ਰਸੂਲਾਂ ਦੇ ਕਰਤੱਬ 12

1ਉਸ ਸਮੇਂ, ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਦੰਡ ਦੇਣੇ ਸ਼ੁਰੂ ਕੀਤੇ। 2ਹੇਰੋਦੇਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਦੇਣ ਦਾ ਹੁਕਮ ਦਿੱਤਾ। 3ਜਦੋਂ ਉਸ ਨੇ ਵੇਖਿਆ ਕਿ ਯਹੂਦੀਆਂ ਨੂੰ ਇਹ ਚੰਗਾ ਲੱਗਿਆ ਹੈ, ਤੰ ਉਸ ਨੇ ਪਤਰਸ ਨੂੰ ਵੀ ਗਿਰਫ਼ਤਾਰ ਕਰਨ ਦਾ ਨਿਸ਼ਚਾ ਕੀਤਾ। ਇਹ ਘਟਨਾ ਯਹੂਦੀਆਂ ਦੀਆਂ ਛੁੱਟੀਆਂ ਵਿੱਚ ਪਸਾਹ ਦੇ ਤਿਉਹਾਰ ਵੇਲੇ ਹੋਈ। 4ਹੇਰੋਦੇਸ ਨੇ ਪਤਰਸ ਨੂੰ ਗਿਰਫ਼ਤਾਰ ਕਰ ਲਿਆ ਅਤੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਉਸ ਨੇ ਸੋਲਾਂ ਸਿਪਾਹੀਆਂ ਨੂੰ ਉਸਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤਾ। ਉਹ ਪਸਾਹ ਦੇ ਤਿਉਹਾਰ ਦੇ ਲੰਘਣ ਦਾ ਇੰਤਜ਼ਾਰ ਕਰਨਾ ਚਾਹੁੰਦਾ ਸੀ ਅਤੇ ਫ਼ੇਰ ਪਤਰਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੀ। 5ਇਸ ਲਈ ਪਤਰਸ ਨੂੰ ਕੈਦ ਵਿੱਚ ਰੱਖਿਆ ਗਿਆ ਸੀ, ਪਰ ਨਿਹਚਾਵਾਨ ਲਗਾਤਾਰ ਪਰਮੇਸ਼ੁਰ ਅੱਗੇ ਉਸ ਲਈ ਪ੍ਰਾਰਥਨਾ ਕਰ ਰਹੇ ਸਨ। 6ਪਤਰਸ ਦੋ ਸਿਪਾਹੀਆਂ ਵਿੱਚਕਾਰ ਸੁੱਤਾ ਪਿਆ ਸੀ, ਜੋ ਉਸਤੇ ਨਿਗਰਾਨੀ ਲਈ ਸਨ ਅਤੇ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਸੀ ਅਤੇ ਬਾਕੀ ਸਾਰੇ ਸਿਪਾਹੀ ਜੇਲ੍ਹ ਦੇ ਦਰਵਾਜ਼ੇ ਤੇ ਚੌਕਸੀ ਕਰ ਰਹੇ ਸਨ। ਇਹ ਰਾਤ ਦਾ ਪਹਿਰ ਸੀ ਅਤੇ ਹੇਰੋਦੇਸ ਅਗਲੀ ਸਵੇਰ ਪਤਰਸ ਨੂੰ ਲੋਕਾਂ ਸਾਹਮਣੇ ਲਿਆਉਣ ਦੀ ਵਿਉਂਤ ਬਣਾ ਰਿਹਾ ਸੀ। 7ਅਚਾਨਕ ਉੱਥੇ ਪ੍ਰਭੂ ਦਾ ਇੱਕ ਦੂਤ ਪਰਗਟ ਹੋਇਆ। ਕਮਰੇ ਵਿੱਚ ਬੜੀ ਰੌਸ਼ਨੀ ਹੋਈ। ਦੂਤ ਨੇ ਉਸ ਨੂੰ ਪਾਸੇ ਤੋਂ ਛੋਹਿਆ ਅਤੇ ਉਸ ਨੂੰ ਜਗਾਇਆ। ਦੂਤ ਨੇ ਆਖਿਆ, “ਜਲਦੀ ਕਰ। ਉੱਠ।” ਪਤਰਸ ਦੇ ਹੱਥਾਂ ਚੋਂ ਜੰਜ਼ੀਰਾਂ ਟੁੱਟ ਗਈਆਂ। 