਜਾਨਵਰਾ ਬਾਰੇ ਹੀ ਸੋਚ ਰਿਹਾ ਸੀ? ਨਹੀਂ। 10ਉਹ ਅਸਲ ਵਿੱਚ ਸਾਡੇ ਬਾਰੇ ਸੋਚ ਰਿਹਾ ਸੀ। ਹਾਂ, ਉਹ ਪੋਥੀ ਸਾਡੇ ਲਈ ਲਿਖੀ ਗਈ ਸੀ। ਜਿਹੜਾ ਵਿਅਕਤੀ ਹੱਲ ਚਲਾਉਂਦਾ ਹੈ ਅਤੇ ਜਿਹੜਾ ਵਿਅਕਤੀ ਗਹਾਈ ਕਰਦਾ ਹੈ ਉਨ੍ਹਾਂ ਨੂੰ ਆਪਣੇ ਕੰਮ ਦੇ ਇਵਜ਼ ਕੁਝ ਅਨਾਜ ਪ੍ਰਾਪਤ ਕਰਨ ਦੀ ਆਸ ਹੋਣੀ ਚਾਹੀਦੀ ਹੈ। 11ਅਸੀਂ ਤੁਹਾਡੇ ਵਿੱਚ ਆਤਮਕ ਬੀਜ਼ ਬੀਜਿਆ ਹੈ। ਇਸ ਲਈ ਅਸੀਂ ਤੁਹਾਡੇ ਕੋਲੋਂ ਭੌਤਿਕ ਚੀਜ਼ਾਂ ਦੀ ਇੱਕ ਫ਼ਸਲ ਪ੍ਰਾਪਤ ਕਰ ਸੱਕਦੇ ਹਾਂ। ਅਵੱਸ਼ ਹੀ ਇਹ ਕੋਈ ਬਹੁਤੀ ਵੱਡੀ ਕੀਮਤ ਨਹੀਂ ਹੈ। 12ਹੋਰਨਾਂ ਲੋਕਾਂ ਕੋਲ ਤੁਹਾਡੇ ਪਾਸੋਂ ਕੁਝ ਚੀਜ਼ਾਂ ਲੈਣ ਦਾ ਅਧਿਕਾਰ ਹੈ। ਸਾਡੇ ਕੋਲ ਕਰਨ ਦੇ ਹੋਰ ਵੱਧੇਰੇ ਇਖਤਿਆਰ ਹਨ। ਪਰ ਅਸੀਂ ਇਹ ਇਖਤਿਆਰ ਇਸਤੇਮਾਲ ਨਹੀਂ ਕਰਦੇ। ਅਸੀਂ ਖੁਦ ਹੀਸਾਰੀਆਂ ਪਰੇਸ਼ਾਨੀਆਂ ਝੱਲ ਲੈਂਦੇ ਹਾਂ ਤਾਂ ਜੋ ਅਸੀਂ ਕਿਸੇ ਨੂੰ ਵੀ ਮਸੀਹ ਦੀ ਖੁਸ਼ਖਬਰੀ ਨੂੰ ਮੰਨਣ ਤੋਂ ਨਾ ਰੋਕੀਏ। 13ਅਵਸ਼ ਹੀ ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਹੜੇ ਮੰਦਰ ਵਿੱਚ ਕੰਮ ਕਰਦੇ ਹਨ ਉਹ ਮੰਦਰ ਤੋਂ ਹੀ ਭੋਜਨ ਪ੍ਰਾਪਤ ਕਰਦੇ ਹਨ। ਅਤੇ ਜਿਹੜੇ ਜਗਵੇਦੀ ਉੱਤੇ ਕੰਮ ਕਰਦੇ ਹਨ ਉਹ ਜਗਵੇਦੀ ਦੇ ਚੜ੍ਹਾਵੇ ਦਾ ਕੁਝ ਅੰਸ਼ ਪ੍ਰਾਪਤ ਕਰਦੇ ਹਨ। 14ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਬਾਰੇ ਵੀ ਇਵੇਂ ਹੀ ਹੈ। ਇਹ ਪਰਮੇਸ਼ੁਰ ਦਾ ਹੁਕਮ ਹੈ ਕਿ ਉਹ ਜਿਹੜੇ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਹਨ ਉਨ੍ਹਾਂ ਨੂੰ ਆਪਣੀ ਰੋਜ਼ੀ ਇਸੇ ਕੰਮ ਤੋਂ ਬਨਾਉਣੀ ਚਾਹੀਦੀ ਹੈ। 