ਮਰਕੁਸ 7

1ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। 2ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। 3ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। 4ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ। 5ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?” 6ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ, ‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ। 7ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ। ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ 8ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।” 9ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ 11ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।” 14ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।” 17ਜਦੋਂ ਯਿਸੂ ਲੋਕਾਂ ਨੂੰ ਛੱਡ ਕੇ ਘਰ ਵਿੱਚ ਵੜਿਆ, ਉਸ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18ਉਸ ਨੇ ਆਖਿਆ, “ਕੀ ਤੁਹਾਨੂੰ ਵੀ ਇਹ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਵੀ ਬਾਹਰੋਂ ਵਿਅਕਤੀ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਦੂਸ਼ਿਤ ਨਹੀਂ ਕਰ ਸੱਕਦਾ। 19ਕਿਉਂਕਿ ਇਹ ਚੀਜ਼ਾਂ ਢਿੱਡ ਵਿੱਚ ਜਾਂਦੀਆਂ ਹਨ ਨਾ ਕਿ ਦਿਲ ਵਿੱਚ। ਅਤੇ ਇਹ ਚੀਜ਼ਾਂ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਹਨ।” (ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਸਦਾ ਭਾਵ ਇਹ ਸੀ ਕਿ ਕੋਈ ਵੀ ਭੋਜਨ ਨਹੀਂ ਜਿਹੜਾ ਮਨੁੱਖ ਲਈ ਅਸ਼ੁੱਧ ਹੈ।) 20ਅਤੇ ਯਿਸੂ ਨੇ ਆਖਿਆ, “ਉਹ ਜੋ ਕਿਸੇ ਵਿਅਕਤੀ ਵਿੱਚੋਂ ਬਾਹਰ ਆਉਂਦਾ ਹੈ ਉਹੀ ਹੈ ਜੋ ਉਸ ਨੂੰ ਅਸ਼ੁੱਧ ਬਨਾਉਂਦਾ ਹੈ। 21ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।” 24ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ। 25ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ। 26ਉਹ ਔਰਤ ਗੈਰ-ਯਹੂਦੀ ਯੂਨਾਨਣ ਸੀ ਅਤੇ ਉਸਦਾ ਜਨਮ ਸੂਰੁਫ਼ੈਨੀਕਣ ਦਾ ਸੀ ਜੋ ਕਿ ਸੀਰਿਆ ਦਾ ਇਲਾਕਾ ਹੈ। ਉਸ ਨੇ ਯਿਸੂ ਨੂੰ ਉਸਦੀ ਧੀ ਅੰਦਰੋਂ ਭੂਤ ਨੂੰ ਕੱਢਣ ਵਾਸਤੇ ਬੇਨਤੀ ਕੀਤੀ। 