ਰਸੂਲਾਂ ਦੇ ਕਰਤੱਬ 11

1ਯਹੂਦਿਯਾ ਵਿੱਚ ਰਸੂਲ ਅਤੇ ਭਰਾ ਜਾਣ ਗਏ ਕਿ ਗੈਰ-ਯਹੂਦੀ ਲੋਕਾਂ ਨੇ ਵੀ ਪਰਮੇਸ਼ੁਰ ਦੇ ਬਚਨਾਂ ਨੂੰ ਕਬੂਲ ਲਿਆ ਹੈ। 2ਪਰ ਜਦੋਂ ਪਤਰਸ ਯਰੂਸ਼ਲਮ ਨੂੰ ਵਾਪਸ ਆਇਆ, ਤਾਂ ਕੁਝ ਯਹੂਦੀ ਨਿਹਚਾਵਾਨਾਂ ਨੇ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਆਖਿਆ, 3“ਤੂੰ ਉਨ੍ਹਾਂ ਲੋਕਾਂ ਵੱਲ ਗਿਆ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ। ਸਗੋਂ ਤੂੰ ਉਨ੍ਹਾਂ ਨਾਲ ਰਲਕੇ ਭੋਜਨ ਵੀ ਕੀਤਾ।” 4ਤਾਂ ਪਤਰਸ ਨੇ ਉਨ੍ਹਾਂ ਨੂੰ ਇਹ ਸਾਰਾ ਬਿਰਤਾਂਤ ਸੁਣਾਇਆ ਅਤੇ ਕਿਹਾ, 5“ਜਦੋਂ ਮੈਂ ਯੱਪਾ ਸ਼ਹਿਰ ਵਿੱਚ ਸੀ, ਮੈਂ ਪ੍ਰਾਰਥਨਾ ਕਰਦੇ ਹੋਇਆਂ ਇੱਕ ਨਜ਼ਾਰੇ ਦਾ ਦਰਸ਼ਨ ਕੀਤਾ। ਉਸ ਦਰਸ਼ਨ ਵਿੱਚ ਮੈਂ ਕੁਝ ਅਕਾਸ਼ ਤੋਂ ਉੱਤਰਦਾ ਹੋਇਆ ਵੇਖਿਆ ਜੋ ਕਿ ਇੱਕ ਵੱਡੀ ਚਾਦਰ ਦੇ ਅਕਾਰ ਜਿਹਾ ਸੀ, ਜਿਸਦੇ ਚਾਰੇ ਪਲ੍ਹੇ ਬੰਨ੍ਹੇ ਹੋਏ ਸਨ, ਉਹ ਥੱਲੇ ਉੱਤਰਿਆ ਤੇ ਮੇਰੇ ਬੜੇ ਨਜ਼ਦੀਕ ਆਕੇ ਰੁਕ ਗਿਆ। 6ਮੈਂ ਉਸ ਦੇ ਅੰਦਰ ਵੇਖਿਆ ਤਾਂ ਉਸ ਵਿੱਚ ਜੰਗਲੀ ਤੇ ਪਾਲਤੂ ਜਾਨਵਰ, ਰੀਂਗਣ ਵਾਲੇ ਜੀਵ, ਅਕਾਸ਼ ਤੇ ਉੱਡਣ ਵਾਲੇ ਪੰਛੀ ਸਨ। 7ਮੈਂ ਇੱਕ ਅਵਾਜ਼ ਸੁਣੀ ਜੋ ਮੈਨੂੰ ਕਹਿ ਰਹੀ ਸੀ ‘ਪਤਰਸ ਉੱਠ, ਖਲੋ ਅਤੇ ਇਸ ਵਿੱਚੋਂ ਕਿਸੇ ਵੀ ਜੀਵ ਨੂੰ ਮਾਰਕੇ ਖਾ ਲੈ।’ 8“ਪਰ ਮੈਂ ਕਿਹਾ, ‘ਪ੍ਰਭੂ ਮੈਂ ਅਜਿਹਾ ਕਦੇ ਵੀ ਨਹੀਂ ਕਰ ਸੱਕਦਾ, ਮੈਂ ਕਦੇ ਵੀ ਕਿਸੇ ਅਸ਼ੁੱਧ ਜਾਂ ਅਪਵਿੱਤਰ ਵਸਤੂ ਦਾ ਸੇਵਨ ਨਹੀਂ ਕੀਤਾ।’ 9“ਪਰ ਅਕਾਸ਼ ਵੱਲੋਂ ਅਵਾਜ਼ ਨੇ ਫ਼ਿਰ ਉੱਤਰ ਦਿੱਤਾ, ‘ਪਰਮੇਸ਼ੁਰ ਨੇ ਇਹ ਵਸਤਾਂ ਪਵਿੱਤਰ ਬਣਾਈਆਂ ਹਨ, ਇਨ੍ਹਾਂ ਨੂੰ ਅਪਵਿੱਤਰ ਨਾ ਆਖ।’ 