1 ਯੂਹੰਨਾ 5

1ਜਿਹੜੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ। ਉਹ ਪਰਮੇਸ਼ੁਰ ਦੇ ਬੱਚੇ ਹਨ। ਜਿਹੜਾ ਵਿਅਕਤੀ ਪਿਤਾ ਨੂੰ ਪਿਆਰ ਕਰਦਾ ਹੈ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦਾ ਹੈ। 2ਅਸੀਂ ਇਹ ਕਿਵੇਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬੱਚਿਆਂ ਨੂੰ ਪਿਆਰ ਕਰਦੇ ਹਾਂ? ਅਸੀਂ ਇਹ ਇਸ ਲਈ ਜਾਣਦੇ ਹਾਂ ਕਿਉਂ ਕਿ ਅਸੀਂ ਪਰਮੇਸ਼ੁਰ ਨੂੰ ਪਿਆਰ ਕਰਦੇ ਹਾਂ ਅਤੇ ਉਸ ਦੇ ਹੁਕਮਾਂ ਨੂੰ ਮੰਨਦੇ ਹਾਂ। 3ਅਸਲ ਵਿੱਚ, ਪਰਮੇਸ਼ੁਰ ਨੂੰ ਪਿਆਰ ਕਰਨਾ ਹੀ ਉਸ ਦੇ ਹੁਕਮਾਂ ਨੂੰ ਮੰਨਣਾ ਹੈ। ਅਤੇ ਉਸ ਦੇ ਹੁਕਮਾਂ ਦਾ ਅਨੁਸਰਣ ਕਰਨਾ ਔਖਾ ਨਹੀਂ ਹੈ। 4ਕਿਉਂਕਿ ਹਰ ਉਹ ਵਿਅਕਤੀ ਜਿਹੜਾ ਪਰਮੇਸ਼ੁਰ ਦਾ ਬੱਚਾ ਹੈ ਦੁਨੀਆਂ ਨੂੰ ਜਿੱਤ ਲੈਣ ਦੀ ਸ਼ਕਤੀ ਰੱਖਦਾ ਹੈ। 5ਇਹ ਸਾਡੀ ਨਿਹਚਾ ਹੀ ਹੈ ਜਿਸਨੇ ਦੁਨੀਆਂ ਦੇ ਵਿਰੁੱਧ ਜਿੱਤ ਪ੍ਰਾਪਤ ਕੀਤੀ ਹੈ। ਇਸ ਲਈ ਉਹ ਵਿਅਕਤੀ ਕਿਹੜਾ ਹੈ ਜਿਹੜਾ ਦੁਨੀਆਂ ਨੂੰ ਜਿੱਤਦਾ ਹੈ? ਸਿਰਫ਼ ਉਹੀ ਵਿਅਕਤੀ ਜਿਹੜਾ ਇਹ ਵਿਸ਼ਵਾਸ ਰੱਖਦਾ ਹੈ ਕਿ ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ। 6ਯਿਸੂ ਮਸੀਹ ਹੀ ਇੱਕ ਹੈ ਜਿਹੜਾ ਪਾਣੀ ਅਤੇ ਖੂਨ ਨਾਲ ਆਇਆ; ਉਹ ਸਿਰਫ਼ ਪਾਣੀ ਰਾਹੀਂ ਹੀ ਨਹੀਂ ਆਇਆ ਸਗੋਂ ਪਾਣੀ ਅਤੇ ਲਹੂ ਨਾਲ ਆਇਆ। ਅਤੇ ਆਤਮਾ ਸਾਨੂੰ ਦੱਸਦਾ ਹੈ ਕਿ ਇਹ ਸੱਚ ਹੈ। ਆਤਮਾ ਹੀ ਸੱਚ ਹੈ। 7ਇਹ ਤਿੰਨ ਪ੍ਰਮਾਣ ਹਨ ਜਿਹੜੇ ਸਾਨੂੰ ਯਿਸੂ ਬਾਰੇ ਦੱਸਦੇ ਹਨ। 8ਆਤਮਾ, ਪਾਣੀ ਅਤੇ ਖੂਨ ਇਹ ਤਿੰਨ ਪ੍ਰਮਾਣ ਇੱਕ ਦੂਸਰੇ ਨਾਲ ਮਿਲਦੇ ਹਨ। 9ਅਸੀਂ ਲੋਕਾਂ ਤੇ ਵਿਸ਼ਵਾਸ ਕਰਦੇ ਹਾਂ ਜਦੋਂ ਉਹ ਕੁਝ ਅਜਿਹਾ ਆਖਦੇ ਹਨ ਜੋ ਸੱਚ ਹੈ। ਪਰ ਜੋ ਪਰਮੇਸ਼ੁਰ ਆਖਦਾ ਹੈ ਉਹ ਵੱਧੇਰੇ ਮਹੱਤਵਪੂਰਣ ਹੈ। ਜੋ ਪਰਮੇਸ਼ੁਰ ਨੇ ਆਖਿਆ ਹੈ; ਉਸ ਨੇ ਆਪਣੇ ਪੁੱਤਰ ਬਾਰੇ ਸਾਨੂੰ ਸੱਚ ਦੱਸਿਆ। 