ਇਬਰਾਨੀਆਂ ਨੂੰ 13

1ਤੁਸੀਂ ਮਸੀਹ ਵਿੱਚ ਭਰਾ ਅਤੇ ਭੈਣਾਂ ਹੋ, ਇਸ ਲਈ ਇੱਕ ਦੂਸਰੇ ਨੂੰ ਪਿਆਰ ਕਰਨਾ ਜਾਰੀ ਰੱਖੋ। 2ਹਮੇਸ਼ਾ ਅਜਨਬੀਆਂ ਨੂੰ ਆਪਣੇ ਘਰ ਬੁਲਾਉਣਾ ਅਤੇ ਉਨ੍ਹਾਂ ਦੀ ਮਦਦ ਕਰਨੀ ਚੇਤੇ ਰੱਖੋ। ਅਜਿਹਾ ਕਰਕੇ, ਕੁਝ ਲੋਕਾਂ ਨੇ ਆਪਣੇ ਗਿਆਨ ਦੇ ਬਿਨਾ ਹੀ ਦੂਤਾਂ ਦੀ ਮਹਿਮਾਨ ਨਵਾਜ਼ੀ ਕੀਤੀ ਹੈ। 3ਉਨ੍ਹਾਂ ਲੋਕਾਂ ਨੂੰ ਕੈਦ ਵਿੱਚ ਨਾ ਭੁੱਲੋ। ਉਨ੍ਹਾਂ ਨੂੰ ਇਸ ਤਰ੍ਹਾਂ ਚੇਤੇ ਕਰੋ ਜਿਵੇਂ ਤੁਸੀਂ ਵੀ ਉਨ੍ਹਾਂ ਨਾਲ ਕੈਦ ਵਿੱਚ ਹੋਵੋ। ਅਤੇ ਉਨ੍ਹਾਂ ਲੋਕਾਂ ਨੂੰ ਵੀ ਨਾ ਭੁੱਲੋ ਜਿਹੜੇ ਤਸੀਹਿਆਂ ਰਾਹੀਂ ਲੰਘ ਰਹੇ ਹਨ। ਤੁਹਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਨੂੰ ਵੀ ਉਨ੍ਹਾਂ ਤਸੀਹਿਆਂ ਰਾਹੀਂ ਹੀ ਲੰਘਣਾ ਪਵੇਗਾ। 4ਵਿਆਹ ਦਾ ਸਮੂਹ ਲੋਕਾਂ ਵੱਲੋਂ ਆਦਰ ਕੀਤਾ ਜਾਣਾ ਚਾਹੀਦਾ ਹੈ। ਅਤੇ ਹਰ ਵਿਆਹ ਨੂੰ ਸਿਰਫ਼ ਦੋ ਲੋਕਾਂ ਵਿੱਚ ਪਵਿੱਤਰ ਰੱਖਿਆ ਜਾਣਾ ਚਾਹੀਦਾ ਹੈ। ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਪਾਪੀ ਪਰੱਖੇਗਾ ਜਿਹੜੇ ਜਿਨਸੀ ਪਾਪ ਅਤੇ ਬਦਕਾਰੀ ਕਰਦੇ ਹਨ। 5ਆਪਣੇ ਜੀਵਨ ਨੂੰ ਪੈਸੇ ਦੇ ਪਿਆਰ ਤੋਂ ਮੁਕਤ ਰੱਖੋ। ਅਤੇ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹਨ ਉਨ੍ਹਾਂ ਨਾਲ ਸੰਤੁਸ਼ਟ ਰਹੋ। ਪਰਮੇਸ਼ੁਰ ਨੇ ਆਖਿਆ ਹੈ, “ਮੈਂ ਕਦੇ ਵੀ ਤੁਹਾਨੂੰ ਨਹੀਂ ਛੱਡਾਂਗਾ। ਮੈਂ ਕਦੇ ਵੀ ਤੁਹਾਨੂੰ ਨਹੀਂ ਤਿਆਗਾਂਗਾ।” 6ਇਸ ਲਈ ਅਸੀਂ ਯਕੀਨੀ ਆਖ ਸੱਕਦੇ ਹਾਂ, “ਪਰਮੇਸ਼ੁਰ ਮੇਰਾ ਸਹਾਇਕ ਹੈ ਅਤੇ ਮੈਂ ਨਹੀਂ ਡਰਾਂਗਾ। ਲੋਕ ਮੇਰਾ ਕੁਝ ਨਹੀਂ ਵਿਗਾੜ ਸੱਕਦੇ।” 