10“ਇੰਝ ਤਿੰਨ ਵਾਰ ਵਾਪਰਿਆ ਅਤੇ ਫ਼ੇਰ ਉਹ ਸਾਰੀਆਂ ਚੀਜ਼ਾਂ ਵਾਪਸ ਉੱਪਰ ਅਕਾਸ਼ ਵੱਲ ਲਿਜਾਈਆਂ ਗਈਆਂ। 11ਉਸੇ ਵਕਤ, ਤਿੰਨ ਆਦਮੀ ਉਸ ਜਗ਼੍ਹਾ ਆਏ ਜਿੱਥੇ ਮੈਂ ਰਹਿ ਰਿਹਾ ਸੀ। ਇਹ ਤਿੰਨ ਆਦਮੀ ਕੈਸਰਿਯਾ ਸ਼ਹਿਰ ਤੋਂ ਮੇਰੇ ਕੋਲ ਭੇਜੇ ਗਏ ਸਨ। 12ਆਤਮਾ ਨੇ ਮੈਨੂੰ ਉਨ੍ਹਾਂ ਨਾਲ ਬਿਨਾ ਝਿਜਕ ਜਾਣ ਨੂੰ ਕਿਹਾ। ਇਹ ਛੇ ਭਰਾ, ਜੋ ਇੱਥੇ ਮੇਰੇ ਨਾਲ ਹਨ, ਇਹ ਵੀ ਮੇਰੇ ਨਾਲ ਗਏ। ਅਸੀਂ ਕੁਰਨੇਲਿਯੁਸ ਦੇ ਘਰ ਗਏ। 13ਉਸ ਨੇ ਸਾਨੂੰ ਕਿਹਾ, ਉਸ ਦੇ ਘਰ ਇੱਕ ਦੂਤ ਪ੍ਰਗਟਿਆ ਅਤੇ ਦੂਤ ਨੇ ਉਸ ਨੂੰ ਆਖਿਆ, ‘ਕੁਝ ਆਦਮੀਆਂ ਨੂੰ ਯੱਪਾ ਵਿੱਚ ਭੇਜ ਤਾਂ ਕਿ ਉਹ ਸ਼ਮਊਨ ਪਤਰਸ ਨੂੰ ਸੱਦਾ ਦੇਣ। 14ਉਹ ਤੈਨੂੰ ਉਹ ਗੱਲਾਂ ਦਸੇਗਾ ਜੋ ਤੈਨੂੰ ਅਤੇ ਤੇਰੇ ਘਰ ਵਿੱਚ ਸਾਰਿਆਂ ਨੂੰ ਬਚਾ ਸੱਕਦੀਆਂ ਹਨ।’ 15“ਜਦੋਂ ਮੈਂ ਬੋਲਣਾ ਸ਼ੁਰੂ ਕੀਤਾ, ਤਾਂ ਉਸੇ ਢੰਗ ਨਾਲ ਪਵਿੱਤਰ ਆਤਮਾ ਉਨ੍ਹਾਂ ਉੱਪਰ ਆਇਆ ਜਿਵੇਂ ਅਰੰਭ ਵਿੱਚ ਸਾਡੇ ਉੱਪਰ ਆਇਆ ਸੀ। 16ਤਦ ਮੈਨੂੰ ਪ੍ਰਭੂ ਦੇ ਬਚਨ ਚੇਤੇ ਆਏ। ਪ੍ਰਭੂ ਨੇ ਆਖਿਆ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਸੀ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।’ 17ਇਸ ਲਈ ਜੇਕਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਹੀ ਦਾਤ ਪ੍ਰਦਾਨ ਕੀਤੀ ਹੈ ਜੋ ਉਸ ਨੇ ਸਾਨੂੰ ਦਿੱਤੀ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਕੀਤਾ, ਤਾਂ ਫ਼ਿਰ ਪਰਮੇਸ਼ੁਰ ਦੇ ਕਾਰਜ ਦਾ ਵਿਰੋਧ ਕਰਨ ਵਾਲਾ ਮੈਂ ਕੌਣ ਸੀ?” 