ਇਬਰਾਨੀਆਂ ਨੂੰ 9

1ਪਹਿਲੇ ਕਰਾਰ ਵਿੱਚ, ਉੱਥੇ ਉਪਾਸਨਾ ਵਾਸਤੇ ਅਸੂਲ ਅਤੇ ਆਦਮੀਆਂ ਦੁਆਰਾ ਬਣਾਇਆ ਉਪਾਸਨਾ ਸਥਾਨ ਸੀ। 2ਇਹ ਸਥਾਨ ਇੱਕ ਤੰਬੂ ਦੇ ਅੰਦਰ ਸੀ। ਤੰਬੂ ਵਿੱਚਲੇ ਅਗਲੇ ਹਿੱਸੇ ਨੂੰ ਪਵਿੱਤਰ ਸਥਾਨ ਆਖਿਆ ਜਾਂਦਾ ਸੀ। ਪਵਿੱਤਰ ਸਥਾਨ ਵਿੱਚ ਇੱਕ ਸ਼ਮਾਂਦਾਨ ਅਤੇ ਮੇਜ਼ ਸੀ ਜਿਸ ਉੱਪਰ ਪਰਮੇਸ਼ੁਰ ਨੂੰ ਚੜ੍ਹਾਈ ਖਾਸ ਰੋਟੀ ਸੀ। 3ਦੂਸਰੇ ਪਰਦੇ ਪਿੱਛੇ ਇੱਕ ਕਮਰਾ ਸੀ ਜਿਸ ਨੂੰ ਸਭ ਤੋਂ ਪਵਿੱਤਰ ਸਥਾਨ ਆਖਿਆ ਜਾਂਦਾ ਸੀ। 4ਸਭ ਤੋਂ ਪਵਿੱਤਰ ਸਥਾਨ ਵਿੱਚ ਇੱਕ ਸੁਨਿਹਰੀ ਵੇਦੀ ਸੀ ਜਿਸ ਉੱਪਰ ਧੂਪ ਧੁਖਾਈ ਜਾਂਦੀ ਸੀ। ਅਤੇ ਉੱਥੇ ਇੱਕ ਨੇਮ ਦਾ ਸੰਦੂਕ ਵੀ ਸੀ ਜਿਸ ਵਿੱਚ ਪੁਰਾਣਾ ਕਰਾਰ ਰੱਖਿਆ ਹੋਇਆ ਸੀ। ਸੰਦੂਕ ਸੋਨੇ ਨਾਲ ਮੜ੍ਹਿਆ ਹੋਇਆ ਸੀ। ਸੰਦੂਕ ਵਿੱਚ, ਉੱਥੇ ਇੱਕ ਸੁਨਿਹਰੀ ਮਰਤਬਾਨ ਵਿੱਚ ਮੰਨ ਸੀ ਅਤੇ ਹਾਰੂਨ ਦੀ ਸੋਟੀ, ਉਹ ਸੋਟੀ ਜਿਸ ਉੱਪਰ ਪਹਿਲਾਂ ਪੱਤੇ ਉੱਗੇ ਹੋਏ ਸਨ। ਬਕਸੇ ਵਿੱਚ ਚਪਟੇ ਪੱਥਰ ਵੀ ਸਨ ਜਿਨ੍ਹਾਂ ਉੱਪਰ ਪੁਰਾਣੇ ਕਰਾਰ ਦੇ ਦਸ ਆਦੇਸ਼ ਉਕਰੇ ਹੋਏ ਸਨ। 5ਬਕਸੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੀਆਂ ਮੂਰਤਾਂ ਸਨ ਜੋ ਪਰਮੇਸ਼ੁਰ ਦੀ ਮਹਿਮਾ ਦਰਸ਼ਾਉਂਦੀਆਂ ਸਨ। ਉਨ੍ਹਾਂ ਦੂਤਾਂ ਦੀਆਂ ਮੂਰਤਾਂ ਬਕਸੇ ਦੇ ਮਿਹਰ-ਸਥਾਨ ਦੇ ਉੱਪਰ ਸਨ। ਪਰ ਹੁਣ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਸਭ ਕੁਝ ਨਹੀਂ ਆਖ ਸੱਕਦੇ। 