10ਜਿਹੜਾ ਵਿਅਕਤੀ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦਾ ਹੈ ਉਸ ਕੋਲ ਉਹ ਸੱਚ ਹੈ ਜੋ ਸਾਨੂੰ ਪਰਮੇਸ਼ੁਰ ਨੇ ਦੱਸਿਆ। ਜਿਹੜਾ ਵਿਅਕਤੀ ਪਰਮੇਸ਼ੁਰ ਦੀ ਗੱਲ ਉੱਪਰ ਵਿਸ਼ਵਾਸ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਝੂਠਾ ਸਿੱਧ ਕਰਦਾ ਹੈ। ਕਿਉਂਕਿ ਉਹ ਵਿਅਕਤੀ ਉਸ ਗੱਲ ਵਿੱਚ ਵਿਸ਼ਵਾਸ ਨਹੀਂ ਰੱਖਦਾ ਜਿਹੜੀ ਸਾਨੂੰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਆਖੀ ਹੈ। 11ਇਹੀ ਹੈ ਜੋ ਪਰਮੇਸ਼ੁਰ ਨੇ ਸਾਨੂੰ ਆਖਿਆ; ਪਰਮੇਸ਼ੁਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਹੈ। ਅਤੇ ਇਹ ਸਦੀਪਕ ਜੀਵਨ ਉਸ ਦੇ ਪੁੱਤਰ ਵਿੱਚ ਹੈ। 12ਜਿਸ ਵਿਅਕਤੀ ਕੋਲ ਪੁੱਤਰ ਹੈ ਉਸ ਕੋਲ ਸੱਚਾ ਜੀਵਨ ਹੈ। ਪਰ ਜਿਸ ਕੋਲ ਪਰਮੇਸ਼ੁਰ ਦਾ ਪੁੱਤਰ ਨਹੀਂ ਹੈ ਉਸ ਕੋਲ ਸੱਚਾ ਜੀਵਨ ਨਹੀਂ ਹੈ। 13ਮੈਂ ਇਹ ਖਤ ਤੁਹਾਨੂੰ ਲਿਖ ਰਿਹਾ ਹਾਂ ਜਿਹੜੇ ਪਰਮੇਸ਼ੁਰ ਦੇ ਪੁੱਤਰ ਵਿੱਚ ਵਿਸ਼ਵਾਸ ਰੱਖਦੇ ਹੋ। ਇਹ ਮੈਂ ਇਸ ਲਈ ਲਿਖ ਰਿਹਾ ਹਾਂ ਤਾਂ ਤੁਹਾਨੂੰ ਪਤਾ ਲੱਗ ਸੱਕੇ ਕਿ ਸਦੀਪਕ ਜੀਵਨ ਤੁਹਾਡਾ ਹੈ। 14ਇਸ ਲਈ ਅਸੀਂ ਪਰਮੇਸ਼ੁਰ ਕੋਲ ਇਸ ਵਿਸ਼ਵਾਸ ਨਾਲ ਆ ਸੱਕਦੇ ਹਾਂ ਕਿ ਜਦੋਂ ਅਸੀਂ ਉਸਦੀ ਰਜ਼ਾ ਅਨੁਸਾਰ ਉਸਤੋਂ ਕੁਝ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15ਇਸ ਲਈ ਸਾਨੂੰ ਪਤਾ ਹੈ ਕਿ ਜਦੋਂ ਵੀ ਅਸੀਂ ਉਸ ਪਾਸੋਂ ਕੁਝ ਮੰਗਦੇ ਹਾਂ, ਉਹ ਸਾਨੂੰ ਸੁਣਦਾ ਹੈ। ਤਾਂ ਸਾਨੂੰ ਪਤਾ ਹੈ ਕਿ ਉਹ ਸਾਨੂੰ ਉਹ ਦਿੰਦਾ ਹੈ ਜੋ ਅਸੀਂ ਉਸ ਪਾਸੋਂ ਮੰਗਦੇ ਹਾਂ। 