ਕੁਲੁੱਸੀਆਂ ਨੂੰ 3

1ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ। 2ਸਵਰਗ ਦੀਆਂ ਚੀਜ਼ਾਂ ਬਾਰੇ ਹੀ ਸੋਚੋ, ਧਰਤੀ ਦੀਆਂ ਚੀਜ਼ਾਂ ਬਾਰੇ ਨਹੀਂ। 3ਕਿਉਂ ਕਿ ਤੁਹਾਡਾ ਪੁਰਾਣਾ ਪਾਪੀ ਆਪਾ ਮਰ ਗਿਆ ਅਤੇ ਤੁਹਾਡਾ ਨਵਾਂ ਜੀਵਨ ਮਸੀਹ ਨਾਲ ਪਰਮੇਸ਼ੁਰ ਵਿੱਚ ਰੱਖਿਆ ਗਿਆ ਹੈ। 4ਮਸੀਹ ਸਾਡਾ ਜੀਵਨ ਹੈ। ਜਦੋਂ ਉਹ ਫ਼ੇਰ ਆਵੇਗਾ, ਤੁਸੀਂ ਉਸਦੀ ਮਹਿਮਾ ਵਿੱਚ ਸ਼ਾਮਿਲ ਹੋਵੋਂਗੇ। 5ਇਸ ਲਈ ਸਾਰੀਆਂ ਮੰਦੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਓ। ਉਹ ਹਨ; ਜਿਨਸੀ ਪਾਪ, ਅਨੈਤਿਕਤਾ, ਲਾਲਸਾ, ਬੁਰੀਆਂ ਇੱਛਾਵਾਂ ਅਤੇ ਲਾਲਚ ਜੋ ਕਿ ਮੂਰਤੀ ਉਪਾਸੱਕ ਹਨ। 6ਪਰਮੇਸ਼ੁਰ ਦਾ ਗੁੱਸਾ ਉਨ੍ਹਾਂ ਲੋਕਾਂ ਤੇ ਆਵੇਗਾ ਜੋ ਮੰਨਣ ਤੋਂ ਇਨਕਾਰ ਕਰਦੇ ਹਨ। 7ਅਤੀਤ ਵਿੱਚ, ਤੁਸੀਂ ਅਜਿਹੇ ਲੋਕਾਂ ਦਾ ਸੰਗ ਕੀਤਾ ਅਤੇ ਇਹ ਸਾਰੀਆਂ ਗੱਲਾਂ ਕੀਤੀਆਂ। 8ਪਰ ਹੁਣ ਤੁਸੀਂ ਇਨ੍ਹਾਂ ਸਭ ਗੱਲਾਂ ਨੂੰ ਆਪਣੇ ਜੀਵਨ ਵਿੱਚੋਂ ਬਾਹਰ ਕੱਢ ਦਿਓ; ਨਰਾਜ਼ਗੀ, ਕ੍ਰੋਧ, ਦੁਰਭਾਵਨਾ, ਦੂਸਰਿਆਂ ਦੀ ਬੇਇੱਜ਼ਤੀ ਕਰਨਾ ਅਤੇ ਗੰਦੀ ਭਾਸ਼ਾ ਇਸਤੇਮਾਲ ਕਰਨੀ। 9ਇੱਕ ਦੂਸਰੇ ਨਾਲ ਝੂਠ ਨਾ ਬੋਲੋ। ਕਿਉਂ? ਕਿਉਂਕਿ ਤੁਸੀਂ ਆਪਣਾ ਪੁਰਾਣਾ ਪਾਪੀ ਜੀਵਨ ਛੱਡ ਚੁੱਕੇ ਹੋ ਅਤੇ ਉਹ ਗੱਲਾਂ ਛੱਡ ਚੁੱਕੇ ਹੋ ਜੋ ਤੁਸੀਂ ਪਹਿਲਾਂ ਕਰਦੇ ਸੀ। 