1 ਯੂਹੰਨਾ 4

1ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। 2ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ। 4ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ। 7ਪਿਆਰੇ ਮਿੱਤਰੋ, ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। 8ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। 9ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ। 10ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ। 11ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ। 13ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀ ਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ। 15ਜੇ ਕੋਈ ਵਿਅਕਤੀ ਇਹ ਆਖਦਾ ਹੈ, “ਮੇਰਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,” ਤਾਂ ਪਰਮੇਸ਼ੁਰ ਉਸ ਵਿਅਕਤੀ ਅੰਦਰ ਵੱਸਦਾ ਹੈ। ਅਤੇ ਉਹ ਵਿਅਕਤੀ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। 16ਅਤੇ ਇਸ ਤਰ੍ਹਾਂ ਅਸੀਂ ਉਸ ਪਿਆਰ ਬਾਰੇ ਜਾਣਦੇ ਹਾਂ ਜਿਹੜਾ ਪਰਮੇਸ਼ੁਰ ਦਾ ਸਾਡੇ ਲਈ ਹੈ। ਅਤੇ ਅਸੀਂ ਉਸ ਪਿਆਰ ਵਿੱਚ ਭਰੋਸਾ ਰੱਖਦੇ ਹਾਂ। ਪਰਮੇਸ਼ੁਰ ਪਿਆਰ ਹੈ। ਉਹ ਵਿਅਕਤੀ ਜਿਹੜਾ ਪਿਆਰ ਵਿੱਚ ਜਿਉਂਦਾ ਹੈ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਵਿੱਚ ਵੱਸਦਾ ਹੈ। 17ਜੇ ਸਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਸੰਪੂਰਣ ਹੈ, ਤਾਂ ਅਸੀਂ ਨਿਆਂ ਦੇ ਦਿਨ ਬੇ-ਡਰ ਹੋਵਾਂਗੇ। ਅਸੀਂ ਬੇ-ਡਰ ਇਸ ਲਈ ਹੋਵਾਂਗੇ ਕਿਉਂਕਿ ਅਸੀਂ ਇਸ ਦੁਨੀਆਂ ਵਿੱਚ ਉਵੇਂ ਹੀ ਹਾਂ ਜਿਵੇਂ ਉਹ ਹੈ। 18ਜਿੱਥੇ ਪਰਮੇਸ਼ੁਰ ਦਾ ਪਿਆਰ ਹੈ, ਉੱਥੇ ਕੋਈ ਭੈ ਨਹੀਂ। ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ। 19ਅਸੀਂ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ ਸੀ। 20ਜੇ ਕੋਈ ਵਿਅਕਤੀ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ,” ਪਰ ਉਹ ਵਿਅਕਤੀ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ, ਤਾਂ ਉਹ ਵਿਅਕਤੀ ਝੂਠਾ ਹੈ। ਕਿਉਂਕਿ ਜੇਕਰ ਉਹ ਅਪਣੇ ਉਸ ਭਰਾ ਨੂੰ ਪਿਆਰ ਨਹੀਂ ਕਰਦਾ ਜਿਸ ਨੂੰ ਉਹ ਵੇਖ ਸੱਕਦਾ ਹੈ, ਤਾਂ ਫ਼ੇਰ ਉਸ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਵੀ ਸੰਭਵ ਨਹੀਂ ਜਿਸ ਨੂੰ ਉਹ ਨਹੀਂ ਵੇਖ ਸੱਕਦਾ। 21ਪਰਮੇਸ਼ੁਰ ਨੇ ਸਾਨੂੰ ਇਹੀ ਹੁਕਮ ਦਿੱਤਾ ਹੈ; ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।


Copyrighted Material
Learn More

will be added

X\