6ਤੰਬੂ ਵਿੱਚਲੀ ਸਾਰੀ ਸਮਾਗਰੀ ਉਸੇ ਤਰ੍ਹਾਂ ਸੀ ਜਿਵੇਂ ਮੈਂ ਬਿਆਨ ਕੀਤੀ ਹੈ। ਫ਼ੇਰ ਜਾਜਕ ਹਰ ਰੋਜ਼ ਆਪਣੀ ਉਪਾਸਨਾ ਲਈ ਪਹਿਲੇ ਕਮਰੇ ਵਿੱਚ ਜਾਂਦੇ ਸਨ। 7ਪਰ ਦੂਸਰੇ ਕਮਰੇ ਵਿੱਚ ਸਿਰਫ਼ ਸਰਦਾਰ ਜਾਜਕ ਹੀ ਜਾ ਸੱਕਦਾ ਸੀ। ਅਤੇ ਸਰਦਾਰ ਜਾਜਕ ਉਸ ਦੂਸਰੇ ਕਮਰੇ ਵਿੱਚ ਸਾਲ ਵਿੱਚ ਸਿਰਫ਼ ਇੱਕ ਵਾਰੀ ਜਾਂਦਾ ਸੀ। ਅਤੇ ਸਰਦਾਰ ਜਾਜਕ ਆਪਣੇ ਨਾਲ ਲਹੂ ਲਿਆਏ ਬਿਨਾ ਦਾਖਲ ਨਹੀਂ ਸੀ ਹੋ ਸੱਕਦਾ। ਜਾਜਕ ਉਹ ਲਹੂ ਪਰਮੇਸ਼ੁਰ ਨੂੰ ਆਪਣੇ ਅਤੇ ਲੋਕਾਂ ਦੇ ਪਾਪਾਂ ਲਈ ਅਰਪਨ ਕਰਦਾ ਸੀ। ਇਹ ਪਾਪ ਉਹ ਸਨ ਜਿਹੜੇ ਲੋਕਾਂ ਨੇ ਇਹ ਨਾ ਜਾਣਦੇ ਹੋਏ ਕੀਤੇ ਕਿ ਉਹ ਪਾਪ ਕਰ ਰਹੇ ਸਨ। 8ਪਵਿੱਤਰ ਆਤਮਾ ਸਾਨੂੰ ਇਨ੍ਹਾਂ ਦੋਹਾਂ ਕਮਰਿਆਂ ਰਾਹੀਂ ਸਿੱਖਾਉਂਦਾ ਹੈ ਕਿ ਉਦੋਂ ਅੱਤ ਪਵਿੱਤਰ ਸਥਾਨ ਦਾ ਰਾਹ ਨਹੀਂ ਖੁਲ੍ਹਾ ਸੀ ਜਦੋਂ ਤੱਕ ਅਜੇ ਪਹਿਲਾ ਕਮਰਾ ਸਥਿਰ ਸੀ। 9ਇਹ ਸਾਡੇ ਲਈ ਅੱਜ ਇੱਕ ਉਦਾਹਰਣ ਹੈ। ਇਹ ਸਾਡੇ ਲਈ ਸਪੱਸ਼ਟ ਹੈ ਕਿ ਪਰਮੇਸ਼ੁਰ ਨੂੰ ਭੇਂਟ ਕੀਤੇ ਚੜ੍ਹਾਵੇ ਅਤੇ ਬਲੀਆਂ ਉਸ ਵਿਅਕਤੀ ਨੂੰ ਪੂਰੀ ਤਰ੍ਹਾਂ ਸਾਫ਼ ਨਾ ਕਰ ਸੱਕੇ, ਜਿਹੜਾ ਉਪਾਸਨਾ ਕਰਦਾ ਹੈ। ਉਹ ਬਲੀਆਂ ਉਸ ਵਿਅਕਤੀ ਨੂੰ ਦਿਲ ਵਿੱਚ ਸੰਪੂਰਣ ਨਹੀਂ ਬਣਾ ਸੱਕਦੀਆਂ ਸਨ। 