15ਪਰ ਮੈਂ ਇਨ੍ਹਾਂ ਅਧਿਕਾਰਾਂ ਵਿੱਚੋਂ ਕਿਸੇ ਦੀ ਵਰਤੋਂ ਨਹੀਂ ਕੀਤੀ। ਅਤੇ ਮੈਂ ਇਹ ਵਸਤਾਂ ਹਾਸਿਲ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰ ਰਿਹਾ। ਤੁਹਾਨੂੰ ਇਹ ਲਿਖਣ ਦਾ ਮੇਰਾ ਮਨੋਰਥ ਅਜਿਹਾ ਨਹੀਂ ਹੈ। ਸ਼ੇਖੀ ਮਾਰਨ ਦੇ ਕਾਰਣ ਨੂੰ ਗੁਵਾਉਣ ਨਾਲੋਂ ਮੈਂ ਮਰਨਾ ਪਸੰਦ ਕਰਾਂਗਾ। 16ਹਾਲਾਂ ਕਿ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਪਰ ਇਹ ਮੇਰੇ ਵਾਸਤੇ ਸ਼ੇਖੀ ਮਾਰਨ ਦਾ ਕਾਰਣ ਨਹੀਂ ਹੈ। ਸ਼ੁਭ ਸਮਾਚਾਰ ਦਾ ਪ੍ਰਚਾਰ ਕਰਨਾ ਤਾਂ ਮੇਰਾ ਫ਼ਰਜ਼ ਹੈ ਜੋ ਮੇਰੇ ਲਈ ਅਨਿਵਾਰੀ ਹੈ। ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਨਾ ਕਰਾਂ ਤਾਂ ਇਹ ਮੇਰੇ ਲਈ ਬਹੁਤ ਬੁਰੀ ਗੱਲ ਹੋਵੇਗੀ। 17ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਆਪਣੀ ਪਸੰਦ ਤੇ ਕਰਦਾ ਹਾਂ ਤਾਂ ਮੈਂ ਇਨਾਮਾਂ ਦਾ ਹੱਕਦਾਰ ਹਾਂ। ਪਰ ਮੇਰੀ ਕੋਈ ਪਸੰਦ ਨਹੀਂ। ਮੈਨੂੰ ਤਾਂ ਅਵਸ਼ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਪੈਂਦਾ ਹੈ। ਮੈਂ ਸਿਰਫ਼ ਦਿੱਤਾ ਹੋਇਆ ਫ਼ਰਜ਼ ਨਿਭਾ ਰਿਹਾ ਹਾਂ। 18ਇਸ ਲਈ ਮੈਨੂੰ ਕੀ ਇਨਾਮ ਮਿਲਦਾ ਹੈ? ਮੇਰਾ ਇਨਾਮ ਇਹ ਹੈ: ਕਿ ਜਦੋਂ ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹਾਂ ਤਾਂ ਮੈਂ ਇਸ ਨੂੰ ਮੁਫ਼ਤ ਭੇਟ ਕਰ ਸੱਕਦਾ ਹਾਂ। ਇਸ ਤਰ੍ਹਾਂ ਮੈਂ ਖੁਸ਼ਖਬਰੀ ਦੇ ਪ੍ਰਚਾਰ ਬਦਲੇ ਮੁਲ ਪ੍ਰਾਪਤ ਕਰਨ ਦੇ ਅਧਿਕਾਰਾਂ ਦੀ ਵਰਤੋਂ ਨਹੀਂ ਕਰਦਾ। 