ਰਸੂਲਾਂ ਦੇ ਕਰਤੱਬ 6

1ਉਨ੍ਹੀਂ ਦਿਨੀ, ਯਿਸੂ ਦੇ ਚੇਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਇਸ ਅੰਤਰਾਲ ਵਿੱਚ, ਯੂਨਾਨੀ ਬੋਲਣ ਵਾਲੇ ਚੇਲਿਆਂ ਨੇ ਦੂਜੇ ਚੇਲਿਆਂ ਬਾਰੇ, ਜੋ ਕਿ ਇਸਰਾਏਲੀ ਸਨ, ਸ਼ਿਕਾਇਤ ਕੀਤੀ। ਉਨ੍ਹਾਂ ਨੇ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਹਰ ਰੋਜ਼ ਭੋਜਨ ਦੀ ਵੰਡ ਦਾ ਸਹੀ ਹਿੱਸਾ ਨਹੀਂ ਮਿਲ ਰਿਹਾ ਸੀ। 2ਤਾਂ ਬਾਰ੍ਹਾਂ ਰਸੂਲਾਂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ੁਰ ਦੇ ਸ਼ਬਦ ਦੀ ਸੇਵਾ ਦੀ ਥਾਂ ਤੇ ਭੋਜਨ ਵਰਤਾਉਣ ਵਿੱਚ ਆਪਣਾ ਸਮਾਂ ਬਰਬਾਦ ਕਰੀਏ। 3ਇਸੇ ਲਈ, ਹੇ ਭਰਾਵੋ, ਤੁਸੀਂ ਆਪਣੇ ਵਿੱਚੋਂ ਉਨ੍ਹਾਂ ਸੱਤ ਆਦਮੀਆਂ ਨੂੰ ਚੁਣੋ, ਜਿਨ੍ਹਾਂ ਦੀ ਪ੍ਰਤਿਸ਼ਠਾ ਚੰਗੀ ਹੋਵੇ। ਉਹ ਸਿਆਣਪ ਅਤੇ ਆਤਮਾ ਨਾਲ ਭਰਪੂਰ ਹੋਣੇ ਚਾਹੀਦੇ ਹਨ। ਅਸੀਂ ਉਨ੍ਹਾਂ ਨੂੰ ਇਹ ਕਾਰਜ ਸੌਂਪ ਦੇਵਾਂਗੇ। 4ਫ਼ੇਰ ਅਸੀਂ ਆਪਣਾ ਸਾਰਾ ਸਮਾਂ ਪ੍ਰਾਰਥਨਾ ਅਤੇ ਪਰਮੇਸ਼ੁਰ ਦੇ ਬਚਨਾਂ ਦਾ ਉਪਦੇਸ਼ ਕਰਨ ਵਿੱਚ ਬਿਤਾ ਸੱਕਾਂਗੇ।” 5ਸਭ ਲੋਕਾਂ ਨੂੰ ਇਹ ਮਸ਼ਵਰਾ ਪਸੰਦ ਆਇਆ। ਫ਼ੇਰ ਉਨ੍ਹਾਂ ਨੇ ਇਸਤੀਫ਼ਾਨ ਨੂੰ ਜਿਹੜਾ ਵੱਡੀ ਨਿਹਚਾ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ, ਫ਼ਿਲਿਪੁੱਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਨਿਕਲਾਊਸ, ਜੋ ਕਿ ਅੰਤਾਕਿਯਾ ਤੋਂ ਸੀ ਅਤੇ ਜੋ ਕਿ ਯਹੂਦੀ ਬਣਿਆ ਸੀ ਨੂੰ ਚੁਣਿਆ। 6ਫ਼ੇਰ ਉਹ ਇਨ੍ਹਾਂ ਸੱਤਾਂ ਆਦਮੀਆਂ ਨੂੰ ਰਸੂਲਾਂ ਸਾਹਮਣੇ ਲਿਆਏ। ਰਸੂਲਾਂ ਨੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ। 7ਪਰਮੇਸ਼ੁਰ ਦਾ ਬਚਨ ਵੱਧ ਤੋਂ ਵੱਧ ਫ਼ੈਲ ਰਿਹਾ ਸੀ, ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਤੇਜ਼ ਰਫ਼ਤਾਰ ਨਾਲ ਵੱਧਦੀ ਗਈ। ਨਾਲ ਹੀ ਬਹੁਤ ਸਾਰੇ ਯਹੂਦੀ ਜਾਜਕ ਵੀ ਇਸ ਮੱਤ ਦੇ ਮੰਨਣ ਵਾਲੇ ਹੋ ਗਏ। 8ਇਸਤੀਫ਼ਾਨ ਨੇ, ਜੋ ਕਿ ਪਰਮੇਸ਼ੁਰ ਦੀ ਕਿਰਪਾ ਅਤੇ ਸ਼ਕਤੀ ਨਾਲ ਭਰਪੂਰ ਸੀ, ਵੱਡੇ ਅਚੰਭੇ ਕੀਤੇ ਅਤੇ ਲੋਕਾਂ ਨੂੰ ਚਮਤਕਾਰੀ ਨਿਸ਼ਾਨੀਆਂ ਦਿਖਾਈਆਂ। 