10ਇਹ ਚੜ੍ਹਾਵੇ ਅਤੇ ਬਲੀਆਂ, ਖਾਣ ਅਤੇ ਪੀਣ ਵਾਲੇ ਪਦਾਰੱਥਾਂ ਅਤੇ ਵਿਸ਼ੇਸ਼ ਸਫ਼ਾਈਆਂ, ਨਾਲ ਹੀ ਸੰਬੰਧਿਤ ਸਨ। ਇਹ ਚੀਜ਼ਾਂ ਕੇਵਲ ਸਰੀਰ ਨਾਲ ਸੰਬੰਧਿਤ ਅਸੂਲ ਸਨ, ਪਰ ਦਿਲ ਨਾਲ ਸੰਬੰਧਿਤ ਨਹੀਂ ਸਨ। ਪਰਮੇਸ਼ੁਰ ਨੇ ਇਹ ਅਨੁਸ਼ਾਸਨ ਉਦੋਂ ਤੱਕ ਗ੍ਰੈਹਣ ਕਰਨ ਲਈ ਦਿੱਤੇ ਜਦੋਂ ਤੱਕ ਕਿ ਪਰਮੇਸ਼ੁਰ ਦਾ ਨਵਾਂ ਆਦੇਸ਼ ਨਹੀਂ ਆਇਆ। 11ਪਰ ਹੁਣ ਮਸੀਹ ਸਰਦਾਰ ਜਾਜਕ ਵਾਂਗ ਆਇਆ ਹੈ। ਉਹ ਉਨ੍ਹਾਂ ਸਾਰੀਆਂ ਚੰਗੀਆਂ ਚੀਜ਼ਾਂ ਦਾ ਸਰਦਾਰ ਜਾਜਕ ਹੈ ਜਿਹੜੀਆਂ ਹੁਣ ਸਾਡੇ ਕੋਲ ਹਨ। ਪਰ ਮਸੀਹ ਕਿਸੇ ਤੰਬੂ ਵਿੱਚ ਉਸ ਤਰ੍ਹਾਂ ਸੇਵਾ ਨਹੀਂ ਕਰਦਾ ਜਿਸ ਤਰ੍ਹਾਂ ਉਨ੍ਹਾਂ ਦੂਸਰੇ ਜਾਜਕਾਂ ਨੇ ਸੇਵਾ ਕੀਤੀ। ਮਸੀਹ ਉਸ ਤੰਬੂ ਨਾਲੋਂ ਬਿਹਤਰ ਸਥਾਨ ਤੇ ਸੇਵਾ ਕਰਦਾ ਹੈ। ਇਹ ਜ਼ਿਆਦਾ ਸੰਪੂਰਣ ਹੈ। ਅਤੇ ਇਹ ਸਥਾਨ ਮਨੁੱਖਾਂ ਦਾ ਬਣਾਇਆ ਹੋਇਆ ਨਹੀਂ ਹੈ। ਇਹ ਇਸ ਦੁਨੀਆਂ ਦਾ ਨਹੀਂ ਹੈ। 12ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਕੇਵਲ ਇੱਕ ਵਾਰੀ ਦਾਖਲ ਹੋਇਆ ਸੀ ਜਿਹੜਾ ਅੰਤ ਸਮੇਂ ਤੀਕ ਕਾਫ਼ੀ ਸੀ। ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਆਪਣੇ ਆਵਦੇ ਲਹੂ ਨਾਲ ਦਾਖਿਲ ਹੋਇਆ ਸੀ। ਬੱਕਰਿਆਂ ਤੇ ਜਾਂ ਵਹਿੜਕਿਆਂ ਦਾ ਲਹੂ ਲੈ ਕੇ ਨਹੀਂ। ਮਸੀਹ ਕੇਵਲ ਇੱਕ ਹੀ ਵਾਰ ਦਾਖਲ ਹੋਇਆ ਅਤੇ ਸਾਡੇ ਲਈ ਅਮਰ ਆਜ਼ਾਦੀ ਲਿਆਇਆ। 13ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ। 14ਇਸ ਲਈ ਅਵਸ਼ ਹੀ ਮਸੀਹ ਦਾ ਲਹੂ ਬਹੁਤ-ਬਹੁਤ ਵੱਧ ਕਰ ਸੱਕਦਾ ਹੈ। ਮਸੀਹ ਨੇ ਆਪਣੇ ਆਪ ਨੂੰ ਅਮਰ ਆਤਮਾ ਦੇ ਰਾਹੀਂ ਪਰਮੇਸ਼ੁਰ ਲਈ ਇੱਕ ਸੰਪੂਰਣ ਬਲੀ ਦੇ ਰੂਪ ਵਿੱਚ ਅਰਪਿਤ ਕੀਤਾ। ਉਸ ਦਾ ਲਹੂ ਸਾਨੂੰ ਆਪਣੇ ਕੀਤੇ ਮੰਦੇ ਕੰਮਾਂ ਤੋਂ ਪਾਕ ਕਰ ਦੇਵੇਗਾ। ਉਸ ਦਾ ਖੂਨ ਸਾਨੂੰ ਆਪਣੇ ਦਿਲਾਂ ਵਿੱਚ ਵੀ ਪਵਿੱਤਰ ਬਣਾਵੇਗਾ। ਸਾਨੂੰ ਇਸ ਲਈ ਸ਼ੁੱਧ ਬਣਾਇਆ ਗਿਆ ਹੈ ਤਾਂ ਜੋ ਅਸੀਂ ਜਿਉਂਦੇ ਪਰਮੇਸ਼ੁਰ ਦੀ ਉਪਾਸਨਾ ਕਰ ਸੱਕੀਏ। 15ਇਸ ਲਈ ਮਸੀਹ ਪਰਮੇਸ਼ੁਰ ਵੱਲੋਂ ਆਪਣੇ ਲੋਕਾਂ ਲਈ ਇੱਕ ਨਵਾਂ ਕਰਾਰ ਲੈ ਕੇ ਆਉਂਦਾ ਹੈ। ਮਸੀਹ ਇਹ ਨਵਾਂ ਕਰਾਰ ਇਸ ਲਈ ਲੈ ਕੇ ਆਉਂਦਾ ਹੈ ਤਾਂ ਜੋ ਉਹ ਲੋਕ ਜਿਹੜੇ ਪਰਮੇਸ਼ੁਰ ਵੱਲੋਂ ਬੁਲਾਏ ਗਏ ਹਨ ਉਹ ਚੀਜ਼ਾਂ ਹਾਸਲ ਕਰ ਸੱਕਣ ਜਿਸਦਾ ਪਰਮੇਸ਼ੁਰ ਨੇ ਵਾਇਦਾ ਕੀਤਾ ਹੈ। ਪਰਮੇਸ਼ੁਰ ਦੇ ਲੋਕ ਉਹ ਚੀਜ਼ਾਂ ਹਮੇਸ਼ਾ ਲਈ ਹਾਸਲ ਕਰ ਸੱਕਦੇ ਹਨ। ਉਹ ਇਹ ਚੀਜ਼ਾਂ ਇਸ ਲਈ ਪ੍ਰਾਪਤ ਕਰ ਸੱਕਦੇ ਹਨ ਕਿਉਂਕਿ ਮਸੀਹ ਉਨ੍ਹਾਂ ਪਾਪਾਂ ਦਾ ਭੁਗਤਾਨ ਕਰਨ ਲਈ ਮਰਿਆ ਜੋ ਲੋਕਾਂ ਨੇ ਪਹਿਲੇ ਕਰਾਰ ਦੇ ਅਧੀਨ ਕੀਤੇ ਸਨ। ਮਸੀਹ ਲੋਕਾਂ ਨੂੰ ਉਨ੍ਹਾਂ ਪਾਪਾਂ ਤੋਂ ਮੁਕਤ ਕਰਾਉਣ ਲਈ ਮਰਿਆ। 16ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਇੱਕ ਵਸੀਅਤ ਛੱਡ ਜਾਂਦਾ ਹੈ। ਪਰ ਲੋਕਾਂ ਨੂੰ ਇਹ ਗੱਲ ਸਾਬਤ ਕਰਨੀ ਪੈਂਦੀ ਹੈ ਕਿ ਉਸ ਵਸੀਅਤ ਨੂੰ ਲਿਖਣ ਵਾਲਾ ਮਰ ਚੁੱਕਿਆ ਹੈ। 17ਜਿਸ ਵਿਅਕਤੀ ਨੇ ਵਸੀਅਤ ਲਿਖੀ ਜਿੰਨਾ ਚਿਰ ਜਿਉਂਦਾ ਹੈ ਓਨਾ ਚਿਰ ਤੱਕ ਉਸ ਵਸੀਅਤ ਦਾ ਕੋਈ ਅਰਥ ਨਹੀਂ। ਵਸੀਅਤ ਨੂੰ ਕੇਵਲ ਉਦੋਂ ਹੀ ਇਸਤੇਮਾਲ ਕੀਤਾ ਜਾ ਸੱਕਦਾ ਹੈ ਜਦੋਂ ਉਹ ਵਿਅਕਤੀ ਮਰ ਜਾਂਦਾ ਹੈ। 18ਪਹਿਲਾ ਕਰਾਰ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਵਿੱਚਕਾਰ ਬਾਰੇ ਵੀ ਇਵੇਂ ਹੀ ਹੈ। ਨੇਮ ਨੂੰ ਅਸਰ ਵਿੱਚ ਆਉਣ ਲਈ ਲਹੂ ਭੇਂਟ ਕੀਤਾ ਜਾਣਾ ਚਾਹੀਦਾ ਸੀ। 19ਪਹਿਲਾਂ, ਮੂਸਾ ਨੇ ਸਾਰੇ ਲੋਕਾਂ ਨੂੰ ਸ਼ਰ੍ਹਾ ਦਾ ਹਰ ਇੱਕ ਹੁਕਮ ਦੱਸਿਆ। ਫ਼ੇਰ ਉਸ ਨੇ ਵੱਛਿਆਂ ਅਤੇ ਬੱਕਰੀਆਂ ਦਾ ਲਹੂ ਲਿਆ ਅਤੇ ਇਸ ਨੂੰ ਪਾਣੀ ਨਾਲ ਮਿਸ਼੍ਰਿਤ ਕੀਤਾ, ਫ਼ੇਰ ਲਾਲ ਉੱਨ ਅਤੇ ਇੱਕ ਜ਼ੂਫ਼ੇ ਦੇ ਪੌਦੇ ਦੀ ਟਹਿਣੀ ਨਾਲ, ਅਤੇ ਉਸ ਨੇ ਲਹੂ ਨਾਲ ਮਿਸ਼੍ਰਿਤ ਪਾਣੀ ਨੂੰ ਸ਼ਰ੍ਹਾ ਦੀ ਪੁਸਤਕ ਅਤੇ ਸਾਰੇ ਲੋਕਾਂ ਉੱਤੋਂ ਦੀ ਛਿੜਕਿਆ। 