1 ਥੱਸਲੁਨੀਕੀਆਂ ਨੂੰ 3

1- 2ਅਸੀਂ ਤੁਹਾਡੇ ਕੋਲ ਨਹੀਂ ਆ ਸੱਕੇ, ਪਰ ਹੋਰ ਕੁਝ ਸਮਾਂ ਇੰਤਜਾਰ ਕਰਨਾ ਬਹੁਤ ਔਖਾ ਸੀ। ਇਸ ਲਈ ਅਸੀਂ ਫ਼ੈਸਲਾ ਕੀਤਾ ਕਿ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜੀਏ ਤੇ ਅਥੇਨੇ ਵਿੱਚ ਇੱਕਲੇ ਰਹੀਏ। ਤਿਮੋਥਿਉਸ ਸਾਡਾ ਭਰਾ ਹੈ। ਉਹ ਪਰਮੇਸ਼ੁਰ ਲਈ ਸਾਡੇ ਨਾਲ ਕੰਮ ਕਰਦਾ ਹੈ ਉਹ ਯਿਸੂ ਮਸੀਹ ਬਾਰੇ ਖੁਸ਼ਖਬਰੀ ਫ਼ੈਲਾ ਰਿਹਾ ਹੈ। ਅਸੀਂ ਤਿਮੋਥਿਉਸ ਨੂੰ ਤੁਹਾਡੇ ਵਿਸ਼ਵਾਸ ਨੂੰ ਮਜਬੂਤ ਬਨਾਉਣ ਲਈ ਅਤੇ ਤੁਹਾਨੂੰ ਆਰਾਮ ਦੇਣ ਲਈ ਭੇਜਿਆ। 3ਅਸੀਂ ਤਿਮੋਥਿਉਸ ਨੂੰ ਇਸ ਲਈ ਭੇਜਿਆ ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਨ੍ਹਾਂ ਮੁਸੀਬਤਾਂ ਤੋਂ ਪਰੇਸ਼ਾਨ ਨਾ ਹੋਵੇ ਜਿਹੜੀਆਂ ਹੁਣ ਸਾਨੂੰ ਹਨ। ਤੁਸੀਂ ਖੁਦ ਜਾਣਦੇ ਹੋ ਕਿ ਉਹ ਮੁਸੀਬਤਾਂ ਸਾਡੇ ਨਾਲ ਵਾਪਰਨ ਵਾਲੀਆਂ ਹਨ। 4ਜਦੋਂ ਅਸੀਂ ਤੁਹਾਡੇ ਨਾਲ ਸਾਂ, ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਅਤੇ ਤੁਸੀਂ ਜਾਣਦੇ ਹੋ ਕਿ ਜਿਵੇਂ ਅਸੀਂ ਤੁਹਾਨੂੰ ਆਖਿਆ ਸੀ ਇਹ ਉਵੇਂ ਹੀ ਹੋਇਆ ਹੈ। 5ਇਹੀ ਕਾਰਣ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਵੱਲ ਭੇਜਿਆ ਤਾਂ ਜੋ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਕਾਰੀ ਹਾਸਿਲ ਕਰ ਸੱਕਾਂ। ਜਦੋਂ ਮੈਂ ਹੋਰ ਇੰਤਜਾਰ ਨਾ ਕਰ ਸੱਕਿਆ ਤਾਂ ਮੈਂ ਉਸ ਨੂੰ ਭੇਜ ਦਿੱਤਾ। ਮੈਨੂੰ ਡਰ ਸੀ ਕਿ ਸ਼ੈਤਾਨ ਜਿਹੜਾ ਲੋਕਾਂ ਨੂੰ ਪਰਤਾਉਂਦਾ ਹੈ ਸ਼ਾਇਦ ਉਸ ਨੇ ਤੁਹਾਨੂੰ ਪਰਤਾਵਿਆਂ ਨਾਲ ਹਰਾ ਦਿੱਤਾ ਹੋਵੇ। ਫ਼ੇਰ ਤਾਂ ਸਾਡੀ ਕੜੀ ਮਿਹਨਤ ਬੇਕਾਰ ਹੋ ਗਈ ਹੋਵੇਗ਼ੀ। 6ਪਰ ਤਿਮੋਥਿਉਸ ਤੁਹਾਡੇ ਕੋਲੋਂ ਸਾਡੇ ਕੋਲ ਵਾਪਸ ਆ ਗਿਆ। ਉਹ ਸਾਡੇ ਲਈ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਖੁਸ਼ਖਬਰੀ ਲਿਆਇਆ। ਉਸ ਨੇ ਸਾਨੂੰ ਦੱਸਿਆ ਕਿ ਤੁਹਾਡੇ ਕੋਲ ਹਮੇਸ਼ਾ ਸਾਡੀਆਂ ਚੰਗੀਆਂ ਯਾਦਾਂ ਹਨ। ਉਸ ਨੇ ਸਾਨੂੰ ਦੱਸਿਆ ਕਿ ਤੁਹਾਨੂੰ ਸਾਨੂੰ ਫ਼ੇਰ ਮਿਲਣ ਦੀ ਬਹੁਤ ਚਾਹਨਾ ਹੈ। ਇਸੇ ਤਰ੍ਹਾਂ, ਸਾਨੂੰ ਵੀ ਤੁਹਾਨੂੰ ਮਿਲਣ ਦੀ ਬਹੁਤ ਚਾਹਨਾ ਹੈ। 