2 ਕੁਰਿੰਥੀਆਂ ਨੂੰ 9

1ਅਸਲ ਵਿੱਚ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਦੀ ਇਸ ਮਦਦ ਬਾਰੇ ਲਿਖਣ ਦੀ, ਮੇਰੇ ਲਈ, ਕੋਈ ਜ਼ਰੂਰਤ ਨਹੀਂ। 2ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਸਹਾਇਤਾ ਕਰਨੀ ਚਾਹੁੰਦੇ ਹੋ। ਇਸ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਨੂੰ ਮਾਣ ਨਾਲ ਕਹਿੰਦਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਅਖਾਯਾ ਦੇ ਲੋਕ ਪਿੱਛਲੇ ਵਰ੍ਹੇ ਤੋਂ ਹੀ ਦਾਨ ਦੇਣ ਲਈ ਤਿਆਰ ਸੀ। ਅਤੇ ਤੁਹਾਡੀ ਦੇਣ ਦੀ ਇਸ ਕਾਮਨਾ ਨੇ ਹੋਰ ਬਹੁਤ ਸਾਰੇ ਲੋਕਾਂ ਵਿੱਚ ਵੀ ਦੇਣ ਦੀ ਕਾਮਨਾ ਨੂੰ ਪੈਦਾ ਕੀਤਾ ਹੈ। 3ਪਰ ਮੈਂ ਤੁਹਾਡੇ ਵੱਲ ਭਰਾਵਾਂ ਨੂੰ ਘੱਲ ਰਿਹਾ ਹਾਂ। ਮੈਂ ਨਹੀਂ ਚਾਹੁੰਦਾ ਕਿ ਇਸ ਮਾਮਲੇ ਸੰਬੰਧੀ ਤੁਹਾਡੇ ਬਾਰੇ ਮੇਰਾ ਇਹ ਘਮੰਡ ਵਿਅਰਥ ਜਾਵੇ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸੇ ਤਰ੍ਹਾਂ ਤਿਆਰ ਰਹੋ ਜਿਵੇਂ ਮੈਂ ਤੁਹਾਡੇ ਬਾਰੇ ਕਿਹਾ ਸੀ। 4ਜੇ ਮਕਦੂਨਿਯਾ ਤੋਂ ਕੋਈ ਲੋਕ ਮੇਰੇ ਨਾਲ ਆਉਂਦੇ ਹਨ ਤੇ ਉਨ੍ਹਾਂ ਨੂੰ ਪਤਾ ਚਲਦਾ ਹੈ ਕਿ ਤੁਸੀਂ ਇਸ ਬਾਰੇ ਤਿਆਰ ਨਹੀਂ ਹੋ ਤਾਂ ਇਹ ਸਾਡਾ ਅਪਮਾਨ ਹੋਵੇਗਾ। ਅਸੀਂ ਇਸ ਗੱਲੋਂ ਸ਼ਰਮਿੰਦੇ ਹੋਵਾਂਗੇ ਕਿ ਅਸੀਂ ਤੁਹਾਡੇ ਬਾਰੇ ਇੰਨੇ ਭਰੋਸੇਮੰਦ ਸਾਂ। ਆਖਣ ਦੀ ਲੋੜ ਨਹੀਂ ਕਿ ਤੁਸੀਂ ਵੀ ਸ਼ਰਮਿੰਦਾ ਹੋਵੋਂਗੇ। 