20ਫ਼ੇਰ ਮੂਸਾ ਨੇ ਆਖਿਆ, “ਇਹ ਉਹ ਲਹੂ ਹੈ ਜਿਹੜਾ ਕਰਾਰ ਨੂੰ ਸਹੀ ਬਣਾਉਂਦਾ ਹੈ। ਉਸ ਕਰਾਰ ਨੂੰ ਜਿਸਦਾ ਪਰਮੇਸ਼ੁਰ ਨੇ ਤੁਹਾਨੂੰ ਪਾਲਣ ਕਰਨ ਦਾ ਆਦੇਸ਼ ਦਿੱਤਾ।” 21ਇਸੇ ਤਰ੍ਹਾਂ ਮੂਸਾ ਨੇ ਪਵਿੱਤਰ ਤੰਬੂ ਉੱਪਰ ਲਹੂ ਦਾ ਛਿੱਟਾ ਦਿੱਤਾ ਉਸ ਨੇ ਪੂਜਾ ਦੀ ਹਰ ਸਮਗਰੀ ਉੱਪਰ ਖੂਨ ਦਾ ਛਿੱਟਾ ਦਿੱਤਾ। 22ਸ਼ਰ੍ਹਾ ਆਖਦੀ ਹੈ ਕਿ ਤਕਰੀਬਨ ਸਭ ਚੀਜ਼ਾਂ ਨੂੰ ਲਹੂ ਰਾਹੀਂ ਪਵਿੱਤਰ ਬਣਾਇਆ ਜਾਣਾ ਚਾਹੀਦਾ ਹੈ। ਅਤੇ ਪਾਪਾਂ ਨੂੰ ਲਹੂ ਤੋਂ ਬਿਨਾ ਮਾਫ਼ ਨਹੀਂ ਕੀਤਾ ਜਾ ਸੱਕਦਾ। 23ਇਹ ਚੀਜ਼ਾਂ ਅਸਲੀ ਸਵਰਗੀ ਚੀਜ਼ਾਂ ਦੀ ਨਕਲ ਹਨ। ਇਨ੍ਹਾਂ ਚੀਜ਼ਾਂ ਨੂੰ ਡੰਗਰਾਂ ਦੀਆਂ ਬਲੀਆਂ ਨਾਲ ਸ਼ੁੱਧ ਬਨਾਉਣਾ ਜਰੂਰੀ ਸੀ। ਪਰ ਸਵਰਗ ਦੀਆਂ ਅਸਲੀ ਚੀਜ਼ਾਂ ਵਾਸਤੇ ਬਹੁਤ ਬਿਹਤਰ ਬਲੀਆਂ ਲੋੜੀਂਦੀਆਂ ਹਨ। 24ਮਸੀਹ ਸਭ ਤੋਂ ਪਵਿੱਤਰ ਸਥਾਨ ਵਿੱਚ ਗਿਆ। ਪਰ ਮਸੀਹ ਉਸ ਅੱਤ ਪਵਿੱਤਰ ਸਥਾਨ ਵਿੱਚ ਨਹੀਂ ਗਿਆ ਜਿਹੜਾ ਮਨੁੱਖਾਂ ਦਾ ਬਣਾਇਆ ਹੋਇਆ ਸੀ। ਉਹ ਅੱਤ ਪਵਿੱਤਰ ਸਥਾਨ ਸੱਚੇ ਅੱਤ ਪਵਿੱਤਰ ਅਸਥਾਨ ਦੀ ਨਕਲ ਹੈ। ਮਸੀਹ ਸਵਰਗ ਵਿੱਚ ਗਿਆ। ਮਸੀਹ ਹੁਣ ਉੱਥੇ ਪਰਮੇਸ਼ੁਰ ਦੇ ਨਾਲ ਸਾਡੀ ਸਹਾਇਤਾ ਲਈ ਹੈ। 25ਸਰਦਾਰ ਜਾਜਕ ਸਭ ਤੋਂ ਪਵਿੱਤਰ ਸਥਾਨ ਵਿੱਚ ਸਾਲ ਵਿੱਚ ਇੱਕ ਵਾਰੀ ਦਾਖਲ ਹੁੰਦਾ ਹੈ ਉਹ ਅਰਪਣ ਕਰਨ ਲਈ ਆਪਣੇ ਨਾਲ ਲਹੂ ਲੈਂਦਾ ਹੈ। ਪਰ ਉਹ ਆਪਣਾ ਲਹੂ ਅਰਪਣ ਨਹੀਂ ਕਰਦਾ ਜਿਹਾ ਕਿ ਮਸੀਹ ਨੇ ਕੀਤਾ ਸੀ। ਮਸੀਹ ਸਵਰਗ ਵਿੱਚ ਗਿਆ ਪਰ ਉਸ ਉੱਚ-ਜਾਜਕ ਵਾਂਗ ਜਿਹੜਾ ਬਾਰ-ਬਾਰ ਲਹੂ ਅਰਪਨ ਕਰਦਾ ਹੈ ਆਪਣੇ ਆਪ ਨੂੰ ਬਾਰ-ਬਾਰ ਅਰਪਣ ਕਰਨ ਲਈ ਨਹੀਂ। 