7ਆਪਣੇ ਆਗੂਆਂ ਨੂੰ ਚੇਤੇ ਰੱਖੋ। ਉਨ੍ਹਾਂ ਨੇ ਤੁਹਾਨੂੰ ਪਰਮੇਸ਼ੁਰ ਦੇ ਸੰਦੇਸ਼ ਦਾ ਪ੍ਰਚਾਰ ਕੀਤਾ। ਚੇਤੇ ਰੱਖੋ ਕਿ ਉਹ ਕਿਵੇਂ ਜੀਵੇ ਅਤੇ ਮਰੇ, ਅਤੇ ਉਨ੍ਹਾਂ ਦੇ ਵਿਸ਼ਵਾਸ ਦੀ ਨਕਲ ਕਰੋ। 8ਯਿਸੂ ਮਸੀਹ ਕੱਲ, ਅੱਜ ਅਤੇ ਸਦਾ ਲਈ ਇੱਕੋ ਜਿਹਾ ਹੈ। 9ਹਰ ਤਰ੍ਹਾਂ ਦੇ ਅਜੀਬ ਉਪਦੇਸ਼ਾਂ ਦੇ ਨਾਲ ਨਾ ਚੱਲੇ ਜਾਓ। ਤੁਹਾਡੇ ਦਿਲ ਨੂੰ ਪਰਮੇਸ਼ੁਰ ਦੀ ਕਿਰਪਾ ਦੁਆਰਾ ਤਾਕਤ ਪ੍ਰਾਪਤ ਕਰਨੀ ਚਾਹੀਦੀ ਹੈ ਨਾ ਕਿ ਭੋਜਨ ਸੰਬੰਧੀ ਅਸੂਲਾਂ ਦਾ ਅਨੁਸਰਣ ਕਰਕੇ ਉਨ੍ਹਾਂ ਅਸੂਲਾਂ ਦਾ ਅਨੁਸਰਣ ਕਰਕੇ ਅੱਜ ਤਾਈਂ ਕਿਸੇ ਨੇ ਵੀ ਲਾਭ ਪ੍ਰਾਪਤ ਨਹੀਂ ਕੀਤਾ ਹੈ। 10ਸਾਡੇ ਕੋਲ ਇੱਕ ਬਲੀ ਹੈ। ਅਤੇ ਜਿਹੜੇ ਜਾਜਕ ਪਵਿੱਤਰ ਤੰਬੂ ਵਿੱਚ ਸੇਵਾ ਕਰਦੇ ਹਨ ਉਨ੍ਹਾਂ ਨੂੰ ਬਲੀ ਵਿੱਚੋਂ ਖਾਣ ਦਾ ਕੋਈ ਇਖਤਿਆਰ ਨਹੀਂ ਹੈ। 11ਸਰਦਾਰ ਜਾਜਕ ਜਾਨਵਰਾਂ ਦਾ ਲਹੂ ਅੱਤ ਪਵਿੱਤਰ ਸਥਾਨ ਵਿੱਚ ਲੈ ਜਾਂਦਾ ਹੈ। ਉਹ ਉਸ ਲਹੂ ਨੂੰ ਪਾਪਾਂ ਲਈ ਅਰਪਨ ਕਰਦਾ ਹੈ। ਪਰ ਉਨ੍ਹਾਂ ਜਾਨਵਰਾਂ ਦੇ ਸਰੀਰ ਖੈਮੇ ਤੋਂ ਬਾਹਰ ਸਾੜੇ ਜਾਂਦੇ ਹਨ। 12ਇਸੇ ਲਈ ਯਿਸੂ ਵੀ ਸ਼ਹਿਰ ਤੋਂ ਬਾਹਰ ਪ੍ਰਾਣ ਹੀਣ ਹੋਇਆ। ਯਿਸੂ ਆਪਣੇ ਲੋਕਾਂ ਨੂੰ ਆਪਣੇ ਹੀ ਲਹੂ ਰਾਹੀਂ ਪਵਿੱਤਰ ਬਨਾਉਣ ਦੇ ਉਦੇਸ਼ ਨਾਲ ਮਰਿਆ। 13ਇਸੇ ਲਈ ਆਓ ਅਸੀਂ ਵੀ ਡੇਰਿਆਂ ਤੋਂ ਬਾਹਰ ਯਿਸੂ ਕੋਲ ਚੱਲੀਏ। ਸਾਨੂੰ ਵੀ ਉਸੇ ਸ਼ਰਮ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਜਿਸ ਨੂੰ ਮਸੀਹ ਨੇ ਕੀਤਾ ਸੀ। 