7ਇਸ ਲਈ ਭਰਾਵੋ ਅਤੇ ਭੈਣੋ, ਅਸੀਂ ਤੁਹਾਡੇ ਬਾਰੇ ਤੁਹਾਡੇ ਵਿਸ਼ਵਾਸ ਕਾਰਣ ਸੁਖੀ ਹਾਂ। ਅਸੀਂ ਤਕਲੀਫ਼ਾਂ ਅਤੇ ਪਰੇਸ਼ਾਨੀਆਂ ਨਾਲ ਘਿਰੇ ਹੋਈਏ ਪਰ ਅਸੀਂ ਹਾਲੇ ਵੀ ਸੁਖੀ ਹਾਂ। 8ਜੇਕਰ ਤੁਸੀਂ ਦ੍ਰਿੜਤਾ ਨਾਲ ਪ੍ਰਭੂ ਵਿੱਚ ਖਲੋਤੇ ਹੋਂ, ਫ਼ੇਰ ਸਾਡਾ ਜੀਵਨ ਸੱਚਮੁੱਚ ਭਰਪੂਰ ਹੈ। 9ਤੁਹਾਡੇ ਕਾਰਣ ਸਾਨੂੰ ਆਪਣੇ ਪਰਮੇਸ਼ੁਰ ਅੱਗੇ ਕਿੰਨੀ ਖੁਸ਼ੀ ਹੈ। ਇਸ ਲਈ ਅਸੀਂ ਪਰਮੇਸ਼ੁਰ ਦਾ ਧੰਨਵਾਦ ਕਰਦੇ ਹਾਂ। ਪਰ ਅਸੀਂ ਆਪਣੀ ਸਾਰੀ ਪ੍ਰਸੰਨਤਾ ਲਈ ਉਸਦਾ ਕਾਫ਼ੀ ਧੰਨਵਾਦ ਨਹੀਂ ਕਰ ਸੱਕਦੇ। 10ਅਸੀਂ ਰਾਤ ਦਿਨ ਤੁਹਾਡੇ ਬਾਰੇ ਪ੍ਰਾਰਥਨਾ ਕਰਦੇ ਰਹਿੰਦੇ ਹਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਅਸੀਂ ਇੱਕ ਵਾਰ ਫ਼ੇਰ ਉੱਥੇ ਆ ਸੱਕੀਏ ਤੇ ਤੁਹਾਨੂੰ ਮਿਲ ਸੱਕੀਏ ਤੁਹਾਡੇ ਵਿਸ਼ਵਾਸ ਨੂੰ ਹੋਰ ਮਜਬੂਤ ਬਨਾਉਣ ਲਈ ਤੁਹਾਨੂੰ ਸਾਰੀਆਂ ਚੀਜ਼ਾਂ ਪ੍ਰਦਾਨ ਕਰ ਸੱਕੀਏ। 11ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ੁਰ ਤੇ ਪਿਤਾ ਸਾਡਾ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਆਉਣ ਲਈ ਸਾਡਾ ਰਾਹ ਬਣਾਵੇਗਾ। 12ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡਾ ਪਿਆਰ ਵੱਧਾਵੇਗਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ੁਰ ਤੁਹਾਡੇ ਪ੍ਰੇਮ ਨੂੰ ਇੱਕ ਦੂਸਰੇ ਲਈ ਅਤੇ ਸਾਰਿਆਂ ਲਈ ਹੋਰ ਛਲਕਾਵੇਗਾ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਸਭ ਲੋਕਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਅਸੀਂ ਤੁਹਾਨੂੰ ਕਰਦੇ ਹਾਂ। 13ਅਸੀਂ ਇਹ ਪ੍ਰਾਰਥਨਾ ਇਸ ਲਈ ਕਰਦੇ ਹਾਂ ਤਾਂ ਜੋ ਤੁਹਾਡੇ ਹਿਰਦੇ ਮਜ਼ਬੂਤ ਬਣਾਏ ਜਾ ਸੱਕਣ। ਫ਼ੇਰ ਤੁਸੀਂ ਸਾਡੇ ਪਰਮੇਸ਼ੁਰ ਅਤੇ ਪਿਤਾ ਅੱਗੇ ਪਵਿੱਤਰ ਅਤੇ ਦੋਸ਼ ਰਹਿਤ ਹੋਵੋਂਗੇ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਪਵਿੱਤਰ ਲੋਕਾਂ ਨਾਲ ਆਵੇਗਾ।


Copyrighted Material
Learn More

will be added

X\