8ਦੂਤ ਨੇ ਪਤਰਸ ਨੂੰ ਕਿਹਾ, “ਆਪਣੇ ਕੱਪੜੇ ਪਹਿਨ ਅਤੇ ਆਪਣੀ ਜੁੱਤੀ ਪਾ।” ਪਤਰਸ ਨੇ ਇਵੇਂ ਹੀ ਕੀਤਾ। ਫ਼ਿਰ ਦੂਤ ਨੇ ਆਖਿਆ, “ਆਪਣਾ ਕੋਟ ਪਾਕੇ ਮੇਰੇ ਪਿੱਛੇ ਆਜਾ।” 9ਇਉਂ ਦੂਤ ਚੱਲਾ ਗਿਆ ਅਤੇ ਪਤਰਸ ਉਸ ਦੇ ਪਿੱਛੇ ਹੋ ਲਿਆ। ਪਰ ਪਤਰਸ ਨਹੀਂ ਜਾਣਦਾ ਸੀ ਕਿ, ਜੋ ਦੂਤ ਕਰ ਰਿਹਾ ਸੀ, ਸੱਚਮੁੱਚ ਵਾਪਰ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਹ ਇੱਕ ਦਰਸ਼ਨ ਦੇਖ ਰਿਹਾ ਹੈ। 10ਤਦ ਉਹ ਦੋਨੋਂ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿਕਲ ਕੇ ਇੱਕ ਲੋਹੇ ਦੇ ਫ਼ਾਟਕ ਤੱਕ ਆਏ ਜਿਹੜਾ ਕਿ ਸ਼ਹਿਰ ਵਿੱਚ ਪਹੁੰਚਾਉਂਦਾ ਸੀ। ਉਹ ਆਪਣੇ-ਆਪ ਹੀ ਉਨ੍ਹਾਂ ਲਈ ਖੁਲ੍ਹ ਗਿਆ ਉੱਥੋਂ ਨਿਕਲ ਕੇ ਉਹ ਇੱਕ ਗਲੀ ਦੇ ਰਸਤੇ ਤੇ ਤੁਰ ਪਏ ਪਰ ਉਸੇ ਵੇਲੇ ਦੂਤ ਉਸ ਕੋਲੋਂ ਫ਼ਿਰ ਅਲੋਪ ਹੋ ਗਿਆ। 11ਤਦ ਪਤਰਸ ਨੂੰ ਸਮਝ ਆਇਆ ਕਿ ਇਹ ਕੀ ਵਾਪਰਿਆ ਸੀ। ਉਸ ਨੇ ਸੋਚਿਆ, “ਹੁਣ ਮੈਨੂੰ ਸਮਝ ਆਇਆ ਹੈ ਕਿ ਵਾਸਤਵ ਵਿੱਚ ਪ੍ਰਭੂ ਨੇ ਇਹ ਦੂਤ ਮੇਰੇ ਲਈ ਭੇਜਿਆ ਸੀ। ਉਸ ਨੇ ਮੈਨੂੰ ਹੇਰੋਦੇਸ ਦੇ ਹੱਥੋਂ ਮੁਕਤ ਕਰਾਇਆ। ਯਹੂਦੀ ਲੋਕਾਂ ਨੇ ਸੋਚਿਆ ਸ਼ਾਇਦ ਮੇਰੇ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ, ਪਰ ਪਰਮੇਸ਼ੁਰ ਨੇ ਮੈਨੂੰ ਇਨ੍ਹਾਂ ਸਭ ਗੱਲਾਂ ਤੋਂ ਬਚਾ ਲਿਆ।” 12ਜਦੋਂ ਪਤਰਸ ਨੇ ਇਹ ਮਹਿਸੂਸ ਕੀਤਾ, ਉਹ ਮਰਿਯਮ ਦੇ ਘਰ ਨੂੰ ਆਇਆ। ਉਹ ਯੂਹੰਨਾ ਦੀ ਮਾਤਾ ਸੀ। ਯੂਹੰਨਾ ਮਰਕੁਸ ਕਰਕੇ ਵੀ ਜਾਣਿਆ ਜਾਂਦਾ ਸੀ। ਉੱਥੇ ਬਹੁਤ ਸਾਰੇ ਲੋਕ ਇਕੱਠੇ ਸਨ ਅਤੇ ਉਹ ਪ੍ਰਾਰਥਨਾ ਕਰ ਰਹੇ ਸਨ। 