ਰਸੂਲਾਂ ਦੇ ਕਰਤੱਬ 28

1ਜਦੋਂ ਅਸੀਂ ਧਰਤੀ ਤੇ ਬਚ ਨਿਕਲੇ ਤਾਂ ਸਾਨੂੰ ਮਾਲੂਮ ਹੋਇਆ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ। 2ਬਾਰਸ਼ ਹੋ ਰਹੀ ਸੀ ਅਤੇ ਬਹੁਤ ਠੰਡਾ ਮੌਸਮ ਸੀ। ਪਰ ਜਿਹੜੇ ਉੱਥੋਂ ਦੇ ਵਸਨੀਕ ਸਨ ਉਨ੍ਹਾਂ ਦਾ ਸਾਡੇ ਨਾਲ ਸਲੂਕ ਬੜਾ ਵੱਧੀਆ ਸੀ। ਉਨ੍ਹਾਂ ਸਾਡੇ ਲਈ ਅੱਗ ਬਾਲੀ ਅਤੇ ਸਾਡਾ ਸਾਰਿਆਂ ਦਾ ਸਵਾਗਤ ਕੀਤਾ। 3ਪੌਲੁਸ ਨੇ ਬਹੁਤ ਸਾਰੀਆਂ ਲਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਅੱਗ ਦੇ ਸੇਕ ਕਾਰਣ ਉਨ੍ਹਾਂ ਲੱਕੜਾਂ ਵਿੱਚੋਂ ਇੱਕ ਜ਼ਹਰੀਲਾ ਸੱਪ ਨਿਕਿਲਆ ਅਤੇ ਉਸ ਨੇ ਪੌਲੁਸ ਦੇ ਹੱਥ ਤੇ ਵੱਢਿਆ ਅਤੇ ਉਸ ਦੇ ਹੱਥ ਨਾਲ ਚਿੰਬੜ ਗਿਆ। 4ਜਦੋਂ ਉੱਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸ ਨੂੰ ਜਿਉਂਦਾ ਨਹੀਂ ਛੱਡਿਆ।” 5ਪਰ ਪੌਲੁਸ ਨੇ ਸੱਪ ਨੂੰ ਹੱਥ ਤੋਂ ਛਟਕ ਕੇ ਅੱਗ ਵਿੱਚ ਸੁੱਟ ਦਿੱਤਾ। ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ। 6ਲੋਕਾਂ ਨੇ ਸੋਚਿਆ ਸ਼ਾਇਦ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ। ਉਹ ਬੜੀ ਦੇਰ ਤੱਕ ਪੌਲੁਸ ਨੂੰ ਵੇਖਦੇ ਰਹੇ, ਪਰ ਉਸ ਨਾਲ ਕੁਝ ਵੀ ਬੁਰਾ ਨਾ ਵਾਪਰਿਆ। ਤਾਂ ਉਨ੍ਹਾਂ ਨੇ ਉਸ ਬਾਰੇ ਆਪਣੀਆਂ ਸੋਚਾਂ ਬਦਲ ਲਈਆਂ ਅਤੇ ਆਖਿਆ, “ਇਹ ਇੱਕ ਦੇਵਤਾ ਹੈ।” 7ਉਸ ਇਲਾਕੇ ਦੇ ਆਸ-ਪਾਸ ਛੋਟੇ-ਛੋਟੇ ਖੇਤ ਸਨ। ਉਹ ਜਾਇਦਾਦ ਪੁਬਲਿਯੁਸ ਨਾਮੀਂ ਟਾਪੂ ਦੇ ਸਰਦਾਰ ਦੀ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨਾਂ ਦਿਨਾਂ ਤੱਕ ਸਾਡੇ ਨਾਲ ਬਹੁਤ ਦਿਆਮਈ ਵਿਹਾਰ ਕੀਤਾ। 8ਪੁਬਲਿਯੁਸ ਦਾ ਪਿਉ ਬੁਖਾਰ ਤੋਂ ਅਤੇ ਮਰੋੜਾਂ ਤੋਂ ਬੜਾ ਪੀੜਤ ਸੀ ਤੇ ਮੰਜੇ ਤੇ ਪਿਆ ਸੀ। ਪਰ ਪੌਲੁਸ ਉਸ ਕੋਲ ਗਿਆ ਅਤੇ ਉਸ ਲਈ ਪ੍ਰਾਰਥਨਾ ਕੀਤੀ। ਪੌਲੁਸ ਨੇ ਆਪਣੇ ਹੱਥ ਉਸ ਉੱਪਰ ਰੱਖੇ ਤੇ ਉਸ ਨੂੰ ਚੰਗਾ ਕੀਤਾ। 