14ਇੱਥੇ ਧਰਤੀ ਤੇ ਸਾਡੇ ਕੋਲ ਅਜਿਹਾ ਕੋਈ ਸ਼ਹਿਰ ਨਹੀਂ ਜਿਹੜਾ ਸਦੀਵੀ ਰਹੇਗਾ। ਪਰ ਅਸੀਂ ਉਸ ਸ਼ਹਿਰ ਦੀ ਉਡੀਕ ਕਰ ਰਹੇ ਹਾਂ ਜੋ ਸਾਨੂੰ ਭਵਿੱਖ ਵਿੱਚ ਮਿਲੇਗਾ। 15ਇਸ ਲਈ ਸਾਨੂੰ ਮਸੀਹ ਯਿਸੂ ਰਾਹੀਂ ਪਰਮੇਸ਼ੁਰ ਨੂੰ ਆਪਣੀਆਂ ਬਲੀਆਂ ਦੇਣੀਆਂ ਬੰਦ ਨਹੀਂ ਕਰਨੀਆਂ ਚਾਹੀਦੀਆਂ। ਉਹ ਬਲੀਆਂ ਉਹੀ ਉਸਤਤਿ ਹਨ ਜੋ ਉਨ੍ਹਾਂ ਲੋਕਾਂ ਦੇ ਬੁੱਲ੍ਹਾਂ ਤੋਂ ਆਉਂਦੀ ਹੈ ਜੋ ਉਸ ਦੇ ਨਾਂ ਨੂੰ ਮਹਿਮਾਮਈ ਕਰਦੇ ਹਨ। 16ਅਤੇ ਦੂਸਰੇ ਲੋਕਾਂ ਨਾਲ ਭਲਾ ਅਤੇ ਸਾਂਝ ਕਰਨੀ ਨਾ ਵਿਸਾਰੋ। ਇਹੀ ਉਹ ਬਲੀਆਂ ਹਨ ਜਿਹੜੀਆਂ ਪਰਮੇਸ਼ੁਰ ਨੂੰ ਪ੍ਰਸੰਨ ਕਰਦੀਆਂ ਹਨ। 17ਆਪਣੇ ਆਗੂਆਂ ਦਾ ਹੁਕਮ ਮੰਨੋ ਅਤੇ ਉਨ੍ਹਾਂ ਦੇ ਅਧੀਨ ਰਹੋ। ਉਹ ਲੋਕ ਤੁਹਾਡੇ ਲਈ ਜ਼ਿੰਮੇਵਾਰ ਹਨ। ਇਸ ਲਈ ਉਹ ਹਮੇਸ਼ਾ ਤੁਹਾਡਾ ਧਿਆਨ ਰੱਖਦੇ ਹਨ। ਉਨ੍ਹਾਂ ਲੋਕਾਂ ਦਾ ਹੁਕਮ ਮੰਨੋ ਤਾਂ ਜੋ ਉਹ ਅਜਿਹਾ ਕੰਮ ਖੁਸ਼ੀ ਨਾਲ ਕਰ ਸੱਕਣ, ਉਦਾਸੀ ਨਾਲ ਨਹੀਂ। ਉਨ੍ਹਾਂ ਦੇ ਕੰਮ ਨੂੰ ਮੁਸ਼ਕਿਲ ਬਣਾਕੇ ਤੁਹਾਡਾ ਭਲਾ ਨਹੀਂ ਹੋਵੇਗਾ। 18ਸਾਡੇ ਲਈ ਪ੍ਰਾਰਥਨਾ ਕਰਦੇ ਰਹੋ। ਜੋ ਅਸੀਂ ਕਰਦੇ ਹਾਂ ਅਸੀਂ ਇਸ ਬਾਰੇ ਠੀਕ ਸਮਝਦੇ ਹਾਂ, ਕਿਉਂਕਿ ਅਸੀਂ ਹਮੇਸ਼ਾ ਉੱਤਮ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ। 19ਅਤੇ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ ਤਾਂ ਜੋ ਉਹ ਮੈਨੂੰ ਵਾਪਸ ਤੁਹਾਡੇ ਕੋਲ ਜਲਦੀ ਭੇਜੇ। ਇਹ ਗੱਲ ਮੈਂ ਕਿਸੇ ਵੀ ਹੋਰ ਚੀਜ਼ ਤੋਂ ਵੱਧ ਚਾਹੁੰਦਾ ਹਾਂ। 