ਰਸੂਲਾਂ ਦੇ ਕਰਤੱਬ 13

1ਅੰਤਾਕਿਯਾ ਦੇ ਗਿਰਜੇ ਵਿੱਚ ਕਈ ਨਬੀ ਅਤੇ ਉਪਦੇਸ਼ਕ ਸਨ। ਉਹ ਸਨ; ਬਰਨਬਾਸ, ਸ਼ਿਮਓਨ, ਜੋ ਨੀਗਰ ਵੀ ਕਹਾਉਂਦਾ ਸੀ, ਕੂਰੈਨੇ ਦੇ ਸ਼ਹਿਰ ਤੋਂ ਲੂਕਿਯੁਸ, ਮਨਏਨ ਜੋ ਕਿ ਹੇਰੋਦੇਸ ਨਾਲ ਪਲਿਆ ਸੀ, ਅਤੇ ਸੌਲੁਸ। 2ਇਹ ਸਾਰੇ ਪ੍ਰਭੂ ਦੀ ਉਸਤਤਿ ਕਰਦੇ ਅਤੇ ਵਰਤ ਰੱਖਦੇ ਸਨ ਤਾਂ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਅਲੱਗ ਕਰੋ, ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।” 3ਤਦ ਉਨ੍ਹਾਂ ਨੇ ਵਰਤ ਰੱਖੇ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਆਪਣੇ ਹੱਥ ਉਨ੍ਹਾਂ ਦੇ ਸਿਰ ਤੇ ਰੱਖੇ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਰਸਤੇ ਭੇਜ ਦਿੱਤਾ। 4ਦੋਨੋਂ ਜਣੇ ਪਵਿੱਤਰ ਆਤਮਾ ਦੁਆਰਾ ਸਿਲੂਕਿਯਾ ਨੂੰ ਭੇਜੇ ਗਏ ਸਨ। ਅਤੇ ਉੱਥੋਂ ਜਹਾਜ ਰਾਹੀਂ ਕੁਪਰੁਸ ਦੇ ਦੀਪ ਨੂੰ ਗਏ। 5ਜਦੋਂ ਬਰਨਬਾਸ ਅਤੇ ਸੌਲੁਸ ਸਲਮੀਸ ਦੇ ਸ਼ਹਿਰ ਪਹੁੰਚੇ ਉਨ੍ਹਾਂ ਨੇ ਯਹੂਦੀਆਂ ਦੇ ਪ੍ਰਾਰਥਨਾ ਅਸਥਾਨ ਵਿੱਚ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕੀਤਾ। ਯੂਹੰਨਾ ਮਰਕੁਸ ਉਸ ਵਕਤ ਮਦਦ ਲਈ ਉਨ੍ਹਾਂ ਦੇ ਨਾਲ ਸੀ। 6ਉਹ ਸਾਰੇ ਟਾਪੂ ਵਿੱਚ ਫ਼ਿਰਦੇ-ਫ਼ਿਰਦੇ ਪਾਫ਼ੁਸ ਪਹੁੰਚੇ। ਪਾਫ਼ੁਸ ਦੇ ਸ਼ਹਿਰ ਵਿੱਚ, ਉਹ ਇੱਕ ਯਹੂਦੀ ਆਦਮੀ ਨੂੰ ਮਿਲੇ ਜੋ ਜਾਦੂ ਕਰਦਾ ਸੀ। ਉਸਦਾ ਨਾਂ ਸੀ ਬਰਯੇਸੂਸ। ਉਹ ਝੂਠਾ ਨਬੀ ਸੀ। 