9ਇਹ ਵਾਪਰਨ ਤੋਂ ਬਾਅਦ ਉਸ ਟਾਪੂ ਦੇ ਹੋਰ ਸਾਰੇ ਰੋਗੀ ਪੌਲੁਸ ਕੋਲ ਆਏ, ਪੌਲੁਸ ਨੇ ਉਨ੍ਹਾਂ ਨੂੰ ਵੀ ਠੀਕ ਕੀਤਾ। 10- 11ਉਸ ਟਾਪੂ ਦੇ ਲੋਕਾਂ ਨੇ, ਬਹੁਤ ਸਾਰੇ ਢੰਗਾਂ ਨਾਲ, ਆਪਣਾ ਸਤਿਕਾਰ ਸਾਨੂੰ ਵਿਖਾਇਆ। ਅਸੀਂ ਉੱਥੇ ਤਿੰਨ ਮਹੀਨੇ ਤੱਕ ਰਹੇ। ਜਦੋਂ ਅਸੀਂ ਉੱਥੋਂ ਜਾਣ ਦੀ ਤਿਆਰੀ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਸਾਡੀ ਜ਼ਰੂਰਤ ਦਾ ਬਹੁਤ ਸਾਰਾ ਸਮਾਨ ਸਾਨੂੰ ਦਿੱਤਾ। ਫ਼ਿਰ ਸਾਨੂੰ ਸਿਕੰਦਰਿਯਾ ਸ਼ਹਿਰ ਦਾ ਇੱਕ ਜਹਾਜ਼ ਮਿਲਿਆ। ਸਿਆਲਾਂ ਵਿੱਚ ਇਹ ਜਹਾਜ਼ ਮਾਲਟਾ ਟਾਪੂ ਤੇ ਰੁਕਿਆ। ਜਹਾਜ਼ ਦੇ ਅਗਲੇ ਹਿੱਸੇ ਵੱਲ ਦੋ ਜੋੜੇ ਦੇਵਾਂ ਦਾਂ ਪ੍ਰਤੀਕ ਸੀ। 12ਅਸੀਂ ਸੈਰਾਕੁਸ ਸ਼ਹਿਰ ਵਿੱਚ ਰੁਕੇ। ਇੱਥੇ ਅਸੀਂ ਤਿੰਨਾਂ ਦਿਨਾਂ ਤੱਕ ਰੁਕੇ ਤੇ ਫ਼ਿਰ ਚੱਲ ਪਏ। 13ਫ਼ਿਰ ਅਸੀਂ ਰੇਗਿਯੁਨ ਸ਼ਹਿਰ ਵਿੱਚ ਪਹੁੰਚੇ। ਇੱਕ ਦਿਨ ਬਾਅਦ, ਜਦੋਂ ਦੱਖਣੀ ਹਵਾ ਵਗੀ, ਅਸੀਂ ਤੁਰ ਪਏ। ਅਗਲੇ ਦਿਨ ਅਸੀਂ ਪਤਿਯੁਲੇ ਪਹੁੰਚੇ। 14ਉੱਥੇ ਅਸੀਂ ਕੁਝ ਭਰਾਵਾਂ ਨੂੰ ਮਿਲੇ। ਉਨ੍ਹਾਂ ਸਾਨੂੰ ਇੱਕ ਹਫ਼ਤਾ ਉੱਥੇ ਰਹਿਣ ਦੀ ਮਿੰਨਤ ਕੀਤੀ। ਅਖੀਰ ਅਸੀਂ ਰੋਮ ਪਹੁੰਚੇ। 15ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ। 16ਫ਼ਿਰ ਅਸੀਂ ਰੋਮ ਵਿੱਚ ਚੱਲੇ ਗਏ। ਪੌਲੁਸ ਨੂੰ ਰੋਮ ਵਿੱਚ ਇੱਕਲੇ ਰਹਿਣ ਦੀ ਆਗਿਆ ਸੀ। ਪਰ ਇੱਕ ਸਿਪਾਹੀ ਉਸਦੀ ਨਿਗਰਾਨੀ ਲਈ ਉਸ ਦੇ ਨਾਲ ਸੀ। 17ਤਿੰਨ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਵੱਡੇ ਆਗੂਆਂ ਨੂੰ ਬੁਲਾਵਾ ਭੇਜਿਆ। ਜਦੋਂ ਉਹ ਇਕੱਠੇ ਹੋਕੇ ਆਏ ਤਾਂ ਪੌਲੁਸ ਨੇ ਆਖਿਆ, “ਹੇ ਮੇਰੇ ਯਹੂਦੀ ਭਰਾਵੋ, ਮੈਂ ਆਪਣੇ ਲੋਕਾਂ ਨਾਲ ਕੋਈ ਗਲਤ ਨਹੀਂ ਕੀਤਾ ਤੇ ਨਾ ਮੈਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਵਿਰੁੱਧ ਕੁਝ ਗਲਤ ਕੀਤਾ ਹੈ। ਪਰ ਮੈਨੂੰ ਯਰੂਸ਼ਲਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। 