2 ਕੁਰਿੰਥੀਆਂ ਨੂੰ 13

1ਮੈਂ ਤੁਹਾਡੇ ਕੋਲ ਫ਼ੇਰ ਆਵਾਂਗਾ। ਇਹ ਤੀਸਰੀ ਵਾਰ ਹੋਵੇਗਾ। ਅਤੇ ਯਾਦ ਰੱਖੋ, “ਹਰ ਇੱਕ ਸ਼ਿਕਾਇਤ ਲਈ ਦੋ ਜਾਂ ਤਿੰਨ ਵਿਅਕਤੀ ਹੋਣੇ ਚਾਹੀਦੇ ਹਨ ਜੋ ਆਖ ਸੱਕਦੇ ਹੋਣ ਕਿ ਇਹ ਸੱਚ ਹੈ।” 2ਜਦੋਂ ਮੈਂ ਦੂਜੀ ਵਾਰੀ ਤੁਹਾਡੇ ਕੋਲ ਸਾਂ, ਮੈਂ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਜਿਨ੍ਹਾਂ ਨੇ ਪਹਿਲਾਂ ਪਾਪ ਕੀਤੇ ਸਨ। ਹੁਣ ਮੈਂ ਤੁਹਾਥੋਂ ਦੂਰ ਹਾਂ, ਮੈਂ ਬਾਕੀ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹਾਂ ਜਿਨ੍ਹਾਂ ਨੇ ਪਾਪ ਕੀਤੇ ਹਨ। ਜਦੋਂ ਮੈਂ ਤੁਹਾਡੇ ਕੋਲ ਫ਼ੇਰ ਵਾਪਸ ਆਵਾਂਗਾ ਮੈਂ ਤੁਹਾਨੂੰ ਸਜ਼ਾ ਦੇਵਾਂਗਾ। 3ਤੁਸੀਂ ਇਸ ਗੱਲ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਬੋਲ ਰਿਹਾ ਹੈ। ਮੇਰਾ ਸਬੂਤ ਇਹ ਹੈ ਕਿ ਮਸੀਹ ਤੁਹਾਨੂੰ ਸਜ਼ਾ ਦੇਣ ਲਈ ਕਮਜ਼ੋਰ ਨਹੀਂ ਹੈ। ਪਰ ਮਸੀਹ ਤੁਹਾਡੇ ਵਿੱਚਕਾਰ ਸ਼ਕਤੀਸ਼ਾਲੀ ਹੈ। 4ਇਹ ਠੀਕ ਹੈ ਜਦੋਂ ਮਸੀਹ ਨੂੰ ਸੂਲੀ ਟੰਗਿਆ ਗਿਆ ਸੀ ਉਹ ਕਮਜ਼ੋਰ ਸੀ। ਪਰ ਹੁਣ ਉਹ ਪਰਮੇਸ਼ੁਰ ਦੀ ਸ਼ਕਤੀ ਰਾਹੀਂ ਜਿਉਂਦਾ ਹੈ। ਅਤੇ ਇਹ ਵੀ ਸੱਚ ਹੈ ਕਿ ਅਸੀਂ ਮਸੀਹ ਵਿੱਚ ਕਮਜ਼ੋਰ ਹਾਂ। ਪਰ ਅਸੀਂ ਤੁਹਾਡੀ ਖਾਤਿਰ ਪਰਮੇਸ਼ੁਰ ਦੀ ਸ਼ਕਤੀ ਦੁਆਰਾ ਮਸੀਹ ਨਾਲ ਜਿਉਂਵਾਂਗੇ। 5ਆਪਣੇ ਆਪ ਦੀ ਪਰੀਖਿਆ ਕਰੋ ਅਤੇ ਵੇਖੋ ਕਿ ਕੀ ਤੁਸੀਂ ਵਿਸ਼ਵਾਸ ਵਿੱਚ ਜਿਉਂ ਰਹੇ ਹੋ? ਤੁਹਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਯਿਸੂ ਤੁਹਾਡੇ ਵਿੱਚ ਹੈ। ਪਰ ਜੇ ਤੁਸੀਂ ਪਰੀਖਿਆ ਵਿੱਚੋਂ ਫ਼ੇਲ ਹੋ ਗਏ ਤਾਂ ਮਸੀਹ ਤੁਹਾਡੇ ਅੰਦਰ ਨਹੀਂ ਰਹਿ ਰਿਹਾ। 6ਪਰ ਮੈਨੂੰ ਉਮੀਦ ਹੈ ਕਿ ਤੁਸੀਂ ਦੇਖ ਲਵੋਂਗੇ ਕਿ ਅਸੀਂ ਪਰੱਖ ਵਿੱਚੋਂ ਫ਼ੇਲ ਨਹੀਂ ਹਾਂ। 7ਅਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਮਾੜਾ ਕੰਮ ਨਾ ਕਰੋ। ਕੀ ਇਹ ਗੱਲ ਮਹੱਤਵਪੂਰਣ ਨਹੀਂ ਹੈ ਕਿ ਇਹ ਲੋਕ ਵੇਖਣ ਕਿ ਅਸੀਂ ਪਰੀਖਿਆ ਵਿੱਚ ਸਫ਼ਲ ਹੋ ਗਏ ਹਾਂ। ਪਰ ਮਹੱਤਵਪੂਰਣ ਗੱਲ ਇਹ ਹੈ ਕਿ ਤੁਸੀਂ ਉਹੀ ਕਰੋ ਜੋ ਠੀਕ ਹੈ। ਭਾਵੇਂ ਇਹ ਲੱਗਦਾ ਹੈ ਕਿ ਅਸੀਂ ਪਰੱਖ ਵਿੱਚ ਅਸਫ਼ਲ ਹੋ ਗਏ ਹਾਂ। 8ਅਸੀਂ ਕੁਝ ਵੀ ਨਹੀਂ ਕਰ ਸੱਕਦੇ ਜੋ ਸੱਚ ਦੇ ਵਿਰੁੱਧ ਹੈ। ਅਸੀਂ ਓਹੀ ਗੱਲਾਂ ਕਰ ਸੱਕਦੇ ਹਾਂ ਜਿਹੜੀਆਂ ਸੱਚ ਲਈ ਹਨ। 9ਅਸੀਂ ਕਮਜ਼ੋਰ ਹੋਣ ਲਈ ਖੁਸ਼ ਹਾਂ ਜੇ ਤੁਸੀਂ ਤਾਕਤਵਰ ਹੋ। ਅਤੇ ਸਾਡੀ ਪ੍ਰਾਰਥਨਾ ਹੈ ਕਿ ਤੁਸੀਂ ਹੋਰ ਵੱਧੇਰੇ ਤਕੜੇ ਹੋਵੋ। 10ਇਹ ਗੱਲਾਂ ਮੈਂ ਤੁਹਾਨੂੰ ਤੁਹਾਡੀ ਗੈਰ ਹਾਜ਼ਰੀ ਵਿੱਚ ਲਿਖ ਰਿਹਾ ਹਾਂ ਇਹ ਮੈਂ ਇਸ ਲਈ ਆਖ ਰਿਹਾ ਹਾਂ ਤਾਂ ਜੋ ਜਦੋਂ ਮੈਂ ਤੁਹਾਡੇ ਕੋਲ ਆਵਾਂ ਤਾਂ ਮੈਨੂੰ ਆਪਣੀ ਸ਼ਕਤੀ ਤੁਹਾਨੂੰ ਸਜ਼ਾ ਦੇਣ ਵਾਸਤੇ ਨਾ ਵਰਤਨੀ ਪਵੇ। ਪ੍ਰਭੂ ਨੇ ਇਹ ਸ਼ਕਤੀ ਮੈਨੂੰ ਤੁਹਾਨੂੰ ਤਕੜਾ ਬਨਾਉਣ ਲਈ ਪ੍ਰਦਾਨ ਕੀਤੀ ਹੈ। ਤੁਹਾਨੂੰ ਤਬਾਹ ਕਰਨ ਲਈ ਨਹੀਂ। 11ਹੁਣ ਭਰਾਵੋ ਅਤੇ ਭੈਣੋ, ਤੁਹਾਨੂੰ ਅਲਵਿਦਾ। ਸੰਪੂਰਣ ਬਨਣ ਦੀ ਕੋਸ਼ਿਸ਼ ਕਰੋ। ਉਹੀ ਕਰੋ ਜੋ ਕੁਝ ਮੈਂ ਤੁਹਾਨੂੰ ਕਰਨ ਲਈ ਕਿਹਾ ਹੈ। ਇੱਕ ਦੂਸਰੇ ਨਾਲ ਸਹਿਮਤ ਹੋਵੋ ਅਤੇ ਸ਼ਾਂਤੀ ਵਿੱਚ ਜਿਉਂਵੋ। ਫ਼ੇਰ ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇਗਾ। 12ਜਦੋਂ ਤੁਸੀਂ ਇੱਕ ਦੂਸਰੇ ਨੂੰ ਸ਼ੁਭਕਾਮਨਾ ਦਿਉ, ਤਾਂ ਇੱਕ ਦੂਸਰੇ ਨੂੰ ਇੱਕ ਪਵਿੱਤਰ ਚੁੰਮੀ ਦਿਉ। ਪਰਮੇਸ਼ੁਰ ਦੇ ਸਭ ਪਵਿੱਤਰ ਲੋਕ ਤੁਹਾਡਾ ਸੁਆਗਤ ਕਰਦੇ ਹਨ। 13ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ੁਰ ਦਾ ਪਿਆਰ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਸਾਰਿਆਂ ਦੇ ਨਾਲ ਹੋਵੇ। ਆਮੀਨ।


Copyrighted Material
Learn More

will be added

X\