1 ਪਤਰਸ 4

1ਯਿਸੂ ਨੇ ਤਸੀਹੇ ਝੱਲੇ ਜਦੋਂ ਉਹ ਆਪਣੇ ਸਰੀਰ ਵਿੱਚ ਰਿਹਾ। ਇਸ ਲਈ ਤੁਹਾਨੂੰ ਵੀ ਆਪਣੇ ਆਪ ਨੂੰ ਉਸੇ ਸੋਚ ਨਾਲ ਲੈਸ ਕਰ ਲੈਣਾ ਚਾਹੀਦਾ ਹੈ ਜਿਹੜੀ ਯਿਸੂ ਕੋਲ ਸੀ, ਕਿਉਂਕਿ ਉਹ ਜਿਸਨੇ ਸਰੀਰਕ ਤਸੀਹੇ ਝੱਲੇ ਹਨ ਪਾਪ ਕਰਨੇ ਬੰਦ ਕਰ ਦਿੱਤੇ ਹਨ। 2ਆਪਣੇ ਆਪ ਨੂੰ ਮਜ਼ਬੂਤ ਬਣਾਉ ਤਾਂ ਜੋ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਇਸ ਦੁਨੀਆਂ ਵਿੱਚ ਉਸ ਅਨੁਸਾਰ ਜੀਵੋ ਜਿਸਦੀ ਪਰਮੇਸ਼ੁਰ ਕਾਮਨਾ ਕਰਦਾ ਹੈ, ਨਾ ਕਿ ਲੋਕਾਂ ਦੀਆਂ ਬਦ ਕਾਮਨਾਵਾਂ ਦੇ ਅਨੁਸਾਰ। 3ਅਤੀਤ ਵਿੱਚ, ਤੁਸੀਂ ਬਹੁਤਾ ਸਮਾਂ ਉਸੇ ਵਿੱਚ ਬਰਬਾਦ ਕਰ ਦਿੱਤਾ ਜੋ ਅਵਿਸ਼ਵਾਸੀ ਕਰਦੇ ਹਨ। ਤੁਸੀਂ ਅਨੈਤਿਕ ਗੱਲਾਂ ਕਰ ਰਹੇ ਸੀ। ਤੁਸੀਂ ਉਹੀ ਭਰਿਸ਼ਟ ਗੱਲਾਂ ਕਰ ਰਹੇ ਸੀ ਜੋ ਤੁਸੀਂ ਕਰਨੀਆਂ ਪਸੰਦ ਕੀਤੀਆਂ। ਤੁਸੀਂ ਸ਼ਰਾਬੀ ਹੋ ਰਹੇ ਸੀ, ਐਸ਼ ਪ੍ਰਸਤ ਦਾਅਵਤਾਂ ਅਤੇ ਸ਼ਰਾਬੀ ਸਭਾਵਾਂ ਕਰਦੇ ਸੀ ਅਤੇ ਉਨ੍ਹਾਂ ਮੂਰਤੀਆਂ ਦੀ ਪੂਜਾ ਕਰਦੇ ਸੀ ਜਿਨ੍ਹਾਂ ਤੇ ਪਾਬੰਦੀ ਹੈ। 4ਇਹ ਉਨ੍ਹਾਂ ਨੂੰ ਹੈਰਾਨ ਕਰਦਾ ਹੈ ਕਿ ਹੁਣ ਤੁਸੀਂ ਉਨ੍ਹਾਂ ਦੇ ਇਨ੍ਹਾਂ ਅਸਭਿਅ ਅਤੇ ਫ਼ਜ਼ੂਲ ਵਿਹਾਰ ਵਿੱਚ ਸ਼ਾਮਿਲ ਨਹੀਂ ਹੁੰਦੇ। ਇਸ ਲਈ ਉਹ ਤੁਹਾਨੂੰ ਗਾਲਾਂ ਦੇਣ ਲੱਗ ਪੈਂਦੇ ਹਨ। 5ਪਰ ਇਨ੍ਹਾਂ ਲੋਕਾਂ ਨੂੰ ਆਪਣੇ ਹਰ ਕੰਮ ਦੀ ਵਿਆਖਿਆ ਜੋ ਉਹ ਕਰਦੇ ਹਨ, ਉਸ ਇੱਕ ਨੂੰ ਕਰਨੀ ਪਵੇਗੀ, ਜੋ ਜਿਉਂਦਿਆਂ ਅਤੇ ਮਰੇ ਲੋਕਾਂ ਦਾ ਨਿਆਂ ਕਰਨ ਲਈ ਤਿਆਰ ਹੈ। 6ਖੁਸ਼ਖਬਰੀ ਦਾ ਉਪਦੇਸ਼ ਉਨ੍ਹਾਂ ਲੋਕਾਂ ਨੂੰ ਦਿੱਤਾ ਗਿਆ ਸੀ ਜਿਹੜੇ ਹੁਣ ਮਰ ਚੁੱਕੇ ਹਨ ਕਿਉਂਕਿ ਉਨ੍ਹਾਂ ਲੋਕਾਂ ਬਾਰੇ ਵੀ ਉਸੇ ਤਰ੍ਹਾਂ ਨਿਆਂ ਹੋਵੇਗਾ ਜਿਵੇਂ ਸਮੂਹ ਲੋਕਾਂ ਬਾਰੇ ਹੁੰਦਾ ਹੈ। ਖੁਸ਼ਖਬਰੀ ਦਾ ਪ੍ਰਚਾਰ ਉਨ੍ਹਾਂ ਨੂੰ ਇਸ ਲਈ ਕੀਤਾ ਗਿਆ ਸੀ ਤਾਂ ਜੋ ਉਹ ਉਸੇ ਤਰ੍ਹਾਂ ਆਤਮਾ ਵਿੱਚ ਜਿਉਂ ਸੱਕਣ ਜਿਵੇਂ ਪਰਮੇਸ਼ੁਰ ਰਹਿੰਦਾ ਹੈ। 