26ਜੇ ਮਸੀਹ ਨੂੰ ਆਪਣੇ ਆਪ ਨੂੰ ਵਾਰ-ਵਾਰ ਭੇਂਟ ਕਰਨਾ ਪੈਂਦਾ, ਤਾਂ ਉਸ ਨੂੰ ਇਸ ਦੁਨੀਆਂ ਦੀ ਸਾਜਨਾ ਤੋਂ ਲੈ ਕੇ ਹੁਣ ਤੱਕ ਬਹੁਤ ਵਾਰੀ ਦੁੱਖ ਝੱਲਣੇ ਪੈਣੇ ਸੀ। ਪਰ ਮਸੀਹ ਨੇ ਆਪਣੇ ਆਪ ਨੂੰ ਕੇਵਲ ਇੱਕੋ ਹੀ ਵਾਰੀ ਭੇਂਟ ਕਰ ਦਿੱਤਾ। ਅਤੇ ਉਹ “ਇੱਕੋ ਵਾਰੀ” ਸਾਰੇ ਸਮਿਆਂ ਲਈ ਕਾਫ਼ੀ ਹੈ। ਮਸੀਹ ਉਦੋਂ ਆਇਆ ਜਦੋਂ ਦੁਨੀਆਂ ਅੰਤ ਦੇ ਨਜ਼ਦੀਕ ਸੀ। ਮਸੀਹ ਆਪਣੇ ਆਪ ਦੀ ਬਲੀ ਦੇ ਕੇ ਸਾਰੇ ਪਾਪਾਂ ਨੂੰ ਲੈ ਲੈਣ ਲਈ ਆਇਆ। 27ਹਰ ਵਿਅਕਤੀ ਨੇ ਇੱਕ ਹੀ ਵਾਰ ਮਰਨਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਮਰਦਾ ਹੈ ਤਾਂ ਉਹ ਪਰੱਖਿਆ ਜਾਂਦਾ ਹੈ। 28ਇਸ ਲਈ ਮਸੀਹ ਨੇ ਬਹੁਤ ਸਾਰੇ ਲੋਕਾਂ ਦੇ ਪਾਪ ਲੈ ਲੈਣ ਲਈ ਇੱਕ ਹੀ ਵਾਰੀ ਆਪਣੇ ਆਪ ਨੂੰ ਬਲੀ ਵਾਂਗ ਭੇਂਟ ਕਰ ਦਿੱਤਾ। ਮਸੀਹ ਦੂਸਰੀ ਵਾਰ ਫ਼ੇਰ ਪ੍ਰਗਟੇਗਾ ਪਰ ਪਾਪ ਦੀ ਖਾਤਰ ਨਹੀਂ। ਮਸੀਹ ਦੂਸਰੀ ਵਾਰ ਉਨ੍ਹਾਂ ਲੋਕਾਂ ਨੂੰ ਮੁਕਤੀ ਦੇਣ ਲਈ ਆਵੇਗਾ ਜਿਹੜੇ ਉਸਦੀ ਤਾਂਘ ਨਾਲ ਇੰਤਜ਼ਾਰ ਕਰ ਰਹੇ ਹਨ।


Copyrighted Material
Learn More

will be added

X\