18ਰੋਮੀਆਂ ਨੇ ਮੈਨੂੰ ਸਵਾਲ ਕੀਤੇ ਪਰ ਉਨ੍ਹਾਂ ਨੂੰ ਕੋਈ ਵਜਹ ਨਾ ਲੱਭੀ ਜਿਸ ਵਾਸਤੇ ਮੈਂ ਮਾਰਿਆ ਜਾਵਾਂ? ਇਸ ਲਈ ਉਨ੍ਹਾਂ ਮੈਨੂੰ ਅਜ਼ਾਦ ਛੱਡ ਦੇਣਾ ਚਾਹਿਆ। 19ਪਰ ਉੱਥੋਂ ਦੇ ਯਹੂਦੀ ਅਜਿਹਾ ਨਹੀਂ ਚਾਹੁੰਦੇ ਸਨ, ਇਸ ਲਈ ਮੈਨੂੰ ਆਪਣੀ ਦੁਹਾਈ ਕੈਸਰ ਅੱਗੇ ਦੇਣੀ ਪਈ। ਪਰ ਮੈਂ ਇਹ ਨਹੀਂ ਆਖ ਰਿਹਾ ਕਿ ਮੈਨੂੰ ਆਪਣੇ ਲੋਕਾਂ ਦੇ ਵਿਰੁੱਧ ਕੋਈ ਗਿਲਾ ਹੈ। 20ਇਸੇ ਕਾਰਣ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ। ਮੈਂ ਇਸ ਜੰਜ਼ੀਰ ਨਾਲ ਬੰਨ੍ਹਿਆ ਹੋਇਆ ਹਾਂ ਕਿਉਂਕਿ ਮੈਂ ਇਸਰਾਏਲ ਦੀ ਆਸ ਵਿੱਚ ਵਿਸ਼ਵਾਸ ਰੱਖਦਾ ਹਾਂ।” 21ਯਹੂਦੀਆਂ ਨੇ ਪੌਲੁਸ ਨੂੰ ਆਖਿਆ, “ਅਸੀਂ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਪ੍ਰਾਪਤ ਨਹੀਂ ਕੀਤੀ, ਤੇ ਨਾ ਹੀ ਸਾਡੇ ਉਨ੍ਹਾਂ ਭਰਾਵਾਂ ਵਿੱਚੋਂ, ਜੋ ਉੱਥੋਂ ਆਏ, ਤੇਰੇ ਬਾਰੇ ਕੋਈ ਖਬਰ ਲਿਆਏ ਜਾਂ ਤੇਰੇ ਬਾਰੇ ਕੁਝ ਬੁਰਾ ਕਿਹਾ। 22ਪਰ ਅਸੀਂ ਤੈਥੋਂ ਤੇਰੀ ਨਿਹਚਾ ਬਾਰੇ ਸੁਣਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਹਰ ਜਗ਼੍ਹਾ ਦੇ ਲੋਕ ਇਸ ਸਮੂਹ ਬਾਰੇ ਮੰਦਾ ਬੋਲ ਰਹੇ ਹਨ।” 23ਤਾਂ ਪੌਲੁਸ ਅਤੇ ਯਹੂਦੀਆਂ ਨੇ ਸਭਾ ਲਈ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਹੋਰ ਵੀ ਬਹੁਤ ਸਾਰੇ ਯਹੂਦੀ ਲੋਕ ਪੌਲੁਸ ਨੂੰ ਉਸ ਦੇ ਘਰ ਮਿਲੇ। ਪੌਲੁਸ ਨੇ ਸਵੇਰੇ ਤੋਂ ਆਥਣ ਤੱਕ ਪਰਮੇਸ਼ੁਰ ਦੇ ਰਾਜ ਬਾਰੇ ਵਰਨਣ ਕੀਤਾ। ਅਤੇ ਉਨ੍ਹਾਂ ਨੂੰ ਯਿਸੂ ਬਾਰੇ ਨਿਹਚਾ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼, ਕੀਤੀ। ਉਸ ਨੇ ਇਹ ਕੋਸ਼ਿਸ਼ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਦਾ ਸਬੂਤ ਦੇਕੇ ਕੀਤੀ। 