7ਉਹ ਦਿਨ ਨੇੜੇ ਹੈ ਜਦੋਂ ਸਭ ਕੁਝ ਨਸ਼ਟ ਹੋ ਜਾਵੇਗਾ। ਇਸ ਲਈ ਸਾਫ਼ ਮਨ ਰੱਖੋ ਅਤੇ ਸਵੈ ਕਾਬੂ ਰੱਖੋ ਅਤੇ ਇਹ ਤੁਹਾਨੂੰ ਤੁਹਾਡੀਆਂ ਪ੍ਰਾਰਥਨਾ ਵਿੱਚ ਸਹਾਇਤਾ ਕਰੇਗਾ। 8ਸਭ ਤੋਂ ਜ਼ਰੂਰੀ ਗੱਲ ਹੈ ਇੱਕ ਦੂਸਰੇ ਨੂੰ ਡੂੰਘਾਈ ਨਾਲ ਪਿਆਰ ਕਰਨਾ ਕਿਉਂਕਿ ਪਿਆਰ ਬਹੁਤ ਸਾਰੇ ਪਾਪਾਂ ਨੂੰ ਢੱਕ ਲੈਂਦਾ ਹੈ। 9ਬਿਨਾ ਕਿਸੇ ਸ਼ਿਕਾਇਤ ਦੇ ਇੱਕ ਦੂਸਰੇ ਦੀ ਆਓ ਭਗਤ ਕਰੋ। 10ਤੁਸੀਂ ਸਾਰਿਆਂ ਨੇ ਪਰਮੇਸ਼ੁਰ ਪਾਸੋਂ ਆਤਮਕ ਦਾਤਾਂ ਪ੍ਰਾਪਤ ਕੀਤੀਆਂ। ਪਰਮੇਸ਼ੁਰ ਨੇ ਤੁਹਾਨੂੰ ਆਪਣੀ ਕਿਰਪਾ ਵੱਖ ਵੱਖ ਢੰਗਾਂ ਨਾਲ ਦਰਸ਼ਾਈ ਹੈ। ਤੁਹਾਨੂੰ ਪਰਮੇਸ਼ੁਰ ਦੀਆਂ ਦਾਤਾਂ ਵਰਤਣ ਲਈ ਸੌਂਪੀਆਂ ਗਈਆਂ ਹਨ। ਇਸੇ ਲਈ, ਤੁਹਾਨੂੰ ਚੰਗੇ ਨੋਕਰਾਂ ਦੀ ਤਰ੍ਹਾਂ ਉਨ੍ਹਾਂ ਨੂੰ ਇੱਕ ਦੂਸਰੇ ਦੀ ਸੇਵਾ ਕਰਨ ਦੇ ਉਦੇਸ਼ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। 11ਜੇ ਕੋਈ ਵਿਅਕਤੀ ਬੋਲਦਾ ਹੈ ਤਾਂ ਉਸ ਨੂੰ ਪਰਮੇਸ਼ੁਰ ਦੇ ਸ਼ਬਦ ਬੋਲਣੇ ਚਾਹੀਦੇ ਹਨ। ਜਿਹੜਾ ਕੋਈ ਸੇਵਾ ਕਰਦਾ ਹੈ, ਉਸ ਨੂੰ ਅਜਿਹਾ ਉਸ ਤਾਕਤ ਨਾਲ ਕਰਨ ਦਿਓ ਜਿਹੜੀ ਪਰਮੇਸ਼ੁਰ ਉਸ ਨੂੰ ਦਿੰਦਾ ਹੈ, ਤਾਂ ਜੋ ਸਾਰੀਆਂ ਗੱਲਾਂ ਵਿੱਚ, ਪਰਮੇਸ਼ੁਰ ਮਸੀਹ ਯਿਸੂ ਰਾਹੀਂ ਮਹਿਮਾਮਈ ਹੋਵੇ। ਸ਼ਕਤੀ ਅਤੇ ਮਹਿਮਾ ਸਦੀਵੀ ਉਸੇ ਦੀ ਹੋਵੇ। ਆਮੀਨ। 12ਮੇਰੇ ਮਿੱਤਰੋ, ਉਨ੍ਹਾਂ ਦੁੱਖ ਭਰੇ ਤਸੀਹਿਆਂ ਤੇ ਹੈਰਾਨ ਨਾ ਹੋਵੋ ਜਿਹੜੇ ਤੁਸੀਂ ਭੋਗ ਰਹੇ ਹੋਂ, ਕਿਉਂਕਿ ਇਹ ਤਸੀਹੇ ਤੁਹਾਡੀ ਨਿਹਚਾ ਦੀ ਪਰੱਖ ਕਰਨ ਲਈ ਹਨ। ਇਹ ਨਾ ਸੋਚੋ ਕਿ ਤੁਹਾਡੇ ਨਾਲ ਕੁਝ ਅਜੀਬ ਵਾਪਰ ਰਿਹਾ ਹੈ। 13ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਤੁਸੀਂ ਮਸੀਹ ਦੇ ਤਸੀਹਿਆਂ ਵਿੱਚ ਸ਼ਰੀਕ ਹੋ ਰਹੇ ਹੋ ਤਾਂ ਜੋ ਜਦੋਂ ਉਹ ਮਹਿਮਾ ਵਿੱਚ ਆਵੇ ਤਾਂ, ਤੁਸੀਂ ਖੁਸ਼ ਅਤੇ ਆਨੰਦਿਤ ਹੋਵੋਂਗੇ। 14ਜੇ ਕੋਈ ਮਸੀਹ ਦੇ ਚੇਲੇ ਹੋਣ ਕਾਰਣ ਤੁਹਾਡੀ ਬੇਇੱਜ਼ਤੀ ਕਰਦਾ ਹੈ, ਤਾਂ ਖੁਸ਼ ਹੋਵੋ। ਕਿਉਂਕਿ ਮਹਿਮਾ ਦਾ ਆਤਮਾ, ਜੋ ਕਿ ਪਰਮੇਸ਼ੁਰ ਦਾ ਆਤਮਾ ਹੈ, ਤੁਹਾਡੇ ਨਾਲ ਹੈ। 15ਜੇਕਰ ਤੁਸੀਂ ਤਸੀਹੇ ਸਹਿੰਦੇ ਹੋ, ਤਾਂ ਇਹ ਗੱਲ ਯਕੀਨੀ ਬਣਾਓ ਕਿ ਇਹ ਕਾਤਿਲ ਹੋਣ ਵਾਸਤੇ ਜਾਂ ਚੋਰ, ਜਾਂ ਬਦੀ ਕਰਨ ਵਾਲੇ ਵਾਸਤੇ ਨਹੀਂ ਜਾਂ ਉਸ ਵਾਸਤੇ ਨਹੀਂ ਹਨ ਜਿਹੜਾ ਬਿਨ ਬੁਲਾਇਆਂ ਦੂਸਰਿਆਂ ਲੋਕਾਂ ਦੇ ਮਾਮਲਿਆਂ ਵਿੱਚ ਦਖਲ ਦਿੰਦਾ ਹੈ। 16ਪਰ ਜੇ ਤੁਸੀਂ ਇੱਕ ਮਸੀਹੀ ਹੋਣ ਕਰਕੇ ਤਸੀਹੇ ਝੱਲਦੇ ਹੋ ਤਾਂ ਸ਼ਰਮਿੰਦਗੀ ਮਹਿਸੂਸ ਨਾ ਕਰੋ, ਸਗੋਂ ਤੁਹਾਨੂੰ ਉਸ ਨਾਂ ਵਾਸਤੇ ਪਰਮੇਸ਼ੁਰ ਦੀ ਉਸਤਤਿ ਕਰਨੀ ਚਾਹੀਦੀ ਹੈ। 17ਨਿਆਂ ਦੀ ਘੜੀ ਆ ਚੁੱਕੀ ਹੈ ਅਤੇ ਇਹ ਨਿਆਂ ਪਰਮੇਸ਼ੁਰ ਦੇ ਪਰਿਵਾਰ ਨਾਲ ਆਰੰਭ ਹੋਵੇਗਾ। ਜੇਕਰ ਇਹ ਸਾਡੇ ਨਾਲ ਸ਼ੁਰੂ ਹੋਣ ਵਾਲਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਕੀ ਵਾਪਰੇਗਾ ਜਿਹੜੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ? 18“ਅਤੇ ਜੇਕਰ ਇੱਕ ਨੇਕ ਆਦਮੀ ਲਈ ਬਚਣਾ ਇੰਨਾ ਹੀ ਔਖਾ ਹੈ, ਉਸ ਵਿਅਕਤੀ ਨਾਲ ਕੀ ਵਾਪਰੇਗਾ ਜਿਹੜਾ ਪਰਮੇਸ਼ੁਰ ਦੇ ਖਿਲਾਫ਼ ਹੈ ਅਤੇ ਪਾਪੀ ਹੈ।” 19ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।


Copyrighted Material
Learn More

will be added

X\