ਅਫ਼ਸੀਆਂ ਨੂੰ 5

1ਤੁਸੀਂ ਪਰਮੇਸ਼ੁਰ ਦੇ ਉਹ ਬੱਚੇ ਹੋ ਜਿਨ੍ਹਾਂ ਨੂੰ ਉਹ ਪਿਆਰ ਕਰਦਾ ਹੈ। 2ਇਸ ਲਈ ਪਰਮੇਸ਼ੁਰ ਵਾਂਗ ਬਣਨ ਦੀ ਕੋਸ਼ਿਸ਼ ਕਰੋ। ਪ੍ਰੇਮ ਦਾ ਜੀਵਨ ਜੀਓ। ਹੋਰਾਂ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਵੇਂ ਮਸੀਹ ਨੇ ਤੁਹਾਨੂੰ ਪਿਆਰ ਕੀਤਾ। ਮਸੀਹ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕੀਤਾ ਸੀ। ਉਹ ਪਰਮੇਸ਼ੁਰ ਨੂੰ ਚੜ੍ਹਾਈ ਗਈ ਚੰਗੀ ਸੁਗੰਧ ਅਤੇ ਇੱਕ ਕੁਰਬਾਨੀ ਸੀ। 3ਤੁਹਾਡੇ ਵਿੱਚ ਜਿਨਸੀ ਪਾਪ ਨਹੀਂ ਹੋਣਾ ਚਾਹੀਦਾ। ਤੁਹਾਡੇ ਵਿੱਚ ਕਿਸੇ ਵੀ ਕਿਸਮ ਦੀ ਅਸ਼ੁੱਧਤਾ ਜਾਂ ਲਾਲਸਾ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਨ੍ਹਾਂ ਬੁਰੀਆਂ ਗੱਲਾਂ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ। ਕਿਉਂ? ਕਿਉਂ ਕਿ ਇਹ ਗੱਲਾਂ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਲਈ ਸਹੀ ਨਹੀਂ ਹਨ। 4ਇਸ ਤੋਂ ਇਲਾਵਾ ਤੁਹਾਡੇ ਦਰਮਿਆਨ ਭੱਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਤੁਹਾਨੂੰ ਕਦੇ ਵੀ ਮੂਰੱਖਤਾ ਭਰੇ ਬੋਲ ਨਹੀਂ ਬੋਲਣੇ ਚਾਹੀਦੇ ਤੇ ਨਾਂ ਗੰਦੇ ਮਜ਼ਾਕ ਕਰਨੇ ਚਾਹੀਦੇ ਹਨ। ਇਹ ਗੱਲਾਂ ਤੁਹਾਡੇ ਲਈ ਸਹੀ ਨਹੀਂ ਹਨ। ਪਰਮੇਸ਼ੁਰ ਨੂੰ ਧੰਨਵਾਦ ਦੇਣਾ ਹੀ ਤੁਹਾਡੇ ਲਈ ਸਹੀ ਹੈ। 5ਤੁਸੀਂ ਇਸ ਬਾਰੇ ਨਿਸ਼ਚਿਤ ਹੋ ਸੱਕਦੇ ਹੋ। ਇੱਕ ਵਿਅਕਤੀ ਜਿਹੜਾ ਜਿਨਸੀ ਪਾਪ ਕਰਦਾ ਹੈ ਜਾਂ ਉਹ ਜੋ ਪਾਪ ਕਰਦਾ ਜਾਂ ਲੋਭੀ ਵਪਾਰੀ ਹੈ ਉਸ ਨੂੰ ਪਰਮੇਸ਼ੁਰ ਅਤੇ ਮਸੀਹ ਦੇ ਰਾਜ ਵਿੱਚ ਕੋਈ ਜਗ਼੍ਹਾ ਨਹੀਂ ਮਿਲੇਗੀ ਇੱਕ ਵਿਅਕਤੀ ਜਿਹੜਾ ਹਮੇਸ਼ਾ ਆਪਣੇ ਲਈ ਵੱਧ ਤੋਂ ਵੱਧ ਪ੍ਰਾਪਤ ਕਰਨ ਦੀ ਚਾਹਨਾ ਰੱਖਦਾ ਮੂਰਤੀ ਉਪਾਸੱਕ ਹੈ। 