5ਇਸ ਲਈ ਮੈਂ ਸੋਚਿਆ ਕਿ ਇਸਤੋਂ ਪਹਿਲਾਂ ਕਿ ਅਸੀਂ ਤੁਹਾਡੇ ਵੱਲ ਆਈਏ ਮੈਨੂੰ ਚਾਹੀਦਾ ਹੈ ਕਿ ਇਨ੍ਹਾਂ ਭਰਾਵਾਂ ਨੂੰ ਤੁਹਾਡੇ ਵੱਲ ਘੱਲਾਂ। ਉਹ ਤੋਹਫ਼ਾ ਤਿਆਰ ਕਰ ਸੱਕਣਗੇ ਜਿਸਦਾ ਤੁਸੀਂ ਵਾਅਦਾ ਕੀਤਾ ਸੀ। ਇਹ ਤੁਹਾਡਾ ਤੋਹਫ਼ਾ ਹੋਵੇਗਾ। ਫ਼ੇਰ ਜਦੋਂ ਅਸੀਂ ਆਵਾਂਗੇ ਤਾਂ ਉਹ ਤੋਹਫ਼ਾ ਤਿਆਰ ਹੋਵਗਾ ਜਿਹੜਾ ਤੁਸੀਂ ਦੇਣਾ ਚਾਹੁੰਦੇ ਸੀ। ਫ਼ੇਰ ਇਹ ਤੋਹਫ਼ਾ ਇੱਕ ਸਵੈਂਇੱਛਿਤ ਤੋਹਫ਼ਾ ਹੋਵੇਗਾ ਨਾ ਕਿ ਅਣਇੱਛਿਤ। 6ਇਹ ਯਾਦ ਰੱਖੋ: ਜਿਹੜਾ ਵਿਅਕਤੀ ਥੋੜਾ ਬੀਜਦਾ ਹੈ ਉਹ ਥੋੜਾ ਹੀ ਪ੍ਰਾਪਤ ਕਰਦਾ ਹੈ। ਪਰ ਜਿਹੜਾ ਬਹੁਤਾ ਬੀਜਦਾ ਹੈ ਉਹ ਬਹੁਤਾ ਕੱਟੇਗਾ। 7ਹਰ ਆਦਮੀ ਨੂੰ ਉਹੀ ਦੇਣਾ ਚਾਹੀਦਾ ਹੈ ਜੋ ਕੁਝ ਵੀ ਉਸ ਨੇ ਆਪਣੇ ਦਿਲ ਵਿੱਚ ਨਿਸ਼ਚਿਤ ਕੀਤਾ ਹੈ। ਕਿਸੇ ਨੂੰ ਵੀ ਉਦਾਸੀ ਨਾਲ ਨਹੀਂ ਦੇਣਾ ਚਾਹੀਦਾ। ਪਰਮੇਸ਼ੁਰ ਉਸੇ ਨੂੰ ਪਿਆਰ ਕਰਦਾ ਹੈ ਜੋ ਪਿਆਰ ਨਾਲ ਦਿੰਦਾ ਹੈ। 8ਤੇ ਪਰਮੇਸ਼ੁਰ ਤੁਹਾਨੂੰ ਤੁਹਾਡੀ ਲੋੜਾਂ ਨਾਲੋਂ ਵੱਧ ਅਸੀਸਾਂ ਦੇ ਸੱਕਦਾ ਹੈ। ਜਦੋਂ ਤੁਹਾਡੇ ਕੋਲ ਹਮੇਸ਼ਾ ਹਰ ਚੀਜ਼ ਦੀ ਬਹੁਤਾਤ ਹੋਵੇਗੀ। ਤੁਹਾਡੇ ਕੋਲ ਹਰ ਚੰਗੇ ਕਾਰਜ ਲਈ ਦੇਣ ਲਈ ਕਾਫ਼ੀ ਕੁਝ ਹੋਵੇਗਾ। 9ਇਹ ਪੋਥੀਆਂ ਵਿੱਚ ਲਿਖਿਆ ਹੈ, “ਉਹ ਗਰੀਬਾਂ ਨੂੰ ਵੱਡੇ ਦਿਲ ਨਾਲ ਦਿੰਦਾ ਹੈ, ਉਸਦੀ ਮਿਹਰ ਸਦਾ ਸਥਿਰ ਰਹਿੰਦੀ ਹੈ।” 10ਪਰਮੇਸ਼ੁਰ ਹੀ ਹੈ ਜਿਹੜਾ ਬੀਜਣ ਵਾਲੇ ਨੂੰ ਬੀਜ ਪ੍ਰਦਾਨ ਕਰਦਾ ਹੈ। ਅਤੇ ਭੋਜਨ ਲਈ ਰੋਟੀ ਦਿੰਦਾ ਹੈ। ਅਤੇ ਪਰਮੇਸ਼ੁਰ ਤੁਹਾਨੂੰ ਆਤਮਕ ਬੀਜ ਦੇਵੇਗਾ ਅਤੇ ਜਿਹੜਾ ਇਸ ਨੂੰ ਉਗਾਵੇਗਾ। ਉਹ ਤੁਹਾਡੀ ਚੰਗਿਆਈ ਵਿੱਚੋਂ ਵੱਡੀ ਫ਼ਸਲ ਵੱਢੇਗਾ। 11ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਨਾਲ ਅਮੀਰ ਬਣਾਵੇਗਾ ਤਾਂ ਜੋ ਤੁਸੀਂ ਹਮੇਸ਼ਾ ਉਦਾਰਤਾ ਨਾਲ ਦਾਨ ਕਰ ਸੱਕੋਂ। ਅਤੇ ਸਾਡੇ ਰਾਹੀਂ ਤੁਹਾਡਾ ਦਿੱਤਾ ਹੋਇਆ ਦਾਨ ਲੋਕਾਂ ਨੂੰ ਪਰਮੇਸ਼ੁਰ ਦਾ ਧੰਨਵਾਦੀ ਬਣਾਵੇਗਾ। 12ਜਿਹੜਾ ਚੰਦਾ ਤੁਸੀਂ ਇਸ ਸੇਵਾ ਲਈ ਦਿੰਦੇ ਹੋ ਉਹ ਪਰਮੇਸ਼ੁਰ ਦੇ ਲੋਕਾਂ ਦੀਆਂ ਲੋੜਾਂ ਵਿੱਚ ਮਦਦ ਕਰਦਾ ਹੈ। ਪਰ ਤੁਹਾਡੀ ਸੇਵਾ ਕੇਵਲ ਇੰਨੀ ਹੀ ਨਹੀਂ ਹੈ। ਇਹ ਪਰਮੇਸ਼ੁਰ ਲਈ ਹੋਰ ਵੱਧੇਰੇ ਧੰਨਵਾਦ ਲਿਆਉਂਦੀ ਹੈ। 13ਜਿਹੜਾ ਚੰਦਾ ਤੁਸੀਂ ਦਿੰਦੇ ਹੋ ਉਹ ਤੁਹਾਡੇ ਵਿਸ਼ਵਾਸ ਦਾ ਪ੍ਰਮਾਣ ਹੈ। ਇਸ ਵਾਸਤੇ ਲੋਕੀਂ ਪਰਮੇਸ਼ੁਰ ਦੀ ਉਸਤਤਿ ਕਰਨਗੇ। ਉਹ ਪਰਮੇਸ਼ੁਰ ਦੀ ਉਸਤਤਿ ਇਸ ਵਾਸਤੇ ਕਰਨਗੇ ਕਿਉਂਕਿ ਤੁਸੀਂ ਮਸੀਹ ਦੀ ਖੁਸ਼ਖਬਰੀ ਪਿੱਛੇ ਚਲਦੇ ਹੋ ਉਹ ਖੁਸ਼ਖਬਰੀ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਲੋਕੀ ਪਰਮੇਸ਼ੁਰ ਦੀ ਉਸਤਤਿ ਕਰਨਗੇ ਕਿਉਂਕਿ ਤੁਸੀਂ ਉਨ੍ਹਾਂ ਨਾਲ ਅਤੇ ਸਾਰੇ ਲੋਕਾਂ ਨਾਲ ਸਾਂਝਾ ਕਰਦੇ ਹੋ। 14ਅਤੇ ਜਦੋਂ ਉਹ ਲੋਕ ਪ੍ਰਾਰਥਨਾ ਕਰਨਗੇ, ਉਹ ਕਲਪਨਾ ਕਰਨਗੇ ਕਿ ਤੁਹਾਡੇ ਨਾਲ ਰਹਿਣ। ਉਹ ਅਜਿਹਾ ਇਸ ਲਈ ਕਰਨਗੇ ਕਿਉਂਕਿ ਪਰਮੇਸ਼ੁਰ ਦੀ ਭਰਪੂਰ ਕਿਰਪਾ ਤੁਹਾਡੇ ਨਾਲ ਹੈ। 15ਇਸ ਦਾਤ ਲਈ ਪਰਮੇਸ਼ੁਰ ਦਾ ਧੰਨਵਾਦ ਹੋਵੇ ਜੋ ਵਰਨਣ ਕਰਨ ਲਈ ਬਹੁਤ ਅਚੰਭਿਤ ਹੈ।


Copyrighted Material
Learn More

will be added

X\