2 ਥੱਸਲੁਨੀਕੀਆਂ ਨੂੰ 2

1ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਬਾਰੇ ਦੱਸਣਾ ਚਾਹੁੰਦੇ ਹਾਂ। ਅਸੀਂ ਤੁਹਾਡੇ ਨਾਲ ਉਸ ਸਮੇਂ ਬਾਰੇ ਗੱਲ ਕਰਨਾ ਚਾਹੁੰਦੇ ਹਾਂ ਜਦੋਂ ਅਸੀਂ ਉਸ ਵਿੱਚ ਮਿਲਕੇ ਇਕੱਠੇ ਹੋਵਾਂਗੇ। 2ਆਪਣੇ ਮਨਾਂ ਵਿੱਚ ਪਰੇਸ਼ਾਨ ਨਾ ਹੋਵੋ ਅਤੇ ਘਬਰਾਓ ਨਾ ਜੇਕਰ ਤੁਸੀਂ ਸੁਣੋਂ ਕਿ ਸਾਡੇ ਪ੍ਰਭੂ ਦਾ ਦਿਨ ਪਹਿਲਾਂ ਹੀ ਆ ਚੁੱਕਾ ਹੈ। ਕੋਈ ਇਹ ਗੱਲ ਅਗੰਮ ਵਾਕ ਜਾਂ ਸੰਦੇਸ਼ ਵਿੱਚ ਵੀ ਆਖ ਸੱਕਦਾ ਹੈ। ਜਾਂ ਤੁਸੀਂ ਇਸ ਬਾਰੇ ਕਿਸੇ ਚਿੱਠੀ ਵਿੱਚ ਪੜ੍ਹੋ ਜੋ ਕਿ ਕੋਈ ਦਾਵਾ ਕਰ ਸੱਕਦਾ ਹੈ ਕਿ ਉਹ ਪੱਤਰ ਸਾਡੇ ਵੱਲੋਂ ਹੈ। 3ਕਿਸੇ ਵੀ ਵਿਅਕਤੀ ਨੂੰ ਆਪਣੇ ਆਪ ਨੂੰ ਮੂਰਖ ਨਾ ਬਨਾਉਣ ਦਿਉ। ਪ੍ਰਭੂ ਦਾ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਵਿਦ੍ਰੋਹ ਨਹੀਂ ਹੁੰਦਾ ਅਤੇ ਕੁਧਰਮੀ ਜੋ ਨਰਕ ਨਾਲ ਸਬੰਧਿਤ ਹੈ, ਪ੍ਰਗਟ ਨਹੀਂ ਹੁੰਦਾ। 4ਕੁਧਰਮੀ ਪਰਮੇਸ਼ੁਰ ਨਾਮੀਂ ਹਰ ਚੀਜ਼ ਦਾ ਜਾਂ ਕੋਈ ਵੀ ਚੀਜ਼ ਜਿਸਦੀ ਲੋਕ ਉਪਾਸਨਾ ਕਰਦੇ ਹਨ ਵਿਰੋਧੀ ਹੈ। ਅਤੇ ਉਸ ਕੁਧਰਮੀ ਨੇ ਆਪਣੇ ਆਪ ਨੂੰ ਹਰ ਉਸ ਚੀਜ਼ ਨਾਲੋਂ; ਜਿਸ ਨੂੰ ਪਰਮੇਸ਼ੁਰ ਆਖਦੇ ਹਨ ਜਾਂ ਜਿਸਦੀ ਲੋਕ ਉਪਾਸਨਾ ਕਰਦੇ ਹਨ, ਆਪਣੇ ਆਪ ਨੂੰ ਉੱਚਾ ਬਣਾਇਆ ਹੈ ਅਤੇ ਬਦੀ ਦਾ ਉਹ ਮਾਨਵ ਪਰਮੇਸ਼ੁਰ ਦੇ ਮੰਦਰ ਵਿੱਚ ਵੀ ਜਾਂਦਾ ਹੈ ਅਤੇ ਉੱਥੇ ਬੈਠਦਾ ਹੈ ਫ਼ੇਰ ਉਹ ਆਖਦਾ ਹੈ ਕਿ ਉਹ ਪਰਮੇਸ਼ੁਰ ਹੈ। 5ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਜਦੋਂ ਮੈਂ ਹਾਲੇ ਤੁਹਾਡੇ ਨਾਲ ਸਾਂ ਕਿ ਇਹ ਸਭ ਗੱਲਾਂ ਵਾਪਰਨਗੀਆਂ। ਕੀ ਤੁਹਾਨੂੰ ਯਾਦ ਹੈ? 6ਅਤੇ ਤੁਸੀਂ ਜਾਣਦੇ ਹੋ ਕਿ ਕੁਧਰਮੀ ਨੂੰ ਹੁਣ ਕਿਹੜੀ ਚੀਜ਼ ਰੋਕ ਰਹੀ ਹੈ ਉਸ ਨੂੰ ਹੁਣ ਇਸ ਲਈ ਰੋਕਿਆ ਜਾ ਰਿਹਾ ਹੈ ਕਿ ਉਹ ਸਹੀ ਸਮੇਂ ਪ੍ਰਗਟ ਹੋਵੇ। 