10ਹੁਣ ਤੁਸੀਂ ਇੱਕ ਨਵਾਂ ਜੀਵਨ ਸ਼ੁਰੂ ਕੀਤਾ ਹੈ। ਆਪਣੇ ਨਵੇਂ ਜੀਵਨ ਵਿੱਚ, ਤੁਸੀਂ ਦ੍ਰਿੜ੍ਹਤਾ ਨਾਲ ਉਸ ਵਰਗੇ ਬਣਨ ਲਈ, ਜਿਸਨੇ ਤੁਹਾਨੂੰ ਸਾਜਿਆ ਹੈ, ਨਵੇਂ ਬਣਾਏ ਜਾ ਰਹੇ ਹੋ। ਤੁਹਾਡਾ ਨਵਾਂ ਜੀਵਨ ਤੁਹਾਨੂੰ ਪਰਮੇਸ਼ੁਰ ਦਾ ਸੱਚਾ ਗਿਆਨ ਦਿੰਦਾ ਹੈ। 11ਇਸ ਨਵੇਂ ਜੀਵਨ ਵਿੱਚ ਯੂਨਾਨੀਆਂ ਅਤੇ ਯਹੂਦੀਆਂ ਵਿੱਚਕਾਰ ਕੋਈ ਅੰਤਰ ਨਹੀਂ। ਉਨ੍ਹਾਂ ਲੋਕਾਂ ਵਿੱਚਕਾਰ ਜਿਨ੍ਹਾਂ ਦੀ ਸੁੰਨਤ ਹੋਈ ਹੈ ਅਤੇ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਜਾਂ ਜਿਹੜੇ ਲੋਕ ਕਿਸੇ ਬਾਹਰਲੇ ਦੇਸ਼ ਦੇ ਜਾਂ ਸੱਕੂਥੀ ਹਨ, ਕੋਈ ਅੰਤਰ ਨਹੀਂ। ਅਜ਼ਾਦ ਲੋਕਾਂ ਅਤੇ ਗੁਲਾਮਾਂ ਵਿੱਚਕਾਰ ਕੋਈ ਅੰਤਰ ਨਹੀਂ। ਪਰੰਤੂ ਮਸੀਹ ਉਨ੍ਹਾਂ ਸਮੂਹ ਸ਼ਰਧਾਲੂਆਂ ਵਿੱਚ ਹੈ। ਅਤੇ ਮਸੀਹ ਹੀ ਜਿਹੜਾ ਸਰਬ ਉੱਚ ਹੈ। 12ਕਿਉਂਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕੀ ਹੋ। ਉਸ ਨੇ ਤੁਹਾਨੂੰ ਪਵਿੱਤਰ ਬਣਾਇਆ ਅਤੇ ਉਹ ਤੁਹਾਨੂੰ ਪਿਆਰ ਕਰਦਾ ਹੈ। ਇਸ ਲਈ ਹਮੇਸ਼ਾ ਹਮਦਰਦੀ, ਕਿਰਪਾ, ਨਿਮ੍ਰਤਾ, ਸੱਜਨਤਾ ਅਤੇ ਸਬਰ ਨਾਲ ਭਰਪੂਰ ਰਹੋ। 13ਇੱਕ ਦੂਸਰੇ ਨਾਲ ਨਾਰਾਜ਼ ਨਾ ਹੋਵੋ, ਸਗੋਂ ਇੱਕ ਦੂਸਰੇ ਨੂੰ ਮਾਫ਼ ਕਰ ਦਿਉ। ਜੇ ਕੋਈ ਵਿਅਕਤੀ ਤੁਹਾਡੇ ਨਾਲ ਕੁਝ ਗਲਤ ਕਰਦਾ ਹੈ, ਉਸ ਨੂੰ ਮਾਫ਼ ਕਰ ਦਿਉ। ਤੁਹਾਨੂੰ ਹੋਰਨਾਂ ਨੂੰ ਉਵੇਂ ਮੁਆਫ਼ ਕਰ ਦੇਣਾ ਚਾਹੀਦਾ ਹੈ ਜਿਵੇਂ ਪ੍ਰਭੂ ਨੇ ਤੁਹਾਨੂੰ ਮੁਆਫ਼ ਕਰ ਦਿੱਤਾ। 