13ਪਤਰਸ ਨੇ ਬਾਹਰ ਵਾਲੇ ਦਰਵਾਜ਼ੇ ਤੇ ਦਸਤਕ ਕੀਤੀ ਤਾਂ ਜਵਾਬ ਵਿੱਚ ਇੱਕ ਰੋਦੋ ਨਾਂ ਦੀ ਨੌਕਰਾਨੀ ਜਵਾਬ ਦੇਣ ਲਈ ਬਾਹਰ ਆਈ। 14ਉਸ ਨੇ ਪਤਰਸ ਦੀ ਅਵਾਜ਼ ਨੂੰ ਪਛਾਣ ਲਿਆ ਅਤੇ ਉਹ ਬੜੀ ਖੁਸ਼ ਹੋਈ। ਉਹ ਇੰਨੀ ਖੁਸ਼ ਹੋਈ ਕਿ ਮਾਰੇ ਖੁਸ਼ੀ ਦੇ ਉਹ ਉਸ ਨੂੰ ਦਰਵਾਜ਼ਾ ਖੋਲ੍ਹਣਾ ਵੀ ਭੁੱਲ ਗਈ ਅਤੇ ਨੱਸਦੀ ਹੋਈ ਉਸ ਸਮੂਹ ਨੂੰ ਪਤਰਸ ਦੇ ਆਮਦ ਦੀ ਖਬਰ ਕਹਿਣ ਚਲੀ ਗਈ ਕਿ, “ਬਾਹਰ ਬੂਹੇ ਤੇ ਪਤਰਸ ਖੜ੍ਹਾ ਹੈ।” 15ਨਿਹਚਾਵਾਨਾਂ ਨੇ ਰੋਦੋ ਨੂੰ ਕਿਹਾ, “ਤੂੰ ਕਮਲੀ ਹੈ।” ਪਰ ਉਹ ਬਾਰ-ਬਾਰ ਕਹਿੰਦੀ ਰਹੀ ਕਿ ਨਹੀਂ ਇਹ ਸੱਚ ਹੈ ਤਾਂ ਉਨ੍ਹਾਂ ਸੋਚਿਆ, “ਉਹ ਪਤਰਸ ਦਾ ਦੂਤ ਹੋਣਾ ਚਾਹੀਦਾ ਹੈ।” 16ਪਤਰਸ ਲਗਾਤਾਰ ਬੂਹਾ ਖੜਕਾਉਂਦਾ ਰਿਹਾ। ਜਦੋਂ ਨਿਹਚਾਵਾਨਾਂ ਨੇ ਬੂਹਾ ਖੋਲ੍ਹਿਆ ਤਾਂ ਉਹ ਪਤਰਸ ਨੂੰ ਵੇਖਕੇ ਹੈਰਾਨ ਰਹਿ ਗਏ। 17ਪਤਰਸ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਸਮਝਾਇਆ ਕਿ ਉਹ ਖਾਮੋਸ਼ ਰਹਿਣ। ਤਾਂ ਉਸ ਨੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਦੀ ਮਦਦ ਕੀਤੀ। ਉਸ ਨੇ ਕਿਹਾ, “ਯਾਕੂਬ ਅਤੇ ਹੋਰ ਭਾਈਆਂ ਨੂੰ ਵੀ ਇਨ੍ਹਾਂ ਗੱਲਾਂ ਦੀ ਖਬਰ ਦੇਵੋ।” ਉਸਤੋਂ ਬਾਅਦ ਪਤਰਸ ਹੋਰ ਥਾਂ ਚੱਲਿਆ ਗਿਆ। 18ਅਗਲੀ ਸਵੇਰ ਸਿਪਾਹੀ ਬਹੁਤ ਪਰੇਸ਼ਨ ਹੋ ਗਏ। ਉਹ ਹੈਰਾਨ ਸਨ ਕਿ ਪਤਰਸ ਦਾ ਕੀ ਬਣਿਆ? 19ਹੇਰੋਦੇਸ ਨੇ ਪਤਰਸ ਨੂੰ ਸਭ ਥਾਈਂ ਭਾਲਿਆ ਪਰ ਉਸ ਨੂੰ ਕਿਤੇ ਨਾ ਮਿਲਿਆ। ਇਸ ਲਈ ਉਸ ਨੇ ਪਹਿਰੇਦਾਰਾਂ ਨੂੰ ਸਵਾਲ ਕੀਤੇ। ਫ਼ਿਰ ਉਸ ਨੇ ਹੁਕਮ ਦਿੱਤਾ ਕਿ ਉਹ ਮਾਰ ਦਿੱਤੇ ਜਾਣ। ਇਸਤੋਂ ਬਾਅਦ ਹੇਰੋਦੇਸ ਯਹੂਦਿਯਾ ਤੋਂ ਕੈਸਰਿਯਾ ਨੂੰ ਗਿਆ ਅਤੇ ਉੱਥੇ ਕੁਝ ਸਮੇਂ ਲਈ ਜਾ ਠਹਿਰਿਆ। 20ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬੜਾ ਨਾਰਾਜ਼ ਸੀ। ਉਹ ਸਾਰੇ ਲੋਕ ਇਕੱਠੇ ਹੋਕੇ ਹੇਰੋਦੇਸ ਕੋਲ ਆਏ। ਉਹ ਬਲਾਸਤੁਸ ਦੀ, ਜਿਹੜਾ ਕਿ ਰਾਜੇ ਦੇ ਖਾਸ ਨੌਕਰ ਸੀ, ਹਮਾਇਤ ਪਾਉਣ ਵਿੱਚ ਕਾਮਯਾਬ ਹੋ ਗਏ। ਉਹ ਹੇਰੋਦੇਸ ਨੂੰ ਸ਼ਾਂਤੀ ਲਈ ਬੇਨਤੀ ਕਰਨ ਲੱਗੇ ਕਿਉਂਕਿ ਉਨ੍ਹਾਂ ਦਾ ਦੇਸ਼ ਭੋਜਨ ਦੀ ਸਮਗਰੀ ਹੇਰੋਦੇਸ ਦੇ ਦੇਸ਼ ਤੋਂ ਪ੍ਰਾਪਤ ਕਰਦਾ ਸੀ। 21ਹੇਰੋਦੇਸ ਨੇ ਉਨ੍ਹਾਂ ਨੂੰ ਮਿਲਣ ਦਾ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਉਹ ਬੜੇ ਖੂਬਸੂਰਤ ਸ਼ਾਹੀ ਲਿਬਾਸ ਵਿੱਚ ਸੀ। ਉਹ ਆਪਣੇ ਸਿੰਘਾਸਣ ਤੇ ਬੈਠਾ ਅਤੇ ਲੋਕਾਂ ਨੂੰ ਇੱਕ ਭਾਸ਼ਣ ਦਿੱਤਾ। 22ਲੋਕ ਉੱਚੀ ਅਵਾਜ਼ ਵਿੱਚ ਆਖਣ ਲੱਗੇ, “ਇਹ ਤਾਂ ਕਿਸੇ ਦੇਵੇਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ।” 23ਹੇਰੋਦੇਸ ਨੇ ਪਰਮੇਸ਼ੁਰ ਨੂੰ ਮਹਿਮਾ ਨਾ ਦਿੰਦੇ ਹੋਏ ਇਹ ਸਾਰੀ ਉਸਤਤਿ ਆਪਣੇ ਲਈ ਕਬੂਲ ਕਰ ਲਈ, ਇਸ ਲਈ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਇੱਕ ਭਿਆਨਕ ਬਿਮਾਰੀ ਦਿੱਤੀ। ਉਹ ਬਿਮਾਰ ਪੈ ਗਿਆ ਤੇ ਅੰਤ ਕੀੜੇ ਪੈਕੇ ਮਰਿਆ। 24ਪਰਮੇਸ਼ੁਰ ਦਾ ਸੰਦੇਸ਼ ਦਿਨੋਂ-ਦਿਨ ਲੋਕਾਂ ਵਿੱਚ ਵੱਧ ਰਿਹਾ ਸੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰ ਰਿਹਾ ਸੀ ਇਸ ਲਈ ਨਿਹਚਾਵਾਨਾਂ ਦਾ ਸਮੂਹ ਦਿਨੋ-ਦਿਨ ਵੱਧਦਾ ਜਾ ਰਿਹਾ ਸੀ। 25ਜਦੋਂ ਬਰਨਬਾਸ ਅਤੇ ਸੌਲੁਸ ਨੇ ਆਪਣਾ ਕਾਰਜ ਯਰੂਸ਼ਲਮ ਵਿੱਚ ਪੂਰਾ ਕਰ ਲਿਆ ਤਾਂ ਉਹ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਵੀ ਸਦੀਂਦਾ ਹੈ ਆਪਣੇ ਨਾਲ ਲੈ ਕੇ ਅੰਤਾਕਿਯਾ ਨੂੰ ਮੁੜੇ।


Copyrighted Material
Learn More

will be added

X\