6ਕਦੇ ਵੀ ਕਿਸੇ ਵਿਅਕਤੀ ਨੂੰ ਉਸ ਦੀਆਂ ਖੋਖਲੀਆਂ ਗੱਲਾਂ ਨਾਲ ਆਪਣੇ ਆਪ ਨੂੰ ਗੁਮਰਾਹ ਨਾ ਕਰਨ ਦਿਓ। ਇਹ ਬਦਕਾਰੀਆਂ ਪਰਮੇਸ਼ੁਰ ਨੂੰ ਉਨ੍ਹਾਂ ਲੋਕਾਂ ਉੱਪਰ ਕਹਿਰਵਾਨ ਕਰਦੀਆਂ ਹਨ ਜਿਹੜੇ ਉਸਦੀ ਆਗਿਆ ਦਾ ਪਾਲਨ ਨਹੀਂ ਕਰਦੇ। 7ਇਸ ਲਈ ਉਨ੍ਹਾਂ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। 8ਅਤੀਤ ਵਿੱਚ, ਤੁਸੀਂ ਹਨੇਰੇ ਨਾਲ ਘਿਰੇ ਹੋਏ ਸੀ। ਪਰ ਹੁਣ ਤੁਸੀਂ ਪ੍ਰਭੂ ਵਿੱਚਲੀ ਰੋਸ਼ਨੀ ਨਾਲ ਭਰੇ ਹੋਏ ਹੋ। ਇਸ ਲਈ ਉਨ੍ਹਾਂ ਲੋਕਾਂ ਵਾਂਗ ਰਹੋ ਜਿਹੜੇ ਰੌਸ਼ਨੀ ਨਾਲ ਸੰਬੰਧ ਰੱਖਦੇ ਹਨ। 9ਰੌਸ਼ਨੀ ਚੰਗਿਆਈ, ਧਰਮੀ ਜੀਵਨ ਅਤੇ ਸੱਚ ਦਿੰਦੀ ਹੈ। 10ਸਿੱਖਣ ਦੀ ਕੋਸ਼ਿਸ਼ ਕਰੋ ਕਿ ਪ੍ਰਭੂ ਨੂੰ ਕੀ ਪ੍ਰਸੰਨ ਕਰਦਾ ਹੈ। 11ਅਜਿਹੀਆਂ ਗੱਲਾਂ ਨਾ ਕਰੋ ਜਿਹੜੀਆਂ ਉਹ ਲੋਕ ਕਰਦੇ ਹਨ, ਜਿਹੜੇ ਹਨੇਰੇ ਵਿੱਚ ਹਨ। ਅਜਿਹੀਆਂ ਗੱਲਾਂ ਕੋਈ ਲਾਭ ਨਹੀਂ ਲਿਆਉਂਦੀਆਂ। ਪਰ ਇਹ ਦਰਸ਼ਾਉਣ ਲਈ ਚੰਗੀਆਂ ਗੱਲਾਂ ਕਰੋ ਕਿ ਹਨੇਰੇ ਵਿੱਚਲੀਆਂ ਗੱਲਾਂ ਗਲਤ ਹਨ। 12ਉਨ੍ਹਾਂ ਗੱਲਾਂ ਬਾਰੇ ਬੋਲਣਾ ਵੀ ਸ਼ਰਮਨਾਕ ਹੈ ਜਿਹੜੀਆਂ ਹਨੇਰੇ ਵਿੱਚ ਕੀਤੀਆਂ ਜਾਂਦੀਆਂ ਹਨ। 13ਪਰ ਜਦੋਂ ਅਸੀਂ ਦਰਸ਼ਾਉਂਦੇ ਹਾਂ ਕਿ ਇਹ ਗੱਲਾਂ ਗਲਤ ਹਨ, ਰੌਸ਼ਨੀ ਉਨ੍ਹਾਂ ਗੱਲਾਂ ਨੂੰ ਪ੍ਰਤੱਖ ਬਣਾ ਦਿੰਦੀ ਹੈ। 14ਅਤੇ ਜਿਹੜੀ ਗੱਲ ਪ੍ਰਤੱਖ ਹੈ ਰੌਸ਼ਨੀ ਬਣ ਸੱਕਦੀ ਹੈ। ਇਸੇ ਲਈ ਅਸੀਂ ਆਖਦੇ ਹਾਂ: “ਜਾਗੋ, ਤੁਸੀਂ ਸੁੱਤਿਓ ਬੰਦਿਓ! ਮੌਤ ਤੋਂ ਜਿਉ, ਅਤੇ ਮਸੀਹ ਤੁਹਾਡੇ ਉੱਪਰ ਚਮਕੇਗਾ।” 15ਇਸ ਲਈ ਇਸ ਗੱਲੋਂ ਬਹੁਤ ਸਾਵੱਧਾਨ ਰਹੋ ਕਿ ਤੁਸੀਂ ਕਿਵੇਂ ਜਿਉਂਦੇ ਹੋ। ਗਿਆਨਹੀਣ ਬੰਦਿਆਂ ਦੇ ਢੰਗ ਵਾਂਗ ਨਾ ਜੀਓ। ਸਗੋਂ ਗਿਆਨਵਾਨ ਬਣਕੇ ਜੀਓ। 