18ਜਦੋਂ ਯਹੂਦੀ ਨਿਹਚਾਵਾਨਾ ਨੇ ਇਹ ਸਭ ਸੁਣਿਆ ਤਾਂ ਉਨ੍ਹਾਂ ਨੇ ਬਹਿਸ ਕਰਨੀ ਬੰਦ ਕੀਤੀ ਅਤੇ ਪਰਮੇਸ਼ੁਰ ਦੀ ਉਸਤਤਿ ਕਰਦੇ ਹੋਏ ਆਖਿਆ, “ਇਸਦਾ ਮਤਲਬ ਹੈ ਕਿ ਪਰਮੇਸ਼ੁਰ ਨੇ ਪਰਾਈਆਂ ਕੌਮਾਂ ਨੂੰ ਵੀ ਮੌਕਾ ਦਿੱਤਾ ਹੈ ਕਿ ਉਹ ਵੀ ਆਪਣੇ ਆਪ ਨੂੰ ਬਦਲ ਕੇ ਸਾਡੇ ਵਰਗਾ ਜੀਵਨ ਬਤੀਤ ਕਰ ਸੱਕਣ।” 19ਇਸਤੀਫ਼ਾਨ ਦੇ ਮਾਰੇ ਜਾਣ ਤੋਂ ਬਾਅਦ, ਨਿਹਚਾਵਾਨ ਸਤਾਉ ਤੋਂ ਡਰਕੇ ਖਿੰਡਰ ਕੇ ਇਧਰ-ਉਧਰ ਹੋ ਗਏ ਸਨ। ਕੁਝ ਨਿਹਚਾਵਾਨ ਤਾਂ ਦੂਰ-ਦੁਰਾਡੀਆਂ ਥਾਵਾਂ ਜਿਵੇਂ ਕਿ ਫ਼ੈਨੀਕੋ, ਕੁਪਰੁਸ ਅਤੇ ਅੰਤਾਕਿਯਾ ਆਦਿ ਚ ਚੱਲੇ ਗਏ ਅਤੇ ਇਨ੍ਹਾਂ ਥਾਵਾਂ ਤੇ ਜਾਕੇ ਖੁਸ਼ਖਬਰੀ ਦਿੱਤੀ, ਪਰ ਇਹ ਖੁਸ਼ਖਬਰੀ ਉਨ੍ਹਾਂ ਸਿਰਫ਼ ਯਹੂਦੀਆਂ ਨੂੰ ਹੀ ਦਿੱਤੀ। 20ਪਰ ਉਨ੍ਹਾਂ ਵਿੱਚੋਂ ਕਈ ਮਨੁੱਖ ਕੁਰੇਨ ਅਤੇ ਕੁਪਰੁਸ ਦੇ ਸਨ, ਜਦੋਂ ਉਹ ਅੰਤਾਕਿਯਾ ਪਹੁੰਚੇ, ਤਾਂ ਉਨ੍ਹਾਂ ਨੇ ਪ੍ਰਭੂ ਯਿਸੂ ਬਾਰੇ ਖੁਸ਼ਖਬਰੀ ਬਾਰੇ ਯੂਨਾਨੀ ਲੋਕਾਂ ਨੂੰ ਵੀ ਦੱਸਿਆ। 21ਪ੍ਰਭੂ ਉਨ੍ਹਾਂ ਦੇ ਨਾਲ ਸੀ ਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ। ਇਸੇ ਕਾਰਣ ਲੋਕਾਂ ਦੀ ਇੱਕ ਵੱਡੀ ਗਿਣਤੀ ਨੇ ਪ੍ਰਭੂ ਦਾ ਅਨੁਸਰਣ ਕਰਨਾ ਸ਼ੁਰੂ ਕਰ ਦਿੱਤਾ। 22ਇਹ ਖਬਰ ਯਰੂਸ਼ਲਮ ਦੀ ਕਲੀਸਿਯਾ ਦੇ ਲੋਕਾਂ ਕੋਲ ਪਹੁੰਚੀ। ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਵਿੱਚ ਭੇਜਿਆ। 23- 24ਬਰਨਬਾਸ ਇੱਕ ਚੰਗਾ ਆਦਮੀ ਸੀ। ਉਹ ਪਵਿੱਤਰ ਆਤਮਾ ਅਤੇ ਨਿਹਚਾ ਨਾਲ ਭਰਪੂਰ ਸੀ। ਜਦੋਂ ਉਹ ਅੰਤਾਕਿਯਾ ਨੂੰ ਗਿਆ, ਉਹ ਪਰਮੇਸ਼ੁਰ ਦੀ ਕਿਰਪਾ ਨੂੰ ਕੰਮ ਤੇ ਵੇਖਕੇ ਬਹੁਤ ਖੁਸ਼ ਸੀ। ਉਸ ਨੇ ਸਾਰੇ ਨਿਹਚਾਵਾਨਾਂ ਨੂੰ ਉਨ੍ਹਾਂ ਦੇ ਸੱਚੇ ਦਿਲਾਂ ਨਾਲ ਪ੍ਰਭੂ ਦੇ ਵਫ਼ਾਦਾਰ ਹੋਣਾ ਜਾਰੀ ਰੱਖਣ ਲਈ ਉਤਸਾਹਤ ਕੀਤਾ। ਇਸ ਕਰਕੇ, ਬਹੁਤ ਸਾਰੇ ਲੋਕ ਪ੍ਰਭੂ ਦੇ ਚੇਲੇ ਬਣ ਗਏ। 