7ਬਰਯੇਸੂਸ ਹਮੇਸ਼ਾ ਸਰਗੀਊਸ ਪੌਲੁਸ ਜੋ ਕਿ ਗਵਰਨਰ ਸੀ ਉਸ ਦੇ ਨੇੜੇ ਰਹਿੰਦਾ ਸੀ। ਸਰਗੀਊਸ ਪੌਲੁਸ ਸਿਆਣਾ ਮਨੁੱਖ ਸੀ। ਉਸ ਨੇ ਬਰਨਬਾਸ ਅਤੇ ਸੌਲੁਸ ਨੂੰ ਵੀ ਆਪਣੇ ਘਰ ਸੱਦਾ ਦਿੱਤਾ ਕਿਉਂਕਿ ਉਹ ਪਰਮੇਸ਼ੁਰ ਦਾ ਸੰਦੇਸ਼ ਸੁਣਨਾ ਚਾਹੁੰਦਾ ਸੀ। 8ਪਰ ਇਲਮਾਸ ਜਾਦੂਗਰ (ਇਲਮਾਸ ਬਰਯੇਸੂਮ ਦਾ ਯੂਨਾਨੀ ਨਾਮ ਹੈ) ਉਨ੍ਹਾਂ ਦੇ ਵਿਰੋਧ ਵਿੱਚ ਸੀ। ਇਲਮਾਸ ਨੇ ਰਾਜਪਾਲ ਨੂੰ ਯਿਸੂ ਤੇ ਵਿਸ਼ਵਾਸ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। 9ਪਰ ਸੌਲੁਸ ਪਵਿੱਤਰ ਆਤਮਾ ਨਾਲ ਭਰਪੂਰ ਸੀ (ਸੌਲੁਸ ਨੂੰ ਪੌਲੁਸ ਵੀ ਆਖਿਆ ਜਾਂਦਾ ਹੈ) ਪੌਲੁਸ ਨੇ ਇਲਮਾਸ ਵੱਲ ਵੇਖਿਆ, 10ਅਤੇ ਕਿਹਾ, “ਤੂੰ, ਹੇ ਸ਼ੈਤਾਨ ਦੀ ਔਲਾਦ ਇਲਮਾਸ, ਹਰ ਠੀਕ ਵਸਤ ਦਾ ਦੁਸ਼ਮਨ ਹੈ। ਤੂੰ ਬੁਰਿਆਈ ਅਤੇ ਝੂਠਾਂ ਨਾਲ ਭਰਪੂਰ ਹੈਂ। ਤੂੰ ਹਮੇਸ਼ਾ ਪ੍ਰਭੂ ਦੇ ਸੱਚ ਨੂੰ ਝੂਠ ਵਿੱਚ ਬਦਲ ਕੇ ਦੱਸਿਆ ਹੈ। 11ਹੁਣ ਪ੍ਰਭੂ ਤੈਨੂੰ ਛੁਹੇਗਾ ਅਤੇ ਤੈਨੂੰ ਅੰਨ੍ਹਾ ਕਰ ਦੇਵੇਗਾ। ਕੁਝ ਦੇਰ ਲਈ ਤੂੰ ਕੁਝ ਵੀ ਦੇਖ ਨਹੀਂ ਸੱਕੇਂਗਾ, ਇੱਥੋਂ ਤੱਕ ਕਿ ਸੂਰਜ ਦੀ ਰੌਸ਼ਨੀ ਵੀ ਤੈਨੂੰ ਨਹੀਂ ਦਿਸੇਗੀ।” ਫ਼ਿਰ ਇਲਮਾਸ ਲਈ ਸਭ ਕੁਝ ਹਨੇਰਾ ਹੋ ਗਿਆ ਅਤੇ ਉਹ ਆਸੇ-ਪਾਸੇ ਕਿਸੇ ਨੂੰ ਲੱਭਣ ਲੱਗਾ ਜੋ ਉਸ ਦਾ ਹੱਥ ਫ਼ੜਕੇ ਉਸਦੀ ਅਗਵਾਈ ਕਰੇ। 12ਜਦੋਂ ਰਾਜਪਾਲ ਨੇ ਇਹ ਘਟਨਾ ਵੇਖੀ, ਉਹ ਪ੍ਰਭੂ ਦੇ ਉਪਦੇਸ਼ ਤੇ ਹੈਰਾਨ ਸੀ ਅਤੇ ਵਿਸ਼ਵਾਸ ਕੀਤਾ। 13ਪੌਲੁਸ ਅਤੇ ਉਸ ਨਾਲ ਜਿਹੜੇ ਹੋਰ ਲੋਕ ਸਨ ਪਾਫ਼ੁਸ ਤੋਂ ਜਹਾਜ਼ ਵਿੱਚ ਚੜ੍ਹ੍ਹਕੇ ਪਮਫ਼ੁਲਿਯਾ ਸ਼ਹਿਰ ਦੇ ਪਰਗਾ ਇਲਾਕੇ ਵਿੱਚ ਆਏ ਅਤੇ ਯੂਹੰਨਾ ਉਨ੍ਹਾਂ ਤੋਂ ਵਖ ਹੋਕੇ ਯਰੂਸ਼ਲਮ ਨੂੰ ਮੁੜ ਗਿਆ। 