16ਮੇਰਾ ਭਾਵ ਇਹ ਹੈ ਕਿ ਤੁਹਾਨੂੰ ਆਪਣੇ ਹਰ ਮੌਕੇ ਨੂੰ ਚੰਗੇ ਕੰਮ ਲਈ ਵਰਤਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਭ੍ਰਿਸ਼ਟ ਹਨ। 17ਇਸ ਲਈ ਮੂਰੱਖਤਾ ਦਾ ਜੀਵਨ ਨਾ ਜੀਵੋ। ਪਰ ਉਹ ਗੱਲਾਂ ਸਿੱਖੋ ਜਿਹੜੀਆਂ ਪ੍ਰਭੂ ਤੁਹਾਡੇ ਪਾਸੋਂ ਕਰਵਾਉਣੀਆਂ ਚਾਹੁੰਦਾ ਹੈ। 18ਮੈਅ ਨਾਲ ਸ਼ਰਾਬੀ ਨਾ ਹੋਵੋ। ਇਹ ਆਤਮਕ ਤੌਰ ਤੇ ਤੁਹਾਨੂੰ ਤਬਾਹ ਕਰ ਦੇਵੇਗੀ, ਪਰ ਇਸਦੀ ਜਗ਼੍ਹਾ ਆਤਮਾ ਨਾਲ ਭਰਪੂਰ ਹੋਵੇ। 19ਇੱਕ ਦੂਸਰੇ ਨਾਲ ਭਜਨਾਂ, ਸ਼ਬਦਾਂ ਅਤੇ ਆਤਮਕ ਗੀਤਾਂ ਨਾਲ ਬੋਲੋ। ਆਪਣੇ ਦਿਲਾਂ ਵਿੱਚ ਪ੍ਰਭੂ ਲਈ ਗਾਓ ਅਤੇ ਸੰਗੀਤ ਛੇੜੋ। 20ਹਰ ਚੀਜ਼ ਲਈ ਪਿਤਾ ਪਰਮੇਸ਼ੁਰ ਦਾ ਧੰਨਵਾਦ ਕਰੋ, ਉਸਦਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਧੰਨਵਾਦ ਕਰੋ। 21ਇੱਕ ਦੂਸਰੇ ਦੀ ਗੱਲ ਮੰਨਣ ਲਈ ਸਦਾ ਤਿਆਰ ਰਹੋ। ਅਜਿਹਾ ਇਸ ਲਈ ਕਰੋ ਕਿਉਂ ਜੋ ਤੁਸੀਂ ਮਸੀਹ ਦਾ ਆਦਰ ਕਰਦੇ ਹੋ। 22ਪਤਨੀਓ, ਆਪਣੇ ਪਤੀਆਂ ਦੇ ਅਧਿਕਾਰਾਂ ਹੇਠਾਂ ਉਵੇਂ ਹੀ ਰਹੋ ਜਿਵੇਂ ਕਿ ਤੁਸੀਂ ਪ੍ਰਭੂ ਦੇ ਅਧਿਕਾਰ ਹੇਠਾਂ ਹੋ। 23ਪਤੀ ਪਤਨੀ ਦਾ ਮੁਖੀਆ ਹੈ, ਜਿਵੇਂ ਕਿ ਮਸੀਹ ਕਲੀਸਿਯਾ ਦਾ ਮੁਖੀਆ ਹੈ। ਕਲੀਸਿਯਾ ਮਸੀਹ ਦਾ ਸਰੀਰ ਹੈ। ਮਸੀਹ ਸਰੀਰ ਦਾ ਰੱਖਿਅਕ ਹੈ। 24ਕਲੀਸਿਯਾ ਮਸੀਹ ਦੇ ਅਧਿਕਾਰ ਹੇਠਾਂ ਹੈ। ਇਸ ਲਈ ਪਤਨੀਓ ਤੁਹਾਡੇ ਬਾਰੇ ਵੀ ਇਵੇਂ ਹੀ ਹੈ। ਤੁਹਾਨੂੰ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧਿਕਾਰ ਹੇਠਾਂ ਹੋਣਾ ਚਾਹੀਦਾ ਹੈ। 25ਪਤੀਓ, ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਮਸੀਹ ਨੇ ਕਲੀਸਿਯਾ ਨਾਲ ਕੀਤਾ ਹੈ। ਮਸੀਹ ਕਲੀਸਿਯਾ ਲਈ ਮਰਿਆ ਸੀ। 26ਉਹ ਕਲੀਸਿਯਾ ਨੂੰ ਆਪਣੀ ਸੇਵਾ ਵਾਸਤੇ ਸ਼ੁੱਧ ਬਨਾਉਣ ਲਈ ਮਰਿਆ ਸੀ। ਪਰ ਪਹਿਲਾਂ ਮਸੀਹ ਨੇ ਕਲੀਸਿਯਾ ਨੂੰ ਖੁਸ਼ਖਬਰੀ ਰਾਹੀਂ ਪਾਣੀ ਨਾਲ ਧੋਕੇ ਸਾਫ਼ ਕੀਤਾ। 