16ਜੇਕਰ ਕੋਈ ਇਹ ਵੇਖਦਾ ਹੈ ਕਿ ਉਸਦਾ ਭਰਾ ਜਾਂ ਭੈਣ ਕੋਈ ਅਜਿਹਾ ਪਾਪ ਕਰ ਰਿਹਾ ਹੈ ਜੋ ਉਸ ਨੂੰ ਮੌਤ ਵੱਲ ਨਹੀਂ ਲਿਜਾਂਦਾ, ਫ਼ੇਰ ਉਸ ਨੂੰ ਆਪਣੇ ਭਰਾ ਜਾਂ ਭੈਣ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਪਰਮੇਸ਼ੁਰ ਉਸ ਨੂੰ ਜੀਵਨ ਪ੍ਰਦਾਨ ਕਰੇਗਾ। ਮੈਂ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਹਾਂ ਜਿਹੜੇ ਪਾਪ ਕਰਦੇ ਹਨ ਪਰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮੌਤ ਯੋਗ ਨਹੀਂ ਹੈ। ਇੱਥੇ ਅਜਿਹੇ ਪਾਪ ਜਿਹੜੇ ਸਜ਼ਾ ਦੇ ਤੌਰ ਤੇ ਮੌਤ ਵਿੱਚ ਮੁੱਕਦੇ ਹਨ। ਮੈਂ ਤੁਹਾਨੂੰ ਇਸ ਪਾਪ ਬਾਰੇ ਪ੍ਰਾਰਥਨਾ ਕਰਨ ਲਈ ਨਹੀਂ ਕਹਿ ਰਿਹਾ। 17ਕੁਝ ਬੁਰਾ ਕਰਨਾ ਹਮੇਸ਼ਾ ਪਾਪ ਹੈ। ਪਰ ਅਜਿਹੇ ਪਾਪ ਵੀ ਹਨ ਜਿਹੜੇ ਸਦੀਵੀ ਮੌਤ ਵੱਲ ਨਹੀਂ ਲਿਜਾਂਦੇ। 18ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਪਰਮੇਸ਼ੁਰ ਦਾ ਬੱਚਾ ਬਣ ਗਿਆ ਹੈ ਉਹ ਪਾਪ ਕਰਨਾ ਜਾਰੀ ਨਹੀਂ ਰੱਖਦਾ। ਪਰਮੇਸ਼ੁਰ ਦਾ ਪੁੱਤਰ ਉਸ ਨੂੰ ਸੁਰੱਖਿਅਤ ਰੱਖਦਾ ਹੈ, ਅਤੇ ਦੁਸ਼ਟ (ਸ਼ੈਤਾਨ) ਅਜਿਹੇ ਵਿਅਕਤੀ ਨੂੰ ਹਾਨੀ ਨਹੀਂ ਪਹੁੰਚਾ ਸੱਕਦਾ। 19ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਲੋਕ ਹਾਂ ਪਰ ਦੁਸ਼ਟ (ਸ਼ੈਤਾਨ) ਸਾਰੀ ਦੁਨੀਆਂ ਨੂੰ ਨਿਯੰਤ੍ਰਣ ਵਿੱਚ ਰੱਖਦਾ ਹੈ। 20ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆ ਚੁੱਕਿਆ ਹੈ ਅਤੇ ਸਾਨੂੰ ਸਿਆਣਪ ਦਿੱਤੀ ਹੈ ਤਾਂ ਜੋ ਹੁਣ ਅਸੀਂ ਉਸ ਇੱਕ ਸੱਚੇ ਨੂੰ ਜਾਣ ਸੱਕਦੇ ਹਾਂ। ਅਤੇ ਅਸਲ ਵਿੱਚ ਸਾਡੀਆਂ ਜ਼ਿੰਦਗੀਆਂ ਉਸ ਇੱਕ ਸੱਚੇ ਵਿੱਚ ਹਨ। ਉਹੀ ਸੱਚਾ ਪਰਮੇਸ਼ੁਰ ਹੈ ਅਤੇ ਉਹੀ ਸਦੀਪਕ ਜੀਵਨ ਹੈ। 21ਇਸ ਲਈ ਮੇਰੇ ਬੱਚਿਓ, ਆਪਣੇ ਆਪ ਨੂੰ ਝੂਠੇ ਦੇਵਤਿਆਂ ਤੋਂ ਦੂਰ ਰੱਖੋ।


Copyrighted Material
Learn More

will be added

X\