14ਪਰ ਉਨ੍ਹਾਂ ਨੇ ਪਰਗਾ ਤੋਂ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਪਿਸਿਦਿਯਾ ਦੇ ਨੇੜੇ ਅੰਤਾਕਿਯਾ ਨੂੰ ਗਏ। ਅੰਤਾਕਿਯਾ ਵਿੱਚ ਸਬਤ ਦੇ ਦਿਨ ਉਹ ਯਹੂਦੀਆਂ ਦੇ ਪ੍ਰਾਰਥਨਾ ਸਥਾਨ ਤੇ ਗਏ ਅਤੇ ਉੱਥੇ ਜਾਕੇ ਬੈਠ ਗਏ। 15ਤੁਰੇਤ ਦੇ ਨਿਯਮ ਅਤੇ ਨਬੀਆਂ ਦੀਆਂ ਲਿਖਤਾਂ ਉੱਥੇ ਪੜ੍ਹੀਆਂ ਗਈਆਂ। ਉਸਤੋਂ ਬਾਅਦ ਪ੍ਰਾਰਥਨਾ ਸਥਾਨ ਦੇ ਆਗੂਆਂ ਨੇ ਪੌਲੁਸ ਅਤੇ ਬਰਨਬਾਸ ਨੂੰ ਸੁਨੇਹਾ ਭੇਜਿਆ, “ਹੇ ਭਰਾਵੋ, ਜੇ ਤੁਹਾਡੇ ਕੋਲ ਇਨ੍ਹਾਂ ਲੋਕਾਂ ਲਈ ਕੋਈ ਉਤਸਾਹ ਦੇ ਬਚਨ ਹਨ ਤਾਂ ਕਿਰਪਾ ਕਰਕੇ ਬੋਲੋ।” 16ਤਦ ਪੌਲੁਸ ਉੱਠ ਖੜ੍ਹਾ ਹੋਇਆ, ਉਸ ਨੇ ਆਪਣਾ ਹੱਥ ਉੱਪਰ ਚੁੱਕਿਆ ਅਤੇ ਆਖਿਆ, “ਮੇਰੇ ਯਹੂਦੀ ਭਰਾਵੋ ਅਤੇ ਹੋਰ ਦੂਜੇ ਲੋਕੋ, ਜੋ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਕਿਰਪਾ ਕਰਕੇ ਸੁਣੋ। 17ਇਸਰਾਏਲੀਆਂ ਦੇ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨੂੰ ਚੁਣਿਆ ਹੈ ਅਤੇ ਉਨ੍ਹਾਂ ਨੂੰ ਵੱਧਣ ਵਿੱਚ ਉਦੋਂ ਮਦਦ ਕੀਤੀ ਜਦੋਂ ਉਹ ਮਿਸਰ ਵਿੱਚ ਅਜਨਬੀਆਂ ਵਾਂਗ ਸਨ। ਉਹ ਉਨ੍ਹਾਂ ਨੂੰ ਮਹਾਨ ਸ਼ਕਤੀ ਨਾਲ ਬਾਹਰ ਲਿਆਇਆ। 18ਤੇ ਉਜਾੜ ਦੇ ਚਾਲ੍ਹੀ ਵਰ੍ਹੇ ਪਰਮੇਸ਼ੁਰ ਨੇ ਉਨ੍ਹਾਂ ਨਾਲ ਬੜਾ ਧੀਰਜ ਵਰਤਿਆ। 19ਪਰਮੇਸ਼ੁਰ ਨੇ ਕਨਾਨ ਦੀ ਜ਼ਮੀਨ ਵਿੱਚ ਸੱਤ ਕੌਮਾਂ ਨੂੰ ਨਸ਼ਟ ਕੀਤਾ। ਉਸ ਨੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਦਿੱਤੀ 20ਇਹ ਸਭ ਲਗਭੱਗ ਚਾਰ ਸੌ ਪੰਜਾਹ ਵਰ੍ਹਿਆਂ ਵਿੱਚ ਵਾਪਰਿਆ। “ਇਸਤੋਂ ਬਾਅਦ ਉਸ ਨੇ ਸਮੂਏਲ ਨਬੀ ਤੀਕ ਉਨ੍ਹਾਂ ਨੂੰ ਨਿਆਂਈ ਦਿੱਤੇ। 