ਇਬਰਾਨੀਆਂ ਨੂੰ 8

1ਜੋ ਕੁਝ ਅਸੀਂ ਆਖ ਰਹੇ ਹਾਂ ਉਸ ਵਿੱਚ ਨੁਕਤਾ ਇਹੇ ਹੈ; ਸਾਡੇ ਕੋਲ ਅਜਿਹਾ ਇੱਕ ਸਰਦਾਰ ਜਾਜਕ ਹੈ ਜਿਸ ਬਾਰੇ ਅਸੀਂ ਤੁਹਾਨੂੰ ਦੱਸ ਰਹੇ ਹਾਂ। ਉਹ ਸਰਦਾਰ ਜਾਜਕ ਹੁਣ ਸਵਰਗ ਵਿੱਚ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ। 2ਉਹ ਅੱਤ ਪਵਿੱਤਰ ਸਥਾਨ ਤੇ ਸੇਵਾ ਕਰ ਰਿਹਾ ਹੈ, ਅਸਲੀ ਉਪਾਸਨਾ ਦਾ ਸਥਾਨ, ਜਿਹੜਾ ਪਰਮੇਸ਼ੁਰ ਨੇ ਬਣਾਇਆ ਹੈ ਅਤੇ ਨਾ ਕਿ ਕਿਸੇ ਇਨਸਾਨ ਨੇ। 3ਹਰ ਸਰਦਾਰ ਜਾਜਕ ਦੇ ਜ਼ਿੰਮੇ ਪਰਮੇਸ਼ੁਰ ਨੂੰ ਬਲੀ ਅਤੇ ਤੋਹਫ਼ੇ ਅਰਪਨ ਕਰਨ ਦਾ ਕਾਰਜ ਦਿੱਤਾ ਗਿਆ ਹੈ। ਇਸ ਲਈ ਸਾਡੇ ਉੱਚ ਜਾਜਕ ਨੇ ਵੀ ਪਰਮੇਸ਼ੁਰ ਨੂੰ ਕੁਝ ਅਰਪਣ ਕਰਨਾ ਸੀ। 4ਜੇ ਸਾਡਾ ਸਰਦਾਰ ਜਾਜਕ ਹੁਣ ਧਰਤੀ ਉੱਪਰ ਰਹਿ ਰਿਹਾ ਹੁੰਦਾ ਤਾਂ ਉਸ ਨੇ ਜਾਜਕ ਨਹੀਂ ਸੀ ਹੋਣਾ। ਅਜਿਹਾ ਮੈਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਇੱਥੇ ਪਹਿਲਾਂ ਹੀ ਜਾਜਕ ਹਨ ਜਿਹੜੇ ਸ਼ਰ੍ਹਾ ਅਨੁਸਾਰ ਪਰਮੇਸ਼ੁਰ ਨੂੰ ਤੋਹਫ਼ੇ ਭੇਂਟ ਕਰਦੇ ਹਨ। 5ਜਿਹੜਾ ਕਾਰਜ ਇਹ ਜਾਜਕ ਕਰਦੇ ਹਨ ਉਹ ਅਸਲ ਵਿੱਚ ਸਵਰਗੀ ਚੀਜ਼ਾਂ ਦੀ ਨਕਲ ਤੇ ਪ੍ਰਛਾਵਾਂ ਮਾਤਰ ਹਨ। ਇਹੀ ਕਾਰਣ ਹੈ ਕਿ ਜਦੋਂ ਮੂਸਾ ਪਵਿੱਤਰ ਖੈਮਾ ਉਸਾਰਨ ਲਈ ਤਿਆਰ ਸੀ ਤਾਂ ਪਰਮੇਸ਼ੁਰ ਨੇ ਉਸ ਨੂੰ ਚੇਤਾਵਨੀ ਦਿੱਤੀ ਸੀ। “ਤੈਨੂੰ ਸਭ ਕੁਝ ਧਿਆਨ ਨਾਲ ਉਸੇ ਨਮੂਨੇ ਤੇ ਬਨਾਉਣਾ ਚਾਹੀਦਾ ਜੋ ਮੈਂ ਤੈਨੂੰ ਪਰਬਤ ਉੱਤੇ ਦਰਸ਼ਾਇਆ ਸੀ।” 6ਪਰ ਜਿਹੜਾ ਕਾਰਜ ਯਿਸੂ ਨੂੰ ਸੌਂਪਿਆ ਗਿਆ ਹੈ ਉਹ ਉਨ੍ਹਾਂ ਜਾਜਕਾਂ ਨੂੰ ਸੌਂਪੇ ਹੋਏ ਕਾਰਜ ਨਾਲੋਂ ਕਿਤੇ ਵਡੇਰਾ ਹੈ। ਇਸੇ ਤਰ੍ਹਾਂ ਹੀ, ਉਹ ਕਰਾਰ, ਜੋ ਯਿਸੂ ਪਰਮੇਸ਼ੁਰ ਵੱਲੋਂ ਲੋਕਾਂ ਲਈ ਲਿਆਇਆ ਪੁਰਾਣੇ, ਕਰਾਰ ਨਾਲੋਂ ਵੀ ਕਿਤੇ ਵਡੇਰਾ ਹੈ। ਅਤੇ ਇਹ ਨਵਾਂ ਕਰਾਰ ਬਿਹਤਰ ਚੀਜ਼ਾਂ ਦੇ ਵਾਇਦੇ ਉੱਤੇ ਸਥਾਪਿਤ ਕੀਤਾ ਗਿਆ ਹੈ। 7ਜੇ ਪਹਿਲੇ ਕਰਾਰ ਵਿੱਚ ਕੋਈ ਗਲਤੀ ਨਾ ਹੁੰਦੀ ਤਾਂ ਦੂਸਰੇ ਕਰਾਰ ਦੀ ਲੋੜ ਹੀ ਨਹੀਂ ਸੀ ਪੈਣੀ। 