27ਮਸੀਹ ਮਰਿਆ ਤਾਂ ਜੋ ਉਹ ਕਲੀਸਿਯਾ ਨੂੰ ਆਪਣੇ ਆਪ ਲਈ ਇੱਕ ਵਹੁਟੀ ਵਾਂਗ ਮਹਿਮਾ ਨਾਲ ਸਮਰਪਿਤ ਕਰ ਸੱਕੇ ਜੋ ਮਹਿਮਾ (ਸੁੰਦਰਤਾ) ਨਾਲ ਭਰਪੂਰ ਹੈ। ਉਹ ਮਰਿਆ ਤਾਂ ਜੋ ਕਲੀਸਿਯਾ ਪਵਿੱਤਰ ਅਤੇ ਦੋਸ਼ ਰਹਿਤ ਹੋ ਸੱਕੇ ਅਤੇ ਬਦੀ ਤੋਂ ਬਿਨਾ ਹੋ ਸੱਕੇ ਜਾਂ ਪਾਪ ਜਾਂ ਹੋਰ ਕਿਸੇ ਵੀ ਗੱਲ ਤੋਂ ਜੋ ਗਲਤ ਹੈ। 28ਅਤੇ ਪਤੀਆਂ ਨੂੰ ਆਪਣੀਆਂ ਪਤਨੀਆਂ ਨੂੰ ਇਸੇ ਤਰ੍ਹਾਂ ਪਿਆਰ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਉਹ ਆਪਣੇ ਸਰੀਰ ਨੂੰ ਪਿਆਰ ਕਰਦੇ ਹਨ। ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਪਿਆਰ ਕਰਦਾ ਹੈ ਉਹ ਆਪਣੇ ਆਪ ਨੂੰ ਪਿਆਰ ਕਰਦਾ ਹੈ। 29ਕਿਉਂ ਕਿ ਕਦੇ ਵੀ ਕਿਸੇ ਨੇ ਆਪਣੇ ਖੁਦ ਦੇ ਸਰੀਰ ਨੂੰ ਨਫ਼ਰਤ ਨਹੀਂ ਕੀਤੀ। ਹਰ ਕੋਈ ਆਪਣੇ ਸਰੀਰ ਦਾ ਪੋਸ਼ਣ ਕਰਦਾ ਹੈ ਅਤੇ ਇਸਦਾ ਚੰਗਾ ਖਿਆਲ ਰੱਖਦਾ ਹੈ। ਅਤੇ ਇਹੀ ਗੱਲ ਹੈ ਜਿਹੜੀ ਮਸੀਹ ਨੇ ਕਲੀਸਿਯਾ ਲਈ ਕੀਤੀ, 30ਕਿਉਂ ਕਿ ਅਸੀਂ ਉਸ ਦੇ ਸਰੀਰ ਦੇ ਅੰਗ ਹਾਂ। 31ਪੋਥੀਆਂ ਆਖਦੀਆਂ ਹਨ, “ਇਸ ਲਈ ਆਦਮੀ ਆਪਣੇ ਮਾਤਾ ਪਿਤਾ ਨੂੰ ਛੱਡ ਦੇਵੇਗਾ ਅਤੇ ਆਪਣੀ ਪਤਨੀ ਨਾਲ ਮਿਲ ਜਾਏਗਾ। ਇਸੇ ਤਰ੍ਹਾਂ, ਉਹ ਦੋਵੇਂ ਇੱਕ ਬਣ ਜਾਣਗੇ।” 32ਇਹ ਗੁਪਤ ਸੱਚ ਬਹੁਤ ਮਹੱਤਵਪੂਰਣ ਹੈ। ਮੈਂ ਮਸੀਹ ਅਤੇ ਕਲੀਸਿਯਾ ਬਾਰੇ ਗੱਲ ਕਰ ਰਿਹਾ ਹਾਂ। 33ਪਰ ਇਹ ਤੁਹਾਡੇ ਵਿੱਚੋਂ ਹਰ ਇੱਕ ਉੱਤੇ ਲਾਗੂ ਹੁੰਦਾ ਹੈ; ਤੁਹਾਨੂੰ ਆਪਣੀਆਂ ਪਤਨੀਆਂ ਨੂੰ ਉਵੇਂ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਅਤੇ ਇੱਕ ਪਤਨੀ ਨੂੰ ਆਪਣੇ ਪਤੀ ਦਾ ਆਦਰ ਕਰਨਾ ਚਾਹੀਦਾ ਹੈ।


Copyrighted Material
Learn More

will be added

X\