21ਇਸਤੋਂ ਮਗਰੋਂ ਲੋਕਾਂ ਨੇ ਬਾਦਸ਼ਾਹ ਮੰਗਿਆ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕੀਸ਼ ਦਾ ਪੁੱਤਰ ਸ਼ਾਊਲ ਦਿੱਤਾ। ਸ਼ਾਊਲ ਬਿਨਯਾਮੀਨ ਦੇ ਵੰਸ਼ ਵਿੱਚੋਂ ਸੀ ਅਤੇ ਚਾਲ੍ਹੀ ਸਾਲਾਂ ਤੱਕ ਰਾਜਾ ਸੀ। 22ਪਰਮੇਸ਼ੁਰ ਨੇ ਸ਼ਾਊਲ ਤੋਂ ਬਾਅਦ ਦਾਊਦ ਨੂੰ ਉਨ੍ਹਾਂ ਦਾ ਬਾਦਸ਼ਾਹ ਬਣਾਇਆ। ਪਰਮੇਸ਼ੁਰ ਨੇ ਦਾਊਦ ਬਾਰੇ ਇਉਂ ਕਿਹਾ, ‘ਯੱਸੀ ਦਾ ਪੁੱਤਰ, ਦਾਊਦ ਮੈਂ ਉਸ ਨੂੰ ਆਪਣੇ ਦਿਲ ਦੀਆਂ ਇੱਛਾਵਾਂ ਅਨੁਸਾਰ ਪਾਇਆ। ਉਹ ਉਹੀ ਕਰੇਗਾ ਜੋ ਮੈਂ ਉਸਤੋਂ ਕਰਾਉਣਾ ਚਾਹੁੰਦਾ ਹਾਂ।’ 23“ਪਰਮੇਸ਼ੁਰ ਆਪਣੇ ਵਾਅਦੇ ਅਨੁਸਾਰ ਇਸਰਾਏਲ ਨੂੰ ਇੱਕ ਮੁਕਤੀਦਾਤਾ ਲਿਆਇਆ ਹੈ। ਯਿਸੂ ਉਹੀ ਔਲਾਦ ਹੈ। 24ਯਿਸੂ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਸਾਰੇ ਯਹੂਦੀ ਲੋਕਾਂ ਵਿੱਚ ਪਰਚਾਰ ਕੀਤਾ। ਉਸ ਨੇ ਲੋਕਾਂ ਨੂੰ ਤੌਬਾ ਕਰਕੇ ਬਪਤਿਸਮਾ ਲੈਣ ਦਾ ਪਰਚਾਰ ਕੀਤਾ। 25ਜਦੋਂ ਯੂਹੰਨਾ ਆਪਣਾ ਕੰਮ ਖਤਮ ਕਰ ਰਿਹਾ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋਂ? ਮੈਂ ਮਸੀਹ ਨਹੀਂ ਹਾਂ। ਵੇਖੋ, ਉਹ ਮੈਥੋਂ ਬਾਅਦ ਆਵੇਗਾ। ਮੈਂ ਉਸ ਦੇ ਪੈਰ ਦੀ ਜੁੱਤੀ ਦੇ ਤਸਮੇ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’ 26“ਮੇਰੇ ਭਰਾਵੋ। ਅਬਰਾਹਾਮ ਦੀ ਅੰਸ਼ ਦੇ ਪੁੱਤਰੋ ਅਤੇ ਗੈਰ ਕੌਮਾਂ ਦੇ ਲੋਕੋ, ਤੁਹਾਡੇ ਵਿੱਚੋਂ, ਜਿਹੜੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹੋ, ਸੁਣੋ। ਮੁਕਤੀ ਦਾ ਇਹ ਸੰਦੇਸ਼ ਸਾਨੂੰ ਭੇਜਿਆ ਗਿਆ ਹੈ। 27ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਇਹ ਮਹਿਸੂਸ ਨਹੀਂ ਕੀਤਾ ਕਿ ਯਿਸੂ ਮੁਕਤੀਦਾਤਾ ਸੀ। ਅਤੇ ਉਹ ਨਬੀਆਂ ਦੇ ਲਿਖੇ ਬਚਨਾਂ ਨੂੰ ਨਾ ਸਮਝੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ। ਉਨ੍ਹਾਂ ਨੇ ਉਸ ਦੀ ਨਿਖੇਧੀ ਕੀਤੀ। ਭਾਵੇਂ ਉਨ੍ਹਾਂ ਨੇ ਨਬੀਆਂ ਦੇ ਬਚਨਾਂ ਨੂੰ ਸਮਝਿਆ ਤੇ ਪੂਰਾ ਕੀਤਾ। 28ਭਾਵੇਂ ਉਨ੍ਹਾਂ ਲੋਕਾਂ ਨੂੰ ਯਿਸੂ ਦੇ ਵਿੱਚ ਕਤਲ ਦੇ ਲਾਇੱਕ ਕੋਈ ਦੋਸ਼ ਨਹੀਂ ਸੀ, ਲੱਭਿਆ ਤਾਂ ਵੀ ਉਨ੍ਹਾਂ ਨੇ ਪਿਲਾਤੁਸ ਦੇ ਅੱਗੇ ਅਰਜ਼ ਕੀਤੀ ਕਿ ਉਸ ਨੂੰ ਜਾਨੋ ਮਾਰ ਦਿੱਤਾ ਜਾਵੇ। 29“ਜੋ ਕੁਝ ਪੋਥੀਆਂ ਵਿੱਚ ਯਿਸੂ ਨਾਲ ਵਾਪਰਨ ਬਾਰੇ ਲਿਖਿਆ ਹੋਇਆ ਸੀ ਇਨ੍ਹਾਂ ਯਹੂਦੀਆਂ ਨੇ ਉਹ ਸਭ ਕੁਝ ਬੁਰਾ ਯਿਸੂ ਨਾਲ ਕੀਤਾ। ਉਸਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਸਲੀਬ ਤੋਂ ਲਾਹਿਆ ਅਤੇ ਉਸ ਨੂੰ ਕਬਰ ਵਿੱਚ ਦਫ਼ਨਾ ਦਿੱਤਾ। 30ਪਰ ਪਰਮੇਸ਼ੁਰ ਨੇ ਫ਼ਿਰ ਉਸ ਨੂੰ ਮੁਰਦੇ ਤੋਂ ਜਿਵਾਲਿਆ। 31ਇਸਤੋਂ ਬਾਅਦ, ਬਹੁਤ ਦਿਨਾਂ ਮਗਰੋਂ ਯਿਸੂ ਉਨ੍ਹਾਂ ਲੋਕਾਂ ਨੂੰ ਦਿਖਾਈ ਦਿੰਦਾ ਰਿਹਾ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਅਤੇ ਹੁਣ ਉਹ ਇਸ ਸੰਬੰਧੀ ਲੋਕਾਂ ਨੂੰ ਗਵਾਹੀ ਦੇ ਰਹੇ ਹਨ। 32“ਅਸੀਂ ਤੁਹਾਨੂੰ ਉਸ ਵਾਅਦੇ ਦੀ ਖੁਸ਼ਖਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨਾਲ ਕੀਤਾ ਗਿਆ ਸੀ। 