9ਪਰ ਕੁਝ ਯਹੂਦੀ, ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ। ਇਹ ਯਹੂਦੀ, ਯਹੂਦੀਆਂ ਦੇ ਇੱਕ ਪ੍ਰਾਰਥਨਾ ਅਸਥਾਨ ਤੋਂ ਸਨ, ਜੋ ਲਿਬਰਤੀਨੀਆਂ ਦਾ ਪ੍ਰਾਰਥਨਾ ਸਥਾਨ ਜਾਣਿਆ ਜਾਂਦਾ ਸੀ। ਇਹ ਪ੍ਰਾਰਥਨਾ ਸਥਾਨ ਕੁਰੇਨੀਆਂ ਅਤੇ ਸਿਕੰਦਰੀਆਂ ਦੇ ਯਹੂਦੀਆਂ ਨਾਲ ਵੀ ਸੰਬੰਧਿਤ ਸੀ। ਕਿਲਿਕਿਯਾ ਅਤੇ ਅਸਿਯਾ ਤੋਂ ਵੀ ਯਹੂਦੀ ਉਨ੍ਹਾਂ ਦੇ ਨਾਲ ਆਏ ਸਨ। 10ਪਰ ਪਵਿੱਤਰ ਆਤਮਾ ਇਸਤੀਫ਼ਾਨ ਨੂੰ ਸਿਆਣਪ ਨਾਲ ਬੋਲਣ ਵਿੱਚ ਮਦਦ ਕਰ ਰਿਹਾ ਸੀ। ਉਸਦੀ ਗੱਲ ਇੰਨੀ ਸਿਆਣੀ ਤੇ ਜ਼ੋਰਦਾਰ ਸੀ ਕਿ ਕੋਈ ਵੀ ਯਹੂਦੀ ਉਸ ਅੱਗੇ ਠਹਿਰ ਨਾ ਸੱਕਿਆ। 11ਇਸ ਲਈ ਯਹੂਦੀਆਂ ਨੇ ਇਹ ਆਖਣ ਲਈ ਕੁਝ ਬੰਦੇ ਭਾੜੇ ਤੇ ਲੈ ਲਏ, “ਅਸੀਂ ਇਸਤੀਫ਼ਾਨ ਨੂੰ ਮੂਸਾ ਅਤੇ ਪਰਮੇਸ਼ੁਰ ਦੇ ਵਿਰੁੱਧ ਬੋਲਦੇ ਸੁਣਿਆ ਹੈ।” 12ਇਸ ਤਰ੍ਹਾਂ, ਯਹੂਦੀਆਂ ਨੇ ਲੋਕਾਂ ਨੂੰ, ਬਜ਼ੁਰਗ ਯਹੂਦੀ ਆਗੂਆਂ ਨੂੰ, ਅਤੇ ਨੇਮ ਦੇ ਉਪਦੇਸ਼ਕਾਂ ਨੂੰ ਪਰੇਸ਼ਾਨ ਕਰ ਦਿੱਤਾ। ਇਸ ਲਈ ਉਹ ਗੁੱਸੇ ਵਿੱਚ ਆਏ ਅਤੇ ਉਨ੍ਹਾਂ ਨੇ ਇਸਤੀਫ਼ਾਨ ਨੂੰ ਜ਼ਬਰਦਸਤੀ ਫ਼ੜ ਲਿਆ। ਉਹ ਉਸ ਨੂੰ ਯਹੂਦੀ ਆਗੂਆਂ ਦੀ ਸਭਾ ਵਿੱਚ ਲੈ ਗਏ। 13ਉਹ ਕੁਝ ਹੋਰ ਲੋਕਾਂ ਨੂੰ ਇਸਤੀਫ਼ਾਨ ਦੇ ਖਿਲਾਫ਼ ਬੋਲਣ ਲਈ ਲੈ ਆਏ। ਉਨ੍ਹਾਂ ਨੇ ਆਖਿਆ, “ਇਹ ਆਦਮੀ ਹਮੇਸ਼ਾ ਇਸ ਪਵਿੱਤਰ ਅਸਥਾਨ ਅਤੇ ਮੂਸਾ ਦੀ ਸ਼ਰ੍ਹਾ ਦੇ ਵਿਰੁੱਧ ਬੋਲਦਾ ਹੈ। 14ਅਸੀਂ ਇਸ ਨੂੰ ਇਹ ਵੀ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਨਾਸਰੀ ਇਸ ਅਸਥਾਨ ਨੂੰ ਵੀ ਨਸ਼ਟ ਕਰ ਦੇਵੇਗਾ। ਅਸੀਂ ਇਸ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਯਿਸੂ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜਿਹੜੀਆਂ ਮੂਸਾ ਨੇ ਸਾਨੂੰ ਦਿੱਤੀਆਂ।” 15ਉਨ੍ਹਾਂ ਸਾਰੇ ਲੋਕਾਂ ਨੇ, ਜਿਹੜੇ ਉਸ ਸਭਾ ਵਿੱਚ ਬੈਠੇ ਸਨ, ਇਸਤੀਫ਼ਾਨ ਨੂੰ ਧਿਆਨ ਨਾਲ ਵੇਖਿਆ ਅਤੇ ਉਨ੍ਹਾਂ ਨੇ ਵੇਖਿਆ ਕਿ ਉਸਦਾ ਚਿਹਰਾ ਇੱਕ ਦੂਤ ਜਿਹਾ ਸੀ।


Copyrighted Material
Learn More

will be added

X\