ਗਲਾਤੀਆਂ ਨੂੰ 4

1ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ, “ਜਦੋਂ ਤੱਕ ਇੱਕ ਵਾਰਸ ਨਾਬਾਲਗ ਹੁੰਦਾ ਹੈ ਉਹ ਗੁਲਾਮ ਨਾਲੋਂ ਬਹੁਤਾ ਵੱਖਰਾ ਨਹੀਂ ਹੁੰਦਾ। ਜੇਕਰ ਵਾਰਸ ਹਰ ਚੀਜ਼ ਦਾ ਮਾਲਕ ਬਣ ਜਾਂਦਾ ਹੈ ਤਾਂ ਵੀ ਇਸ ਵਿੱਚ ਕੋਈ ਫ਼ਰਕ ਨਹੀਂ ਪੈਂਦਾ। 2ਕਿਉਂ? ਕਿਉਂ ਕਿ ਉਸ ਦੇ ਬਚਪਨੇ ਵੇਲੇ, ਉਸ ਨੂੰ ਆਪਣੀ ਦੇਖ ਭਾਲ ਕਰਨ ਵਾਲਿਆਂ ਦੇ ਆਦੇਸ਼ ਨੂੰ ਮੰਨਣਾ ਪੈਂਦਾ ਹੈ। ਪਰ ਜਦੋਂ ਉਹ ਆਪਣੇ ਪਿਤਾ ਦੁਆਰਾ ਨਿਰਧਾਰਿਤ ਉਮਰ ਵਿੱਚ ਪਹੁੰਚਦਾ ਹੈ, ਉਹ ਆਜ਼ਾਦ ਹੋ ਜਾਂਦਾ ਹੈ। 3ਸਾਡੇ ਨਾਲ ਵੀ ਇਵੇਂ ਹੀ ਹੈ। ਅਸੀਂ ਵੀ ਕਦੇ ਬੱਚਿਆਂ ਵਰਗੇ ਸਾਂ। ਅਸੀਂ ਇਸ ਦੁਨੀਆਂ ਦੇ ਵਿਅਰਥ ਰਿਵਾਜ਼ਾਂ ਦੇ ਗੁਲਾਮ ਸਾਂ। ਪਰ ਜਦੋਂ ਠੀਕ ਸਮਾਂ ਆਇਆ ਤਾਂ ਪਰਮੇਸ਼ੁਰ ਨੇ ਆਪਣਾ ਪੁੱਤਰ ਘੱਲ ਦਿੱਤਾ। 4ਪਰਮੇਸ਼ੁਰ ਦਾ ਪੁੱਤਰ ਇੱਕ ਔਰਤ ਤੋਂ ਜੰਮਿਆ ਸੀ। ਪਰਮੇਸ਼ੁਰ ਦਾ ਪੁੱਤਰ ਨੇਮ ਦੇ ਨਿਯੰਤ੍ਰਣ ਹੇਠ ਜੰਮਿਆਂ। 5ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਉਹ ਨੇਮ ਦੇ ਅਧੀਨ ਰਹਿ ਰਹੇ ਲੋਕਾਂ ਲਈ ਆਜ਼ਾਦੀ ਲਿਆ ਸੱਕੇ ਪਰਮੇਸ਼ੁਰ ਦਾ ਮੰਤਵ ਸਾਨੂੰ ਆਪਣੇ ਬੱਚੇ ਬਨਾਉਣਾ ਸੀ। 6ਤੁਸੀਂ ਪਰਮੇਸ਼ੁਰ ਦੇ ਬੱਚੇ ਹੋ ਉਸੇ ਲਈ ਪਰਮੇਸ਼ੁਰ ਨੇ ਸਾਡੇ ਹਿਰਦਿਆਂ ਵਿੱਚ ਆਪਣੇ ਪੁੱਤਰ ਦੇ ਆਤਮਾ ਨੂੰ ਘੱਲਿਆ। ਆਤਮਾ ਕੁਰਲਾਉਂਦਾ ਹੈ, “ਅੱਬਾ, ਪਿਆਰੇ ਪਿਤਾ।” 7ਇਸ ਲਈ ਤੁਸੀਂ ਹੁਣ ਅਤੀਤ ਦੀ ਤਰ੍ਹਾਂ ਗੁਲਾਮ ਨਹੀਂ ਹੋ। ਤੁਸੀਂ ਪਰਮੇਸ਼ੁਰ ਦੇ ਬੱਚੇ ਹੋ। ਪਰਮੇਸ਼ੁਰ ਤੁਹਾਨੂੰ ਉਹ ਚੀਜ਼ਾਂ ਦੇਵੇਗਾ ਜਿਸਦਾ ਉਸ ਨੇ ਵਾਇਦਾ ਕੀਤਾ ਸੀ। ਕਿਉਂ ਕਿ ਤੁਸੀਂ ਉਸ ਦੇ ਬੱਚੇ ਹੋ। 