33ਅਸੀਂ ਉਨ੍ਹਾਂ ਦੇ ਬੱਚੇ ਹਾਂ ਅਤੇ ਪਰਮੇਸ਼ੁਰ ਨੇ ਹੁਣ ਯਿਸੂ ਨੂੰ ਮੁਰਦੇ ਤੋਂ ਉੱਠਾ ਕਿ ਸਾਡੇ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਜਿਵੇਂ ਦੂਜੇ ਜ਼ਬੂਰ ਵਿੱਚ ਵੀ ਇਸ ਬਾਰੇ ਇਵੇਂ ਲਿਖਿਆ ਹੈ: ‘ਤੂੰ ਮੇਰਾ ਪੁੱਤਰ ਹੈਂ ਅੱਜ ਮੈਂ ਤੇਰਾ ਪਿਤਾ ਬਣਿਆ ਹਾਂ।’ 34ਪਰਮੇਸ਼ੁਰ ਨੇ ਯਿਸੂ ਨੂੰ ਮੁਰਦੇ ਤੋਂ ਜਿਵਾਇਆ। ਉਹ ਕਦੇ ਵੀ ਕਬਰ ਵੱਲ ਸੜ੍ਹਨ ਲਈ ਵਾਪਸ ਨਹੀਂ ਜਾਵੇਗਾ। ਇਸ ਲਈ ਪਰਮੇਸ਼ੁਰ ਨੇ ਕਿਹਾ, ‘ਜੋ ਮੈਂ ਦਾਊਦ ਨੂੰ ਸੱਚੇ ਅਤੇ ਪਵਿੱਤਰ ਵਚਨ ਦਿੱਤੇ, ਉਹ ਤੁਹਾਨੂੰ ਦੇਵਾਂਗਾ।’ 35ਪਰ ਦੂਜੀ ਜਗ਼੍ਹਾ ਇਹ ਆਖਦਾ ਹੈ, ‘ਤੂੰ ਆਪਣੇ ਪਵਿੱਤਰ ਪੁਰੱਖ ਨੂੰ ਕਬਰਾਂ ਵਿੱਚ ਸੜਨ ਨਹੀਂ ਦੇਵੇਗਾ।’ 36“ਦਾਊਦ, ਨੇ ਆਪਣੇ ਸਮੇਂ ਵਿੱਚ ਪਰਮੇਸ਼ੁਰ ਦੀ ਇੱਛਾ ਪੂਰੀ ਕੀਤੀ ਅਤੇ ਮਰ ਗਿਆ। ਫ਼ੇਰ ਉਹ ਆਪਣੇ ਪਿਉ-ਦਾਦਿਆਂ ਨਾਲ ਦਫ਼ਨਾਇਆ ਗਿਆ। ਅਤੇ ਉਸਦਾ ਸਰੀਰ ਕਬਰ ਵਿੱਚ ਸੜ ਗਿਆ। 37ਪਰ ਉਹ ਇੱਕ, ਜਿਸ ਨੂੰ ਪਰਮੇਸ਼ੁਰ ਨੇ ਜੀਵਨ ਵੱਲ ਉੱਠਾਇਆ, ਕਬਰ ਵਿੱਚ ਨਹੀਂ ਸੜਿਆ। 38- 39ਹੇ ਭਰਾਵੋ। ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਤੁਹਾਨੂੰ ਕੀ ਆਖ ਰਹੇ ਹਾਂ; ਇਸਦਾ ਮਤਲਬ ਹੈ ਆਪਣੇ ਪਾਪਾਂ ਦੀ ਮੁਆਫ਼ੀ ਤੁਸੀਂ ਉਸ ਰਾਹੀਂ ਪਾ ਸੱਕਦੇ ਹੋ। ਹਰ ਉਹ ਵਿਅਕਤੀ ਜਿਹੜਾ ਉਸ ਵਿੱਚ ਵਿਸ਼ਵਾਸ ਰੱਖਦਾ ਹੈ, ਆਪਣੇ ਪਾਪਾਂ ਤੋਂ ਮੁਆਫ਼ ਹੈ ਅਤੇ ਉਸ ਨੂੰ ਉਸ ਸਭ ਕਾਸੇ ਤੋਂ ਵੀ ਮੁਕਤ ਕੀਤਾ ਗਿਆ ਹੈ ਜਿਸਤੋਂ ਮੂਸਾ ਦੀ ਸ਼ਰ੍ਹਾ ਤੁਹਾਨੂੰ ਮੁਕਤ ਨਹੀਂ ਕਰ ਸੱਕਦੀ। 