7ਬਦੀ ਦੀ ਗੁਪਤ ਸ਼ਕਤੀ ਹੁਣ ਪਹਿਲਾਂ ਹੀ ਸੰਸਾਰ ਵਿੱਚ ਕਾਰਜ ਕਰ ਰਹੀ ਹੈ ਪਰ ਇੱਥੇ ਇੱਕ ਅਜਿਹਾ ਵੀ ਹੈ ਜਿਹੜਾ ਬਦੀ ਦੀ ਇਸ ਗੁਪਤ ਸ਼ਕਤੀ ਨੂੰ ਰੋਕ ਰਿਹਾ ਹੈ। ਉਹ ਇਸ ਨੂੰ ਉਦੋਂ ਤੱਕ ਰੋਕਦਾ ਰਹੇਗਾ ਜਦੋਂ ਤੱਕ ਉਹ ਹਟਾਇਆ ਨਹੀਂ ਜਾਂਦਾ। 8ਫ਼ੇਰ ਕੁਧਰਮੀ ਪ੍ਰਗਟ ਹੋਵੇਗਾ ਅਤੇ ਪ੍ਰਭੂ ਯਿਸੂ ਮਸੀਹ ਉਸ ਕੁਧਰਮੀ ਨੂੰ ਆਪਣੇ ਮੂੰਹ ਵਿੱਚੋਂ ਨਿਕਲਣ ਵਾਲੇ ਸਾਹ ਨਾਲ ਮਾਰ ਦੇਵੇਗਾ। ਪਭੂ ਯਿਸੂ ਕੁਧਰਮੀ ਨੂੰ ਆਪਣੀ ਮਹਿਮਾਮਈ ਆਮਦ ਨਾਲ ਤਬਾਹ ਕਰ ਦੇਵੇਗਾ। 9ਕੁਧਰਮੀ ਸ਼ੈਤਾਨ ਦੀ ਸ਼ਕਤੀ ਨਾਲ ਆਵੇਗਾ ਉਸ ਕੋਲ ਬਹੁਤ ਵੱਡੀ ਸ਼ਕਤੀ ਹੋਵੇਗੀ, ਅਤੇ ਉਹ ਕਈ ਤਰ੍ਹਾਂ ਦੇ ਝੂਠੇ ਕਰਿਸ਼ਮੇ, ਨਿਸ਼ਾਨ ਅਤੇ ਅਚੰਭੇ ਕਰੇਗਾ। 10ਕੁਧਰਮੀ ਉਨ੍ਹਾਂ ਲੋਕਾਂ ਨਾਲ ਧੋਖਾ ਕਰਨ ਲਈ ਹਰ ਤਰ੍ਹਾਂ ਦਾ ਛਲ ਕਪਟ ਕਰੇਗਾ ਜਿਹੜੇ ਪਹਿਲਾਂ ਹੀ ਗੁਆਚੇ ਹੋਏ ਹਨ। ਉਹ ਲੋਕ ਇਸ ਲਈ ਗੁਆਚੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਹੈ। ਜੇ ਉਹ ਸੱਚ ਨੂੰ ਪਿਆਰ ਕਰਦੇ, ਉਹ ਬਚ ਜਾਂਦੇ। 11ਪਰ ਉਨ੍ਹਾਂ ਲੋਕਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕੀਤਾ ਇਸ ਲਈ ਪਰਮੇਸ਼ੁਰ ਉਨ੍ਹਾਂ ਵੱਲ ਅਜਿਹੀ ਸ਼ਕਤੀ ਸ਼ਾਲੀ ਚੀਜ਼ ਭੇਜਦਾ ਹੈ ਜਿਹੜੀ ਉਨ੍ਹਾਂ ਨੂੰ ਸੱਚ ਤੋਂ ਦੂਰ ਲੈ ਜਾਂਦੀ ਹੈ। ਪਰਮੇਸ਼ੁਰ ਇਹ ਸ਼ਕਤੀ ਉਨ੍ਹਾਂ ਵੱਲ ਇਸ ਲਈ ਭੇਜਦਾ ਹੈ ਤਾਂ ਜੋ ਉਹ ਕਿਸੇ ਅਜਿਹੀ ਚੀਜ਼ ਵਿੱਚ ਵਿਸ਼ਵਾਸ ਕਰਨ, ਜਿਹੜੀ ਸੱਚ ਨਹੀਂ ਹੈ। 12ਇਸ ਲਈ ਉਹ ਸਾਰੇ ਲੋਕ ਜਿਹੜੇ ਸੱਚ ਵਿੱਚ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਹੋਵੇਗਾ। ਉਨ੍ਹਾਂ ਨੇ ਸੱਚ ਵਿੱਚ ਵਿਸ਼ਵਾਸ ਨਹੀਂ ਕੀਤਾ, ਇਸ ਲਈ ਉਨ੍ਹਾਂ ਨੇ ਬਦੀ ਕਰਦਿਆਂ ਆਨੰਦ ਮਾਣਿਆ। 