14ਇਹ ਸਾਰੀਆਂ ਗੱਲਾਂ ਕਰੋ; ਪਰ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਇੱਕ ਦੂਸਰੇ ਨੂੰ ਪਿਆਰ ਕਰੋ। ਪਿਆਰ ਹੀ ਉਹ ਤਾਕਤ ਹੈ ਜੋ ਤੁਹਾਨੂੰ ਸਾਰਿਆਂ ਨੂੰ ਸਹੀ ਏਕਤਾ ਵਿੱਚ ਬੰਨ੍ਹਦੀ ਹੈ। 15ਜੋ ਸ਼ਾਂਤੀ ਮਸੀਹ ਤੁਹਾਨੂੰ ਦਿੰਦਾ ਹੈ ਉਸ ਨੂੰ ਆਪਣੇ ਉੱਤੇ ਰਾਜ ਕਰਨ ਦਿਉ। ਇਸ ਕਰਕੇ ਹੀ ਤੁਹਾਨੂੰ ਸਾਰਿਆਂ ਨੂੰ ਇੱਕ ਸਰੀਰ ਵਿੱਚ ਇਕੱਠਾ ਕੀਤਾ ਗਿਆ ਹੈ। ਹਮੇਸ਼ਾ ਸ਼ੁਕਰਗੁਜ਼ਾਰ ਹੋਵੋ। 16ਆਪਣੇ ਅੰਦਰ ਮਸੀਹ ਦੀ ਸਿੱਖਿਆ ਨੂੰ ਅਮੀਰੀ ਨਾਲ ਵਸਣ ਦਿਉ। ਸਾਰੀ ਸਿਆਣਪ ਨੂੰ ਇੱਕ ਦੂਸਰੇ ਨੂੰ ਉਪਦੇਸ਼ ਦੇਣ ਅਤੇ ਇੱਕ ਦੂਸਰੇ ਨੂੰ ਮਜ਼ਬੂਤ ਬਨਾਉਣ ਲਈ ਵਰਤੋ। ਪਰਮੇਸ਼ੁਰ ਨੂੰ ਉਦਾਰ ਦਿਲਾਂ ਨਾਲ ਭਜਨ, ਸ਼ਬਦ ਅਤੇ ਆਤਮਕ ਗੀਤ ਗਾਓ। 17ਜੋ ਕੁਝ ਵੀ ਤੁਸੀਂ ਆਖਦੇ ਹੋ ਅਤੇ ਜੋ ਕੁਝ ਵੀ ਤੁਸੀਂ ਕਰਦੇ ਹੋ, ਇਹ ਪ੍ਰਭੂ ਯਿਸੂ ਦੇ ਨਾਂ ਵਿੱਚ ਹੋਣ ਦਿਉ। ਸਾਰੀਆਂ ਗੱਲਾਂ ਵਿੱਚ, ਯਿਸੂ ਰਾਹੀਂ ਪਰਮੇਸ਼ੁਰ ਪਿਤਾ ਦਾ ਧੰਨਵਾਦ ਕਰੋ। 18ਪਤਨੀਓ, ਆਪਣੇ ਪਤੀਆਂ ਦੀ ਆਗਿਆ ਦਾ ਪਾਲਣ ਕਰੋ। ਪ੍ਰਭੂ ਵਿੱਚ ਅਜਿਹਾ ਕਰਨਾ ਹੀ ਠੀਕ ਹੈ। 19ਪਤੀਓ, ਆਪਣੀਆਂ ਪਤਨੀਆਂ ਨੂੰ ਪਿਆਰ ਕਰੋ ਅਤੇ ਉਨ੍ਹਾਂ ਨਾਲ ਬਤਮੀਜ਼ੀ ਨਾ ਕਰੋ। 20ਬੱਚਿਓ, ਹਰ ਗੱਲ ਵਿੱਚ ਆਪਣੇ ਮਾਪਿਆਂ ਦਾ ਆਖਾ ਮੰਨੋ। ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ। 21ਪਿਤਾਓ, ਆਪਣੇ ਬੱਚਿਆਂ ਨੂੰ ਨਿਰਾਸ਼ਾਜਨਕ ਨਾ ਬਣਾਓ। ਜੇ ਤੁਸੀਂ ਉਨ੍ਹਾਂ ਨਾਲ ਜ਼ਿਆਦਾ ਸਖਤ ਹੋਵੋਂਗੇ ਤਾਂ ਉਹ ਕੋਸ਼ਿਸ਼ ਕਰਨੀ ਛੱਡ ਦੇਣਗੇ। 22ਨੌਕਰੋ, ਹਰ ਚੀਜ਼ ਵਿੱਚ ਆਪਣੇ ਮਾਲਕ ਦਾ ਕਹਿਣਾ ਮੰਨੋ। ਹਮੇਸ਼ਾ ਉਹੀ ਕਰੋ ਜੋ ਤੁਹਾਡਾ ਮਾਲਕ ਤੁਹਾਥੋਂ ਕਰਾਉਣਾ ਚਾਹੁੰਦਾ ਹੈ, ਉਦੋਂ ਵੀ ਜਦੋਂ ਉਹ ਤੁਹਾਨੂੰ ਨਹੀਂ ਵੇਖ ਰਿਹਾ। ਲੋਕਾਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਗੱਲਾਂ ਨਾ ਕਰੋ, ਪਰ ਉਨ੍ਹਾਂ ਨੂੰ ਪੂਰੇ ਦਿਲੋਂ ਪ੍ਰਭੂ ਨੂੰ ਪ੍ਰਸੰਨ ਕਰਨ ਲਈ ਕਰੋ। 23ਹਰ ਕੰਮ ਜਿਹੜਾ ਤੁਸੀਂ ਕਰ ਰਹੇ ਹੋ, ਆਪਣੀ ਪੂਰੀ ਸਮਰਥਾ ਨਾਲ ਕਰੋ। ਇਸ ਤਰ੍ਹਾਂ ਕੰਮ ਕਰੋ ਜਿਵੇਂ ਤੁਸੀਂ ਲੋਕਾਂ ਲਈ ਨਹੀਂ ਪ੍ਰਭੂ ਲਈ ਕਰ ਰਹੇ ਹੋ। 24ਯਾਦ ਰੱਖੋ ਤੁਸੀਂ ਪ੍ਰਭੂ ਪਾਸੋਂ ਆਪਣਾ ਇਨਾਮ ਹਾਸਿਲ ਕਰੋਂਗੇ। ਉਹ ਤੁਹਾਨੂੰ ਉਹੋ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਵਾਇਦਾ ਕੀਤਾ ਹੈ ਇਹ ਪ੍ਰਭੂ ਮਸੀਹ ਹੈ ਜਿਸਦੀ ਸੇਵਾ ਤੁਸੀਂ ਕਰ ਰਹੇ ਹੋ। 25ਯਾਦ ਰੱਖੋ ਕਿ ਜਿਹੜਾ ਵਿਅਕਤੀ ਗਲਤ ਕੰਮ ਕਰਦਾ ਹੈ ਉਸ ਨੂੰ ਉਸਦੀ ਗਲਤੀ ਦੀ ਸਜ਼ਾ ਮਿਲੇਗੀ। ਅਤੇ ਪ੍ਰਭੂ ਹਰ ਵਿਅਕਤੀ ਨਾਲ ਇੱਕੋ ਜਿਹਾ ਸਲੂਕ ਕਰਦਾ ਹੈ।


Copyrighted Material
Learn More

will be added

X\