40ਸੁਚੇਤ ਰਹੋ ਤਾਂ ਕਿ ਜੋ ਨਬੀਆਂ ਨੇ ਆਖਿਆ ਹੈ ਤੁਹਾਡੇ ਨਾਲ ਨਹੀਂ ਵਾਪਰੇਗਾ। 41‘ਨਿੰਦਕੋ ਸੁਣੋ, ਅਚਰਜ ਮੰਨੋ ਅਤੇ ਦਫ਼ਾ ਹੋ ਜਾਓ। ਕਿਉਂਕਿ ਤੁਹਾਡੇ ਸਮੇਂ ਵਿੱਚ ਮੈਂ ਕੁਝ ਅਜਿਹਾ ਕਰਾਂਗਾ ਜਿਸਤੇ ਤੁਸੀਂ ਕਦੇ ਵੀ ਵਿਸ਼ਵਾਸ ਨਹੀਂ ਕਰੋਂਗੇ, ਭਾਵੇਂ ਕੋਈ ਤੁਹਾਨੂੰ ਇਹ ਦੱਸੇ।’” 42ਜਦੋਂ ਪੌਲੁਸ ਅਤੇ ਬਰਨਬਾਸ ਸਭਾ ਦਾ ਅਸਥਾਨ ਛੱਡ ਰਹੇ ਸਨ, ਲੋਕਾਂ ਨੇ ਉਨ੍ਹਾਂ ਨੂੰ ਅਗਲੇ ਸਬਤ ਦੇ ਦਿਨ ਫ਼ਿਰ ਆਉਣ ਅਤੇ ਇਨ੍ਹਾਂ ਗੱਲਾਂ ਬਾਰੇ ਹੋਰ ਗੱਲਾਂ ਦੱਸਣ ਲਈ ਅਰਜੋਈ ਕੀਤੀ। 43ਉਸ ਸਭਾ ਤੋਂ ਬਾਅਦ ਬਹੁਤ ਸਾਰੇ ਯਹੂਦੀਆਂ ਨੇ ਉੱਥੇ ਉਨ੍ਹਾਂ ਦਾ ਸਾਥ ਕੀਤਾ। ਉਨ੍ਹਾਂ ਵਿੱਚ ਉੱਥੇ ਬਹੁਤ ਸਾਰੇ ਲੋਕ ਸਨ ਜਿਨ੍ਹਾਂ ਨੇ ਧਰਮ ਬਦਲੀ ਕਰਕੇ ਯਹੂਦੀ ਧਰਮ ਅਪਣਾ ਲਿਆ ਸੀ ਅਤੇ ਉਹ ਸੱਚੇ ਪਰਮੇਸ਼ੁਰ ਦੀ ਉਪਾਸਨਾ ਕਰ ਰਹੇ ਸਨ। ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਤੁਸੀਂ ਪਰਮੇਸ਼ੁਰ ਦੀ ਕਿਰਪਾ ਵਿੱਚ ਬਣੇ ਰਹੋ। 44ਅਗਲੇ ਸਬਤ ਦੇ ਦਿਨ ਸ਼ਹਿਰ ਦੇ ਤਕਰੀਬਨ ਸਾਰੇ ਲੋਕ ਪ੍ਰਭੂ ਦੇ ਬਚਨਾਂ ਨੂੰ ਸੁਣਨ ਲਈ ਇਕੱਠੇ ਹੋਏ। 45ਯਹੂਦੀਆਂ ਨੇ ਇਨ੍ਹਾਂ ਸਾਰੇ ਲੋਕਾਂ ਨੂੰ ਵੇਖਿਆ। ਤਾਂ ਉਹ ਈਰਖਾ ਨਾਲ ਭਰ ਗਏ ਅਤੇ ਉਨ੍ਹਾਂ ਨੇ ਬਹੁਤ ਮਾੜਾ ਕਿਹਾ ਅਤੇ ਪੌਲੁਸ ਦੀਆਂ ਗੱਲਾਂ ਦੇ ਵਿਰੁੱਧ ਬੋਲਣ ਲੱਗੇ। 