24ਉਨ੍ਹਾਂ ਵਿੱਚੋਂ ਕਈਆਂ ਨੇ ਪੌਲੁਸ ਦੀਆਂ ਆਖੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਪਰ ਕਈਆਂ ਨੇ ਨਹੀਂ। 25ਉਹ ਆਪਸ ਵਿੱਚ ਬਹਿਸ ਕਰਨ ਲੱਗੇ। ਜਦੋਂ ਯਹੂਦੀ ਉੱਥੋਂ ਜਾਣ ਹੀ ਵਾਲੇ ਸਨ, ਪੌਲੁਸ ਨੇ ਉਨ੍ਹਾਂ ਨੂੰ ਇੱਕ ਹੋਰ ਗੱਲ ਕਈ: “ਪਵਿੱਤਰ ਆਤਮਾ ਨੇ ਤੁਹਾਡੇ ਵਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ: 26‘ਇਸ ਕੌਮ ਦੇ ਲੋਕਾਂ ਕੋਲ ਜਾਓ ਅਤੇ ਉਨ੍ਹਾਂ ਨੂੰ ਦੱਸੋ; ਤੁਸੀਂ ਸੁਣੋਂਗੇ। ਪਰ ਸਮਝੋਂਗੇ ਨਹੀਂ ਤੁਸੀਂ ਵੇਖੋਂਗੇ ਪਰ ਜੋ ਵੇਖਿਆ ਉਸ ਨੂੰ ਸਮਝੋਂਗੇ ਨਹੀਂ। 27ਇਨ੍ਹਾਂ ਲੋਕਾਂ ਦੀ ਬੁੱਧੀ ਮੋਟੀ ਹੋ ਚੁੱਕੀ ਹੈ। ਇਨ੍ਹਾਂ ਲੋਕਾਂ ਦੇ ਕੰਨ ਹਨ ਪਰ ਇਹ ਸੁਣਦੇ ਨਹੀਂ। ਇਹ ਲੋਕ ਵੇਖਣ ਤੋਂ ਇਨਕਾਰ ਕਰਦੇ ਹਨ। ਇਹ ਇਸ ਲਈ ਵਾਪਰਿਆ ਹੈ ਤਾਂ ਜੋ ਇਹ ਆਪਣੀਆਂ ਅੱਖਾਂ ਨਾਲ ਨਹੀਂ ਵੇਖਣਗੇ ਨਾਹੀ ਆਪਣੇ ਕੰਨਾਂ ਨਾਲ ਸੁਨਣਗੇ ਅਤੇ ਨਾ ਹੀ ਆਪਣੇ ਦਿਮਾਗਾਂ ਨਾਲ ਸਮਝਣਗੇ। ਇੰਝ ਇਸ ਲਈ ਵਾਪਰਿਆ ਹੈ ਤਾਂ ਜੋ ਇਹ ਚੰਗੇ ਹੋਣ ਲਈ ਮੇਰੇ ਵੱਲ ਮੁੜਨਗੇ।’ 28“ਹੇ ਯਹੂਦੀਓ। ਮੈਂ ਤੁਹਾਨੂੰ ਇਹ ਪਤਾ ਲਾਉਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਨੇ ਇਹ ਮੁਕਤੀ ਗੈਰ-ਯਹੂਦੀ ਲੋਕਾਂ ਵਾਸਤੇ ਭੇਜੀ ਹੈ, ਅਤੇ ਉਹ ਸੁਣਨਗੇ।” 30ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਉੱਥੇ ਰਿਹਾ। ਜਿਹੜੇ ਵੀ ਲੋਕ ਉਸ ਕੋਲ ਆਉਂਦੇ ਉਹ ਉਨ੍ਹਾਂ ਨੂੰ ਜੀ ਆਇਆ ਆਖਦਾ। 31ਪੌਲੁਸ ਨੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕੀਤਾ। ਉਸ ਨੇ ਪ੍ਰਭੂ ਯਿਸੂ ਮਸੀਹ ਬਾਰੇ ਉਪਦੇਸ਼ ਦਿੱਤੇ। ਉਹ ਬਹੁਤ ਨਿਡਰਤਾ ਨਾਲ ਬੋਲਿਆਂ ਅਤੇ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।


Copyrighted Material
Learn More

will be added

X\