27ਯਿਸੂ ਨੇ ਉਸ ਔਰਤ ਨੂੰ ਆਖਿਆ, “ਸਭ ਤੋਂ ਪਹਿਲਾਂ ਜਿੰਨੀ ਰੋਟੀ ਬੱਚੇ ਚਾਹੁੰਣ ਉਨ੍ਹਾਂ ਨੂੰ ਖਾਣ ਦਿਓ ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਗੱਲ ਨਹੀਂ।” 28ਔਰਤ ਨੇ ਜਵਾਬ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ, ਪਰ ਮੇਜ਼ ਦੇ ਹੇਠਾਂ ਬੈਠੇ ਕੁੱਤੇ ਵੀ ਬੱਚਿਆਂ ਦੁਆਰਾ ਛੱਡੇ ਗਏ ਰੋਟੀ ਦੇ ਟੁਕੜੇ ਖਾਂਦੇ ਹਨ।” 29ਤਾਂ ਯਿਸੂ ਨੇ ਉਸ ਔਰਤ ਨੂੰ ਆਖਿਆ, “ਇਹ ਇੱਕ ਚੰਗਾ ਜਵਾਬ ਹੈ। ਫ਼ਿਰ ਤੂੰ ਜਾ ਸੱਕਦੀ ਹੈਂ। ਭੂਤ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।” 30ਫ਼ਿਰ ਉਹ ਔਰਤ ਘਰ ਗਈ ਅਤੇ ਉਸਦੀ ਧੀ ਨੂੰ ਮੰਜੇ ਤੇ ਪਈ ਵੇਖਿਆ ਅਤੇ ਭੂਤ ਨੇ ਉਸ ਨੂੰ ਛੱਡ ਦਿੱਤਾ ਸੀ। 31ਉਸ ਨੇ ਸੂਰ ਦਾ ਉਹ ਖੇਤ੍ਰ ਛੱਡ ਦਿੱਤਾ ਅਤੇ ਸੈਦਾ ਰਾਹੀਂ ਦਿਕਾਪੁਲਿਸ ਦੇ ਖੇਤ੍ਰ ਵਿੱਚ ਦੀ ਲੰਘਦਾ ਹੋਇਆ ਗਲੀਲੀ ਝੀਲ ਨੂੰ ਗਿਆ। 32ਜਦੋਂ ਉਹ ਉੱਥੇ ਸੀ, ਕੁਝ ਲੋਕ ਉਸ ਕੋਲ ਇੱਕ ਬੰਦੇ ਨੂੰ ਲਿਆਏ, ਉਹ ਮਨੁੱਖ ਗੂੰਗਾ ਅਤੇ ਬੋਲਾ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ ਕਿ ਉਹ ਆਪਣੇ ਹੱਥ ਉਸ ਉੱਪਰ ਰੱਖਕੇ ਉਸ ਨੂੰ ਚੰਗਾ ਕਰ ਦੇਵੇ। 33ਯਿਸੂ ਉਸ ਬੰਦੇ ਨੂੰ ਭੀੜ ਤੋਂ ਵੱਖਰਾ ਕਰਕੇ ਲੈ ਗਿਆ ਅਤੇ ਆਪਣੀਆਂ ਉਂਗਲਾਂ ਉਸ ਦੇ ਕੰਨ ਵਿੱਚ ਪਾਈਆਂ। ਫ਼ਿਰ ਯਿਸੂ ਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਇਆ। 34ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਚ ਹਉਂਕਾ ਭਰਿਆ ਅਤੇ ਉਸ ਨੂੰ ਆਖਿਆ, “ਇੱਫ਼ਤਾ!” (ਇਸਦਾ ਅਰਥ “ਖੁੱਲ੍ਹ ਜਾ!”) 35ਜਦੋਂ ਉਸ ਨੇ ਅਜਿਹਾ ਕੀਤਾ ਮਨੁੱਖ ਸੁਨਣ ਦੇ ਸਮਰਥ ਹੋ ਗਿਆ ਅਤੇ ਉਹ ਸਾਫ਼-ਸਾਫ਼ ਬੋਲਣ ਦੇ ਵੀ ਸਮਰੱਥ ਸੀ। 36ਯਿਸੂ ਨੇ ਲੋਕਾਂ ਨੂੰ ਤਗੀਦ ਕੀਤੀ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਕਹਿਣਾ। ਯਿਸੂ ਨੇ ਹਮੇਸ਼ਾ ਲੋਕਾਂ ਨੂੰ ਇਸਦਾ ਹੁਕਮ ਦਿੱਤਾ। ਪਰ ਜਿੰਨਾ ਉਹ ਹੋਰਨਾਂ ਨੂੰ ਨਾ ਦੱਸਣ ਵਾਸਤੇ ਵੱਧ ਹੁਕਮ ਦਿੰਦਾ ਸੀ ਉਹ ਉਸ ਬਾਰੇ ਹੋਰ ਵੀ ਜ਼ਿਆਦਾ ਦੱਸਦੇ। 37ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਯਿਸੂ ਸਭ ਕੁਝ ਵੱਧੀਆ ਕਰਦਾ ਹੈ। ਉਹ ਬੋਲਿਆਂ ਨੂੰ ਸੁਨਣ ਅਤੇ ਗੂੰਗਿਆਂ ਨੂੰ ਬੋਲਣ ਦੇ ਕਾਬਿਲ ਵੀ ਬਨਾਉਂਦਾ ਹੈ।”


Copyrighted Material
Learn More

will be added

X\