46ਪਰ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਖੁਲ੍ਹੇ ਤੌਰ ਤੇ ਆਖਿਆ, “ਸਾਨੂੰ ਪਰਮੇਸ਼ੁਰ ਦਾ ਸੰਦੇਸ਼ ਪਹਿਲਾਂ ਤੁਹਾਨੂੰ ਯਹੂਦੀਆਂ ਨੂੰ ਦੇਣਾ ਚਾਹੀਦਾ ਹੈ ਪਰ ਤੁਸੀਂ ਸੁਨਣ ਤੋਂ ਇਨਕਾਰ ਕਰਦੇ ਹੋ। ਤੁਸੀਂ ਆਪਣੇ-ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਸਮਝਦੇ, ਇਸ ਲਈ ਅਸੀਂ ਹੁਣ ਹੋਰਨਾਂ ਕੌਮਾਂ ਵੱਲ ਨੂੰ ਮੁੜਦੇ ਹਾਂ। 47ਕਿਉਂਕਿ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ: ‘ਮੈਂ ਤੁਹਾਨੂੰ ਹੋਰਨਾਂ ਕੌਮਾਂ ਦੇ ਲਈ ਰੋਸ਼ਨੀ ਵਰਗਾ ਠਹਿਰਾਇਆ ਹੈ ਤਾਂ ਜੋ ਤੁਸੀਂ ਸਾਰੇ ਸੰਸਾਰ ਨੂੰ ਮੁਕਤੀ ਦਾ ਰਾਹ ਦਿਖਾ ਸੱਕੋ।’” 48ਜਦੋਂ ਗੈਰ-ਯਹੂਦੀ ਲੋਕਾਂ ਨੇ ਪੌਲੁਸ ਨੂੰ ਇਹ ਕਹਿੰਦੇ ਸੁਣਿਆ ਤਾਂ ਉਹ ਖੁਸ਼ ਹੋਏ ਉਨ੍ਹਾਂ ਨੇ ਪ੍ਰਭੂ ਦੇ ਸੰਦੇਸ਼ ਦਾ ਸਤਿਕਾਰ ਕੀਤਾ ਅਤੇ ਇਹੀ ਲੋਕ ਸਨ ਜਿਹੜੇ ਸਦੀਪਕ ਜੀਵਨ ਲਈ ਚੁਣੇ ਗਏ ਸਨ, ਬਹੁਤ ਸਾਰੇ ਲੋਕਾਂ ਨੇ ਸੰਦੇਸ਼ ਉੱਤੇ ਵਿਸ਼ਵਾਸ ਕੀਤਾ। 49ਤਾਂ ਸਾਰੇ ਦੇਸ਼ ਵਿੱਚ ਪ੍ਰਭੂ ਦਾ ਬਚਨ ਫ਼ੈਲਦਾ ਗਿਆ। 50ਪਰ ਯਹੂਦੀਆਂ ਨੇ ਕੁਝ ਮਹੱਤਵਯੋਗ ਔਰਤਾਂ ਅਤੇ ਸ਼ਹਿਰ ਦੇ ਆਗੂਆਂ ਨੂੰ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਉਕਸਾਇਆ। ਫ਼ੇਰ ਉਨ੍ਹਾਂ ਲੋਕਾਂ ਨੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਨ੍ਹਾਂ ਨੂੰ ਸ਼ਹਿਰੋਂ ਬਾਹਰ ਕੱਢ ਦਿੱਤਾ। 51ਪਰ ਉਹ ਦੋਨੋਂ ਆਪਣੇ ਪੈਰਾਂ ਦੀ ਧੂੜ ਝਾੜਦੇ ਹੋਏ ਇੱਕੋਨਿਯੁਮ ਵਿੱਚ ਪਰਤ ਆਏ। 52ਪਰ ਅੰਤਾਕਿਯਾ ਵਿੱਚ, ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰੇ ਹੋਏ ਸਨ।


Copyrighted Material
Learn More

will be added

X\