19ਮੈਂ ਆਜ਼ਾਦ ਹਾਂ। ਮੈਂ ਕਿਸੇ ਵੀ ਮਨੁੱਖ ਦੇ ਅਧੀਨ ਨਹੀਂ। ਪਰ ਮੈਂ ਆਪਣੇ-ਆਪ ਨੂੰ ਸਮੂਹ ਲੋਕਾਂ ਦਾ ਗੁਲਾਮ ਬਨਾਉਂਦਾ ਹਾਂ। ਇਹ ਗੱਲ ਮੈਂ ਇਸ ਵਾਸਤੇ ਕਰਦਾ ਹਾਂ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬਚਾ ਸੱਕਾਂ। 20ਯਹੂਦੀਆਂ ਵਾਸਤੇ ਮੈਂ ਯਹੂਦੀਆਂ ਜਿਹਾ ਬਣ ਗਿਆ ਸਾਂ। ਅਜਿਹਾ ਮੈਂ ਯਹੂਦੀਆਂ ਨੂੰ ਬਚਾਉਣ ਵਿੱਚ ਸਹਾਇਤਾ ਕਰਨ ਲਈ ਕੀਤਾ। ਭਾਵੇਂ ਮੇਰੇ ਉੱਤੇ ਸ਼ਰ੍ਹਾ ਦਾ ਸ਼ਾਸਨ ਨਹੀਂ ਹੈ, ਮੈਂ ਉਨ੍ਹਾਂ ਵਰਗਾ ਬਣ ਗਿਆ ਹਾਂ ਜਿਨ੍ਹਾਂ ਉੱਤੇ ਸ਼ਰ੍ਹਾ ਦਾ ਸ਼ਾਸਨ ਹੁੰਦਾ ਹੈ। ਮੈਂ ਅਜਿਹਾ ਕੀਤਾ ਤਾਂ ਜੋ ਮੈਂ ਉਨ੍ਹਾਂ ਨੂੰ ਮੁਕਤੀ ਵੱਲ ਲੈ ਜਾ ਸੱਕਾਂ ਜਿਨ੍ਹਾਂ ਉੱਤੇ ਸ਼ਰ੍ਹਾ ਦੁਆਰਾ ਸ਼ਾਸਨ ਹੁੰਦਾ ਹੈ। 21ਉਨ੍ਹਾਂ ਲਈ ਜਿਹੜੇ ਨੇਮ ਤੋਂ ਬਿਨਾ ਹਨ ਮੈਂ ਉਨ੍ਹਾਂ ਲਈ ਉਹੋ ਜਿਹਾ ਬਣ ਜਾਂਦਾ ਹਾਂ ਜੋ ਨੇਮ ਤੋਂ ਬਿਨਾ ਹੈ। ਮੈਂ ਇਹ ਉਨ੍ਹਾਂ ਲੋਕਾਂ ਦੀ ਮੁਕਤੀ ਵੱਲ ਅਗਵਾਈ ਕਰਨ ਲਈ ਕਰਦਾ ਹਾਂ ਜਿਨ੍ਹਾਂ ਕੋਲ ਨੇਮ ਨਹੀਂ ਹੈ। ਪਰ ਅਸਲ ਵਿੱਚ ਮੈਂ ਪਰਮੇਸ਼ੁਰ ਦੇ ਨੇਮ ਤੋਂ ਬਿਨਾ ਨਹੀਂ ਹਾਂ। ਮੈਂ ਮਸੀਹ ਦੇ ਨੇਮ ਦੇ ਅਧੀਨ ਹਾਂ। 22ਮੈਂ ਕਮਜ਼ੋਰ ਬਣ ਗਿਆ ਹਾਂ ਤਾਂ ਜੋ ਮੈਂ ਉਨ੍ਹਾਂ ਦੀ ਮੁਕਤੀ ਵੱਲ ਅਗਵਾਈ ਕਰ ਸੱਕਾਂ ਜਿਹੜੇ ਕਮਜ਼ੋਰ ਹਨ। ਮੈਂ ਸਮੂਹ ਲੋਕਾਂ ਲਈ ਚੀਜ਼ਾਂ ਬਣ ਜਾਂਦਾ ਹਾਂ। ਮੈਂ ਅਜਿਹਾ ਇਸ ਲਈ ਕੀਤਾ ਹੈ ਤਾਂ ਜੋ ਮੈਂ ਹਰ ਸੰਭਵ ਢੰਗ ਨਾਲ ਸਮੂਹ ਲੋਕਾਂ ਨੂੰ ਬਚਾ ਸੱਕਾਂ। 