8ਅਤੀਤ ਵਿੱਚ ਤੁਸੀਂ ਪਰਮੇਸ਼ੁਰ ਨੂੰ ਨਹੀਂ ਸੀ ਜਾਣਦੇ। ਤੁਸੀਂ ਉਨ੍ਹਾਂ ਦੇਵਤਿਆਂ ਦੇ ਗੁਲਾਮ ਸੀ ਜਿਹੜੇ ਵਾਸਤਵਿਕ ਨਹੀਂ ਸਨ। 9ਪਰ ਹੁਣ ਤੁਸੀਂ ਅਸਲੀ ਪਰਮੇਸ਼ੁਰ ਨੂੰ ਜਾਣਦੇ ਹੋ। ਇਹ ਸੱਚਮੁੱਚ ਪਰਮੇਸ਼ੁਰ ਹੀ ਹੈ ਜਿਹੜਾ ਤੁਹਾਨੂੰ ਜਾਣਦਾ ਹੈ। ਇਸ ਲਈ ਅਜਿਹਾ ਕਿਉਂ ਹੈ ਕਿ ਤੁਸੀਂ ਉਨ੍ਹਾਂ ਨਿਤਾਣੇ ਅਤੇ ਫ਼ਜ਼ੂਲ ਨੇਮਾਂ ਵੱਲ ਵਾਪਸ ਜਾਂਦੇ ਹੋ ਜਿਨ੍ਹਾਂ ਦਾ ਅਨੁਸਰਣ ਤੁਸੀਂ ਮੁੱਢ ਵਿੱਚ ਕੀਤਾ ਸੀ? ਕੀ ਤੁਸੀਂ ਹੁਣ ਫ਼ੇਰ ਉਨ੍ਹਾਂ ਚੀਜ਼ਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ? 10ਤੁਸੀਂ ਹਾਲੇ ਵੀ ਖਾਸ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮਹੱਤਤਾ ਦਿੰਦੇ ਹੋ। 11ਮੈਂ ਤੁਹਾਥੋਂ ਇਸ ਲਈ ਡਰਦਾ ਹਾਂ। ਮੈਨੂੰ ਡਰ ਹੈ ਤੁਹਾਡੇ ਲਈ ਮੇਰਾ ਕਾਰਜ ਜ਼ਾਇਆ ਹੋ ਗਿਆ ਹੈ। 12ਭਰਾਵੋ ਅਤੇ ਭੈਣੋ ਮੈਂ ਵੀ ਤੁਹਾਡੇ ਵਰਗਾ ਹੀ ਸਾਂ; ਇਸ ਲਈ ਕਿਰਪਾ ਕਰਕੇ ਮੇਰੇ ਵਰਗੇ ਬਣ ਜਾਵੋ। ਤੁਸੀਂ ਪਹਿਲਾਂ ਮੇਰੇ ਉੱਪਰ ਬਹੁਤ ਮਿਹਰਬਾਨ ਸੀ। 13ਤੁਸੀਂ ਜਾਣਦੇ ਹੋ ਮੈਂ ਪਹਿਲੀ ਬਾਰ ਤੁਹਾਡੇ ਕੋਲ ਕਿਉਂ ਆਇਆ ਸਾਂ। ਇਹ ਇਸ ਲਈ ਸੀ ਕਿ ਮੈਂ ਬਿਮਾਰ ਸਾਂ। ਇਹ ਉਦੋਂ ਸੀ ਜਦੋਂ, ਤੁਹਾਨੂੰ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। 