25ਫ਼ਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ। 26ਜਦੋਂ ਉਸ ਨੇ ਸੌਲੁਸ ਨੂੰ ਲੱਭ ਲਿਆ, ਉਹ ਉਸ ਨੂੰ ਅੰਤਾਕਿਯਾ ਵਿੱਚ ਲੈ ਆਇਆ ਅਤੇ ਇਹ ਦੋਨੋਂ ਉੱਥੇ ਪੂਰਾ ਸਾਲ ਰਹੇ। ਹਰ ਵਾਰ ਨਿਹਚਾਵਾਨਾਂ ਦੀ ਮੰਡਲੀ ਇਕੱਠੀ ਹੋਕੇ ਆਈ। ਸੌਲੁਸ ਅਤੇ ਬਰਨਬਾਸ ਉਨ੍ਹਾਂ ਨੂੰ ਮਿਲੇ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖਿਆ ਦਿੱਤੀ। ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਯਿਸੂ ਦੇ ਚੇਲੇ “ਮਸੀਹੀ” ਕਹਾਏ। 27ਉਨ੍ਹੀਂ ਦਿਨੀ ਕਈ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਵਿੱਚ ਆਏ। 28ਉਨ੍ਹਾਂ ਵਿੱਚੋਂ ਇੱਕ ਨਬੀ ਜਿਸ ਦਾ ਨਾਂ ਆਗਬੁਸ ਸੀ ਉੱਠਿਆ ਅਤੇ ਉੱਠ ਕੇ ਪਵਿੱਤਰ ਆਤਮਾ ਦੇ ਰਾਹੀਂ ਇਹ ਦੱਸਿਆ, “ਇੱਥੇ ਸਾਰੀ ਧਰਤੀ ਤੇ ਬਹੁਤ ਵੱਡਾ ਕਾਲ ਪਵੇਗਾ।” (ਜਦੋਂ ਕਲੌਦਿਯਸ ਬਾਦਸ਼ਾਹ ਸੀ, ਅਸਲ ਵਿੱਚ ਇਹ ਕਾਲ ਵਾਪਰਿਆ।) 29ਨਿਹਚਾਵਾਨਾਂ ਨੇ ਆਪਣੇ ਉਨ੍ਹਾਂ ਭੈਣਾਂ ਭਰਾਵਾਂ ਦੀ ਮਦਦ ਕਰਨ ਦਾ ਨਿਸ਼ਚਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ। ਸਭ ਨਿਹਚਾਵਾਨਾਂ ਨੇ, ਜਿੰਨੀ ਹਰ ਕਿਸੇ ਤੋਂ ਹੋ ਸੱਕੇ ਉਨੀ ਉਨ੍ਹਾਂ ਦੀ ਮਦਦ ਕਰਨ ਦੀ ਵਿਉਂਤ ਬਣਾਈ। 30ਉਨ੍ਹਾਂ ਨੇ ਧਨ ਇਕੱਠਾ ਕਰਕੇ ਬਰਨਬਾਸ ਅਤੇ ਸੌਲੁਸ ਨੂੰ ਦਿੱਤਾ, ਫ਼ਿਰ ਉਹ ਇਹ ਧੰਨ ਇਕੱਠਾ ਕਰਕੇ ਯਹੂਦਿਯਾ ਵਿੱਚ ਬਜ਼ੁਰਗਾਂ ਕੋਲ ਲੈ ਕੇ ਆਏ।


Copyrighted Material
Learn More

will be added

X\