ਰੋਮੀਆਂ ਨੂੰ 14

1ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸ ਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸ ਦੇ ਅਲੱਗ ਵਿੱਚਾਰਾਂ ਬਾਰੇ ਬਹਿਸ ਕਰੋ। 2ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸੱਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸ ਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। 3ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸੱਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। 4ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ। 5ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸੱਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। 6ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। 7ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। 8ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। 9ਮਸੀਹ ਮਰਿਆ ਅਤੇ ਮੁਰਦੇ ਤੋਂ ਉੱਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸੱਕੇ। 10ਤੂੰ ਆਪਣੇ ਭਰਾ ਬਾਰੇ ਕਿਉਂ ਨਿਆਂ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ: “ਹਰ ਮਨੁੱਖ ਮੇਰੇ ਅੱਗੇ ਨਿਵੇਗਾ, ਹਰ ਮਨੁੱਖ ਇਹ ਆਖੇਗਾ; ਕਿ ਮੈਂ ਪਰਮੇਸ਼ੁਰ ਹਾਂ, ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।” 12ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ। 13ਇਸ ਲਈ ਸਾਨੂੰ ਇੱਕ ਦੂਜੇ ਦਾ ਨਿਆਂ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵੱਧਣ ਤੋਂ ਰੋਕੇ। 14ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ। 15ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਵਿਸ਼ਵਾਸ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ। 16ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ। 17ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉੱਥੇ ਇਹ ਚੀਜ਼ਾਂ ਮਹੱਤਵ ਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ। 18ਜਿਹੜਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ। 19ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ। 20ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 21ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈਅ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 22ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿੜ੍ਹਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰੱਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ। 23ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਆਂਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।


Copyrighted Material
Learn More

will be added

X\