20- 21ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਉਹ ਹਰ ਚੰਗੀ ਚੀਜ਼ ਦੇਵੇ ਜਿਸਦੀ ਤੁਹਾਨੂੰ ਲੋੜ ਹੈ ਤਾਂ ਜੋ ਤੁਸੀਂ ਉਸਦੀ ਰਜ਼ਾ ਅਨੁਸਾਰ ਕੰਮ ਕਰ ਸੱਕੋ। ਪਰਮੇਸ਼ੁਰ ਹੀ ਹੈ ਜਿਸਨੇ ਸਾਡੇ ਪ੍ਰਭੂ ਯਿਸੂ ਨੂੰ ਮੌਤ ਤੋਂ ਜਿਵਾਲਿਆ। ਪਰਮੇਸ਼ੁਰ ਨੇ ਯਿਸੂ, ਭੇਡਾਂ ਦੇ ਮਹਾਨ ਆਜੜੀ ਨੂੰ, ਆਪਣੀ ਲਹੂ ਰਾਹੀਂ ਜਿਵਾਲਿਆ। ਉਸ ਦੇ ਲਹੂ ਨੇ ਨਵੇਂ ਕਰਾਰ ਦੀ ਸ਼ੁਰੂਆਤ ਕੀਤੀ ਸੀ ਜਿਹੜਾ ਸਦੀਵੀ ਕਰੇਗਾ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਸਾਡੇ ਵਿੱਚ ਚੰਗੀਆਂ ਗੱਲਾਂ ਕਰੇਗਾ ਜਿਹੜੀਆਂ ਉਸ ਨੂੰ ਪ੍ਰਸੰਨ ਕਰਦੀਆਂ ਹਨ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਇਹ ਗੱਲਾਂ ਯਿਸੂ ਮਸੀਹ ਰਾਹੀਂ ਕਰੇਗਾ। ਯਿਸੂ ਦੀ ਹਮੇਸ਼ਾ ਮਹਿਮਾ ਹੋਵੇ। ਆਮੀਨ। 22ਮੇਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਆਖੀਆਂ ਹਨ ਇਨ੍ਹਾਂ ਨੂੰ ਸਬਰ ਨਾਲ ਸੁਣੋ। ਇਹ ਗੱਲਾਂ ਮੈਂ ਤੁਹਾਨੂੰ ਮਜਬੂਤ ਬਨਾਉਣ ਲਈ ਆਖੀਆਂ ਹਨ। ਅਤੇ ਇਹ ਚਿਠੀ ਬਹੁਤ ਲੰਮੀ ਨਹੀਂ ਹੈ। 23ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲ ਜਾਣ ਲਵੋ ਕਿ ਸਾਡਾ ਭਰਾ ਤਿਮੋਥਿਉਸ ਕੈਦ ਤੋਂ ਮੁਕਤ ਹੋ ਗਿਆ ਹੈ। ਜੇ ਉਹ ਮੇਰੇ ਕੋਲ ਛੇਤੀ ਆ ਗਿਆ ਤਾਂ ਅਸੀਂ ਦੋਵੇਂ ਤੁਹਾਨੂੰ ਮਿਲਣ ਆਵਾਂਗੇ। 24ਆਪਣੇ ਸਾਰੇ ਆਗੂਆਂ ਅਤੇ ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਨਮਸੱਕਾਰ ਆਖਿਓ। ਇਤਾਲਿਯਾ ਵਿੱਚ ਪਰਮੇਸ਼ੁਰ ਦੇ ਸਾਰੇ ਲੋਕ ਤੁਹਾਨੂੰ ਨਮਸੱਕਾਰ ਆਖਦੇ ਹਨ। 25ਪਰਮੇਸ਼ੁਰ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।


Copyrighted Material
Learn More

will be added

X\