8ਪਰ ਪਰਮੇਸ਼ੁਰ ਨੇ ਲੋਕਾਂ ਵਿੱਚ ਕੁਝ ਗਲਤੀਆਂ ਦੇਖੀਆਂ। ਪਰਮੇਸ਼ੁਰ ਨੇ ਆਖਿਆ, “ਵਕਤ ਆ ਰਿਹਾ ਹੈ ਜਦੋਂ ਮੈਂ ਇਸਰਾਏਲ ਦੇ ਲੋਕਾਂ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਕਰਾਰ ਬਣਾਵਾਂਗਾ। 9ਇਹ ਉਸ ਕਰਾਰ ਵਰਗਾ ਨਹੀਂ ਹੋਵੇਗਾ। ਜਿਹੜਾ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਸੀ। ਇਹ ਕਰਾਰ ਉਹ ਸੀ ਜੋ ਮੈਂ ਉਨ੍ਹਾਂ ਨੂੰ ਹੱਥ ਫ਼ੜਕੇ ਮਿਸਰ ਤੋਂ ਬਾਹਰ ਲੈ ਜਾਣ ਵੇਲੇ ਕੀਤਾ ਸੀ। ਉਨ੍ਹਾਂ ਲੋਕਾਂ ਨੇ ਉਹ ਕਰਾਰ ਨਿਭਾਉਣਾ ਜਾਰੀ ਨਹੀਂ ਰੱਖਿਆ ਜਿਹੜਾ ਮੈਂ ਉਨ੍ਹਾਂ ਨਾਲ ਕੀਤਾ ਸੀ ਅਤੇ ਪ੍ਰਭੂ ਆਖਦਾ ਹੈ ਕਿ ਇਸੇ ਲਈ ਮੈਂ ਉਨ੍ਹਾਂ ਵੱਲ ਆਪਣੀ ਪਿੱਠ ਭੁਆ ਲਈ। 10ਇਹ ਨਵਾਂ ਕਰਾਰ ਹੈ ਜਿਹੜਾ ਮੈਂ ਇਜ਼ਰਾਏਲ ਦੇ ਲੋਕਾਂ ਨਾਲ ਕਰਾਂਗਾ। ਮੈਂ ਇਹ ਨਵਾਂ ਕਰਾਰ ਆਉਣ ਵਾਲੇ ਦਿਨਾਂ ਵਿੱਚ ਦੇਵਾਂਗਾ ਪ੍ਰਭੂ ਆਖਦਾ ਹੈ। ਮੈਂ ਆਪਣੇ ਨੇਮ ਉਨ੍ਹਾਂ ਦੇ ਮਨਾਂ ਵਿੱਚ ਰੱਖ ਦਿਆਂਗਾ, ਅਤੇ ਮੈਂ ਆਪਣੇ ਨੇਮ ਉਨ੍ਹਾਂ ਦੇ ਦਿਲਾਂ ਉੱਪਰ ਲਿਖ ਦਿਆਂਗਾ। ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ। 11ਫ਼ੇਰ ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਭਰਾ ਜਾਂ ਹੋਰਾਂ ਲੋਕਾਂ ਨੂੰ ਪਰਮੇਸ਼ੁਰ ਬਾਰੇ ਸਿੱਖਾਉਣ ਦੀ ਲੋੜ ਨਹੀਂ ਪਵੇਗੀ। ਤੇ ਨਾ ਹੀ ਕਿ ਪਰਮੇਸ਼ੁਰ ਨੂੰ ਜਾਣ ਬਾਰੇ ਦੱਸਣ ਦੀ ਲੋੜ ਹੋਵੇਗੀ। ਕਿਉਂਕਿ ਸਾਰੇ ਮਹਾਨ ਲੋਕ ਅਤੇ ਹੀਣੇ ਲੋਕ ਮੈਨੂੰ ਜਾਣ ਜਾਣਗੇ। 12ਮੈਂ ਉਨ੍ਹਾਂ ਨੂੰ ਮੇਰੇ ਖਿਲਾਫ਼ ਕੀਤੀਆਂ ਬਦੀਆਂ ਮੁਆਫ਼ ਕਰ ਦਿਆਂਗਾ ਅਤੇ ਮੈਂ ਉਨ੍ਹਾਂ ਦੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।” 13ਪਰਮੇਸ਼ੁਰ ਨੇ ਇਸ ਨੂੰ ਨਵਾਂ ਕਰਾਰ ਆਖਿਆ, ਇਸ ਲਈ ਪਰਮੇਸ਼ੁਰ ਨੇ ਪਹਿਲੇ ਕਰਾਰ ਨੂੰ ਪੁਰਾਣਾ ਬਣਾ ਦਿੱਤਾ ਹੈ। ਅਤੇ ਜਿਹੜੀ ਚੀਜ਼ ਪੁਰਾਣੀ ਅਤੇ ਬੇਕਾਰ ਹੈ ਉਹ ਅਲੋਪ ਹੋਣ ਵਾਲੀ ਹੈ।


Copyrighted Material
Learn More

will be added

X\