14ਮੇਰੀ ਬਿਮਾਰੀ ਤੁਹਾਡੇ ਉੱਪਰ ਬੋਝ ਸੀ। ਪਰ ਤੁਸੀਂ ਮੇਰੇ ਬਾਰੇ ਕੋਈ ਨਫ਼ਰਤ ਨਹੀਂ ਦਿਖਾਈ। ਤੁਸੀਂ ਮੈਨੂੰ ਵਾਪਸ ਚੱਲੇ ਜਾਣ ਲਈ ਮਜਬੂਰ ਨਹੀਂ ਕੀਤਾ ਤੁਸੀਂ ਮੇਰੀ ਇਸ ਤਰ੍ਹਾਂ ਆਉ-ਭਗਤ ਕੀਤੀ ਸੀ ਜਿਵੇਂ ਮੈਂ ਪਰਮੇਸ਼ੁਰ ਵੱਲੋਂ ਆਇਆ ਕੋਈ ਦੂਤ ਹੋਵਾਂ। ਤੁਸੀਂ ਮੈਂਨੂੰ ਇਉਂ ਪ੍ਰਵਾਨ ਕੀਤਾ ਜਿਵੇਂ ਮੈਂ ਖੁਦ ਮਸੀਹ ਹੋਵਾਂ। 15ਉਦੋਂ ਤੁਸੀਂ ਬਹੁਤ ਖੁਸ਼ ਸੀ ਉਹ ਖੁਸ਼ੀ ਹੁਣ ਕਿੱਥੇ ਹੈ? ਮੈਨੂੰ ਯਾਦ ਹੈ ਕਿ ਤੁਸੀਂ ਮੇਰੀ ਸਹਾਇਤਾ ਲਈ ਹਰ ਸੰਭਵ ਜਤਨ ਕਰਨਾ ਚਾਹੁੰਦੇ ਸੀ। ਜੇਕਰ ਸੰਭਵ ਹੁੰਦਾ ਤਾਂ ਤੁਸੀਂ ਆਪਣੀਆਂ ਅੱਖਾਂ ਬਾਹਰ ਖਿੰਚ ਲੈਂਦੇ ਅਤੇ ਉਨ੍ਹਾਂ ਨੂੰ ਮੈਨੂੰ ਦੇ ਦਿੰਦੇ। 16ਕੀ ਹੁਣ ਮੈਂ ਤੁਹਾਡਾ ਦੁਸ਼ਮਣ ਹਾਂ ਕਿਉਂ ਕਿ ਮੈਂ ਤੁਹਾਨੂੰ ਸੱਚ ਆਖਦਾ ਰਿਹਾਂ। 17ਉਹੀ ਲੋਕੀਂ ਤੁਹਾਨੂੰ ਉਤੇਜਿਤ ਕਰਨ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦਾ ਮੰਤਵ ਠੀਕ ਨਹੀਂ ਹੈ। ਉਹ ਲੋਕੀ ਤੁਹਾਨੂੰ ਸਾਡੇ ਵਿਰੁੱਧ ਜਾਣ ਲਈ ਪ੍ਰੇਰਿਤ ਕਰ ਰਹੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਕੇਵਲ ਉਨ੍ਹਾਂ ਦਾ ਹੀ ਅਨੁਸਰਣ ਕਰੋ ਨਾ ਕਿ ਹੋਰਾਂ ਦਾ। 18ਲੋਕਾਂ ਲਈ ਤੁਹਾਡੇ ਅੰਦਰ ਦਿਲਚਸਪੀ ਦਰਸ਼ਾਉਣਾ ਚੰਗੀ ਗੱਲ ਹੈ। ਪਰ ਉਦੋਂ ਹੀ ਜਦੋਂ ਉਨ੍ਹਾਂ ਦਾ ਮੰਤਵ ਚੰਗਾ ਹੋਵੇ। ਇਹ ਗੱਲ ਹਮੇਸ਼ਾ ਸੱਚੀ ਹੈ। ਇਹ ਉਦੋਂ ਵੀ ਸੱਚੀ ਹੈ ਜਦੋਂ ਕਿ ਮੈਂ ਤੁਹਾਡੇ ਨਾਲ ਹਾਂ ਅਤੇ ਉਦੋਂ ਵੀ ਜਦੋਂ ਮੈਂ ਤੁਹਾਡੇ ਕੋਲੋਂ ਦੂਰ ਹੁੰਦਾ ਹਾਂ। 