23ਮੈਂ ਇਹ ਸਾਰੀਆਂ ਗੱਲਾਂ ਖੁਸ਼ਖਬਰੀ ਦੇ ਕਾਰਣ ਕਰਦਾ ਹਾਂ। ਮੈਂ ਇਹ ਸਭ ਗੱਲਾਂ ਕਰਦਾ ਹਾਂ ਤਾਂ ਜੋ ਮੈਂ ਖੁਸ਼ਖਬਰੀ ਦੀਆਂ ਸ਼ੁਭਕਾਮਨਾਵਾਂ ਵਿੱਚ ਭਾਈਵਾਲ ਹੋ ਸੱਕਾਂ। 24ਤੁਸੀਂ ਜਾਣਦੇ ਹੋ ਕਿ ਦੌੜ ਵਿੱਚ ਸਾਰੇ ਦੌੜਾਕ ਦੌੜਦੇ ਹਨ। ਪਰ ਕੋਈ ਇੱਕ ਦੌੜਾਕ ਇਨਾਮ ਹਾਸਿਲ ਕਰਦਾ ਹੈ। ਇਸ ਲਈ ਇਹੀ ਤਰੀਕਾ ਹੈ ਜਿਵੇਂ ਤੁਹਾਨੂੰ ਦੌੜਨਾ ਚਾਹੀਦਾ ਹੈ: ਤੁਹਾਨੂੰ ਜਿੱਤਣ ਲਈ ਦੌੜਨਾ ਚਾਹੀਦਾ ਹੈ। 25ਖੇਡਾਂ ਵਿੱਚ ਹਿੱਸਾ ਲੈਣ ਵਾਲੇ ਸਾਰੇ ਵਿਅਕਤੀ ਸਖਤ ਸਿਖਲਾਈ ਕਰਦੇ ਹਨ। ਅਜਿਹਾ ਉਹ ਇਸ ਲਈ ਕਰਦੇ ਹਨ ਤਾਂ ਜੋ ਉਹ ਤਾਜ ਜਿੱਤ ਸੱਕਣ। ਇਹ ਤਾਜ ਸਿਰਫ਼ ਥੋੜੇ ਸਮੇਂ ਲਈ ਹੀ ਸਥਿਰ ਰਹਿੰਦਾ ਹੈ। ਪਰ ਸਾਡਾ ਤਾਜ ਸਦਾ ਲਈ ਹੋਵੇਗਾ। 26ਇਸ ਲਈ ਮੈਂ ਉਦੇਸ਼ ਰੱਖਣ ਵਾਲੇ ਇੱਕ ਆਦਮੀ ਵਾਂਗ ਦੌੜਦਾ ਹਾਂ। ਮੈਂ ਉਸ ਲੜਾਕੂ ਦੀ ਤਰ੍ਹਾਂ ਲੜਦਾ ਹਾਂ ਜਿਹੜਾ ਹਵਾ ਨੂੰ ਕਿਸੇ ਚੀਜ਼ ਦੀ ਤਰ੍ਹਾਂ ਨਹੀਂ ਸਗੋਂ ਕਿਸੇ ਚੀਜ਼ ਨੂੰ ਨਿਸ਼ਾਨਾ ਬਨਾਉਂਦਾ ਹੈ। 27ਇਸ ਲਈ ਮੈਂ ਆਪਣੇ ਖੁਦ ਦੇ ਸਰੀਰ ਨੂੰ ਸੰਜ਼ਮ ਵਿੱਚ ਰੱਖਦਾ ਹਾਂ ਅਤੇ ਇਸ ਨੂੰ ਆਪਣਾ ਗੁਲਾਮ ਬਨਾਉਂਦਾ ਹਾਂ। ਮੈਂ ਇਸ ਤਰ੍ਹਾਂ ਇਸ ਲਈ ਕਰਦਾ ਹਾਂ ਤਾਂ ਜੋ ਲੋਕਾਂ ਵਿੱਚ ਪ੍ਰਚਾਰ ਕਰਨ ਤੋਂ ਬਾਦ ਮੈਂ ਖੁਦ ਪਰਮੇਸ਼ੁਰ ਵੱਲੋਂ ਨਾਮੰਜ਼ੂਰ ਨਾ ਕੀਤਾ ਜਾਵਾਂ।


Copyrighted Material
Learn More

will be added

X\