13ਭਰਾਵੋ ਅਤੇ ਭੈਣੋ, ਪ੍ਰਭੂ ਤੁਹਾਨੂੰ ਪਿਆਰ ਕਰਦਾ ਹੈ। ਪਰਮੇਸ਼ੁਰ ਨੇ ਸ਼ੁਰੂ ਤੋਂ ਹੀ ਤੁਹਾਨੂੰ ਬਚਾਉਣ ਲਈ ਚੁਣ ਲਿਆ ਸੀ, ਇਸ ਲਈ ਸਾਨੂੰ ਹਮੇਸ਼ਾ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਨਾ ਚਾਹੀਦਾ ਹੈ। ਜਿਹੜਾ ਆਤਮਾ ਤੁਹਾਨੂੰ ਪਵਿੱਤਰ ਬਣਾਉਂਦਾ ਹੈ ਉਸ ਕਰਕੇ ਅਤੇ ਤੁਹਾਡੇ ਸੱਚ ਤੇ ਵਿਸ਼ਵਾਸ ਕਰਨ ਕਰਕੇ, ਤੁਹਾਨੂੰ ਬਚਾ ਲਿਆ ਗਿਆ ਹੈ। 14ਪਰਮੇਸ਼ੁਰ ਨੇ ਤੁਹਾਨੂੰ ਇਹ ਮੁਕਤੀ ਹਾਸਿਲ ਕਰਨ ਲਈ ਸੱਦਿਆ ਸੀ। ਉਸ ਨੇ ਤੁਹਾਨੂੰ ਉਸ ਖੁਸ਼ਖਬਰੀ ਦੀ ਵਰਤੋਂ ਰਾਹੀਂ ਸੱਦਿਆ ਸੀ, ਜਿਸਦਾ ਅਸੀਂ ਪ੍ਰਚਾਰ ਕੀਤਾ। ਪਰਮੇਸ਼ੁਰ ਨੇ ਤੁਹਾਨੂੰ ਇਸ ਲਈ ਸੱਦਿਆ ਸੀ ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਵਿੱਚ ਹਿੱਸੇਦਾਰ ਹੋ ਸੱਕੋਂ 15ਇਸ ਲਈ ਭਰਾਵੋ ਅਤੇ ਭੈਣੋ ਮਜ਼ਬੂਤੀ ਨਾਲ ਖਲੋਵੋ ਅਤੇ ਉਨ੍ਹਾਂ ਉਪਦੇਸ਼ਾਂ ਵਿੱਚ ਵਿਸ਼ਵਾਸ ਕਰਦੇ ਰਹੋ ਜਿਹੜੇ ਅਸੀਂ ਤੁਹਾਨੂੰ ਦਿੱਤੇ ਹਨ ਅਸੀਂ ਤੁਹਾਨੂੰ ਉਹ ਉਪਦੇਸ਼ ਆਪਣੇ ਭਾਸ਼ਣ ਵਿੱਚ ਅਤੇ ਤੁਹਾਨੂੰ ਲਿਖੇ ਆਪਣੇ ਪੱਤਰਾਂ ਵਿੱਚ ਦਿੱਤੇ ਸਨ। 16- 17ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਖੁਦ ਅਤੇ ਪਰਮੇਸ਼ੁਰ ਸਾਡਾ ਪਿਤਾ ਤੁਹਾਡੇ ਦਿਲਾਂ ਨੂੰ ਸੁੱਖ ਦੇਵੇਗਾ ਅਤੇ ਤੁਹਾਨੂੰ ਹਰ ਚੰਗੀ ਗੱਲ ਵਿੱਚ ਜੋ, ਤੁਸੀਂ ਕਰਦੇ ਅਤੇ ਆਖਦੇ ਹੋ, ਬਲ ਬਖਸ਼ੇ ਸਨ। ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ। ਆਪਣੀ ਕਿਰਪਾ ਰਾਹੀਂ ਉਸ ਨੇ ਸਾਨੂੰ ਚੰਗੀ ਆਸ ਅਤੇ ਆਰਾਮ ਦਿੱਤਾ ਹੈ ਜਿਹੜਾ ਅਮਰ ਹੈ।


Copyrighted Material
Learn More

will be added

X\