19ਮੇਰੇ ਬੱਚਿਓ, ਇੱਕ ਵਾਰੀ ਫ਼ੇਰ ਮੈਂ ਤੁਹਾਡੇ ਲਈ ਉਸੇ ਤਰ੍ਹਾਂ ਦਾ ਦੁੱਖ ਮਹਿਸੂਸ ਕਰ ਰਿਹਾ ਹਾਂ ਜਿਸ ਤਰ੍ਹਾਂ ਦਾ ਕੋਈ ਜਨਣੀ ਬੱਚੇ ਦੇ ਜਨਮ ਸਮੇਂ ਅਨੁਭਵ ਕਰਦੀ ਹੈ। ਅਜਿਹਾ ਮੈਂ ਉਦੋਂ ਤੱਕ ਮਹਿਸੂਸ ਕਰਦਾ ਰਹਾਂਗਾ ਜਦੋਂ ਤੱਕ ਕਿ ਤੁਸੀਂ ਸੱਚਮੁੱਚ ਮਸੀਹ ਵਾਂਗ ਨਹੀਂ ਬਣ ਜਾਂਦੇ। 20ਮੈਂ ਕਾਮਨਾ ਕਰਦਾ ਹਾਂ ਕਿ ਹੁਣ ਤੁਹਾਡੇ ਨਾਲ ਹੋ ਸੱਕਾਂ। ਜੇਕਰ ਮੈਂ ਤੁਹਾਡੇ ਨਜ਼ਦੀਕ ਹੁੰਦਾ ਉਦੋਂ ਸ਼ਾਇਦ ਮੈਂ ਤੁਹਾਡੇ ਨਾਲ ਗੱਲ ਬਾਤ ਕਰਨ ਦਾ ਆਪਣਾ ਢੰਗ ਤਬਦੀਲ ਕਰ ਲੈਂਦਾ। ਹੁਣ ਮੈਨੂੰ ਪਤਾ ਨਹੀਂ ਕਿ ਮੈਂ ਤੁਹਾਡੇ ਨਾਲ ਕੀ ਕਰਾਂ। 21ਤੁਹਾਡੇ ਵਿੱਚੋਂ ਕੁਝ ਲੋਕ ਹਾਲੇ ਵੀ ਮੂਸਾ ਦੇ ਨੇਮ ਦੇ ਅਧੀਨ ਹੋਣਾ ਲੋਚਦੇ ਹਨ। ਮੈਨੂੰ ਦੱਸੋ ਕਿ ਨੇਮ ਕੀ ਆਖ਼ਦਾ ਹੈ? 22ਪੋਥੀਆਂ ਦੱਸਦੀਆਂ ਹਨ ਕਿ ਅਬਰਾਹਾਮ ਦੇ ਦੋ ਪੁੱਤਰ ਸਨ। ਇੱਕ ਪੁੱਤਰ ਦੀ ਮਾਂ ਗੁਲਾਮ ਔਰਤ ਸੀ। ਦੂਸਰੇ ਪੁੱਤਰ ਦੀ ਮਾਂ ਆਜ਼ਾਦ ਔਰਤ ਸੀ। 23ਅਬਰਾਹਾਮ ਦਾ ਗੁਲਾਮ ਔਰਤ ਤੋਂ ਜਨਮਿਆਂ ਪੁੱਤਰ, ਆਮ ਇਨਸਾਨੀ ਢੰਗ ਵਿੱਚ ਜਨਮਿਆਂ ਸੀ। ਪਰ ਆਜ਼ਾਦ ਔਰਤ ਤੋਂ ਜਨਮਿਆ ਪੁੱਤਰ ਉਸ ਵਾਇਦੇ ਕਾਰਣ ਜਨਮਿਆ ਸੀ ਜਿਹੜਾ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤਾ ਸੀ। 24ਇਹ ਸੱਚੀ ਕਹਾਣੀ ਸਾਡੇ ਲਈ ਇੱਕ ਤਸਵੀਰ ਬਣਾਉਂਦੀ ਹੈ। ਦੋਵੇਂ ਔਰਤਾਂ ਪਰਮੇਸ਼ੁਰ ਅਤੇ ਮਨੁੱਖਾਂ ਵਿੱਚਕਾਰ ਕੀਤੇ ਗਏ ਦੋ ਕਰਾਰ ਵਾਂਗ ਹਨ। ਇੱਕ ਕਰਾਰ ਸੀਨਾਈ ਪਰਬਤ ਉੱਤੇ ਕੀਤਾ ਗਿਆ ਹੈ। ਜਿਹੜੇ ਲੋਕ ਇਸ ਕਰਾਰ ਦੇ ਅਧੀਨ ਹਨ ਉਹ ਗੁਲਾਮਾਂ ਵਰਗੇ ਹਨ। ਹਾਜਰਾ ਨਾਮੇ ਮਾਂ ਉਸ ਕਰਾਰ ਵਰਗੀ ਹੈ। 25ਇਸੇ ਲਈ ਹਾਜਰਾ ਅਰਬ ਵਿੱਚ ਸੀਨਾਈ ਪਰਬਤ ਵਰਗੀ ਹੈ। ਹਾਜਰਾ ਮੌਜੂਦ ਯਰੂਸ਼ਲਮ ਸ਼ਹਿਰ ਦੀ ਤਸਵੀਰ ਹੈ। ਇਹ ਸ਼ਹਿਰ ਇੱਕ ਗੁਲਾਮ ਹੈ, ਅਤੇ ਇਸ ਵਿੱਚਲੇ ਸਾਰੇ ਵਸਨੀਕ ਨੇਮ ਦੇ ਗੁਲਾਮ ਹਨ। 26ਪਰ ਸੁਰਗੀ ਯਰੂਸ਼ਲਮ ਉਸ ਆਜ਼ਾਦ ਔਰਤ ਵਰਗਾ ਹੈ। ਇਹ ਸਾਡੀ ਮਾਂ ਹੈ। 27ਪੋਥੀਆਂ ਵਿੱਚ ਇਉਂ ਲਿਖਿਆ ਹੈ; “ਖੁਸ਼ ਹੋ, ਬਾਂਝ ਔਰਤ। ਤੂੰ ਕਿਸੇ ਬੱਚੇ ਨੂੰ ਨਹੀਂ ਜਨਮਿਆ। ਤੂੰ ਜਿਸਨੇ ਕਦੇ ਵੀ ਸੂਤਕੀ ਪੀੜਾ ਅਨੁਭਵ ਨਹੀਂ ਕੀਤੀ, ਅਨੰਦ ਨਾਲ ਚੀਕ ਅਤੇ ਰੌਲਾ ਪਾ! ਜਿਹੜੀ ਔਰਤ ਤਿਆਗੀ ਹੋਈ ਹੈ ਉਸ ਨੂੰ ਉਸ ਔਰਤ ਨਾਲੋਂ ਵੱਧ ਬੱਚੇ ਹੋਣਗੇ ਜਿਸ ਕੋਲ ਉਸਦਾ ਪਤੀ ਹੈ।” 28- 29ਅਬਰਾਹਾਮ ਦਾ ਇੱਕ ਪੁੱਤਰ ਆਮ ਇਨਸਾਨੀ ਢੰਗ ਵਿੱਚ ਜਨਮਿਆ ਸੀ। ਅਬਰਾਹਾਮ ਦਾ ਦੂਸਰਾ ਪੁੱਤਰ, ਇਸਹਾਕ, ਪਰਮੇਸ਼ੁਰ ਦੇ ਵਾਇਦੇ ਕਾਰਣ ਆਤਮਾ ਦੀ ਸ਼ਕਤੀ ਨਾਲ ਜਨਮਿਆ ਸੀ। ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਇਸਹਾਕ ਦੀ ਤਰ੍ਹਾਂ ਵਾਇਦੇ ਤੋਂ ਜਨਮੇ ਬੱਚੇ ਹੋ। ਆਮ ਇਨਸਾਨੀ ਢੰਗ ਵਿੱਚ ਜਨਮੇ ਪੁੱਤਰ ਨੇ ਦੂਸਰੇ ਪੁੱਤਰ ਨਾਲ ਬੁਰਾ ਵਿਵਹਾਰ ਕੀਤਾ। ਅੱਜ ਵੀ ਇਵੇਂ ਹੀ ਹੈ। 30ਪਰ ਪੋਥੀ ਕੀ ਆਖਦੀ ਹੈ? “ਗੁਲਾਮ ਔਰਤ ਨੂੰ ਅਤੇ ਉਸ ਦੇ ਪੁੱਤਰ ਨੂੰ ਬਾਹਰ ਕੱਢ ਦੇਹ। ਆਜ਼ਾਦ ਔਰਤ ਦਾ ਪੁੱਤਰ ਉਸ ਹਰ ਚੀਜ਼ ਨੂੰ ਪ੍ਰਾਪਤ ਕਰੇਗਾ ਜਿਹੜੀ ਉਸ ਦੇ ਪਿਤਾ ਦੀ ਹੈ।” 31ਪਰ ਗੁਲਾਮ ਔਰਤ ਦਾ ਪੁੱਤਰ ਕੁਝ ਵੀ ਹਾਸਿਲ ਨਹੀਂ ਕਰੇਗਾ। ਇਸ ਲਈ ਮੇਰੇ ਭਰਾਵੋ ਅਤੇ ਭੈਣੋ ਅਸੀਂ ਗੁਲਾਮ ਔਰਤ ਦੇ ਬੱਚੇ ਨਹੀਂ ਹਾਂ। ਅਸੀਂ ਆਜ਼ਾਦ ਔਰਤ ਦੇ ਬੱਚੇ ਹਾਂ।


Copyrighted Material
Learn More

will be added

X\