ਰੋਮੀਆਂ ਨੂੰ 15

1ਸਾਡੇ ਵਿੱਚੋਂ ਜੋ ਆਪਣੇ ਨਿਹਚਾ ਵਿੱਚ ਤਕੜੇ ਹਨ, ਕਮਜ਼ੋਰਾਂ ਦੀ ਮਦਦ ਕਰਨ। ਸਾਨੂੰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਪ੍ਰਸੰਨ ਨਹੀਂ ਕਰਨਾ ਚਾਹੀਦਾ। 2ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ। 3ਇੱਥੋਂ ਤੱਕ ਕਿ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਨਹੀਂ ਜੀਵਿਆ। ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, “ਉਨ੍ਹਾਂ ਦੀ ਬੇਇੱਜ਼ਤੀ, ਜਿਨ੍ਹਾਂ ਨੇ ਤੁਹਾਨੂੰ ਬੇਇੱਜ਼ਤ ਕੀਤਾ ਸੀ ਮੇਰੇ ਤੇ ਡਿੱਗੀ ਹੈ।” 4ਸਭ ਕੁਝ ਜੋ ਅਤੀਤ ਵਿੱਚ ਲਿਖਿਆ ਗਿਆ ਸੀ ਸਾਨੂੰ ਸਿੱਖਾਉਣ ਖਾਤਰ ਲਿਖਿਆ ਸੀ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਸਨ ਤਾਂ ਜੋ ਅਸੀਂ ਆਸ ਰੱਖ ਸੱਕੀਏ। ਅਤੇ ਉਹ ਆਸ ਧੀਰਜ ਤੋਂ ਆਉਂਦੀ ਹੈ ਅਤੇ ਉਹ ਤਾਕਤ ਜੋ ਪੋਥੀਆਂ ਸਾਨੂੰ ਦਿੰਦੀਆਂ ਹਨ। 5ਧੀਰਜ ਅਤੇ ਤਾਕਤ ਪਰਮੇਸ਼ੁਰ ਤੋਂ ਆਉਂਦੀ ਹੈ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਉਸੇ ਢੰਗ ਨਾਲ ਇੱਕ ਹੋਣ ਵਿੱਚ ਸਹਾਇਤਾ ਕਰੇਗਾ ਜਿਵੇਂ ਮਸੀਹ ਯਿਸੂ ਚਾਹੁੰਦਾ ਹੈ। 6ਫ਼ਿਰ ਤੁਸੀਂ ਸਭ ਇਕੱਠੇ ਹੋ ਜਾਵੋਂਗੇ ਅਤੇ ਤੁਸੀਂ ਇੱਕ ਮੂੰਹ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦੀ ਉਸਤਤਿ ਕਰੋਂਗੇ। 7ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸੱਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ, “ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾ ਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” 10ਪੋਥੀ ਇਹ ਵੀ ਆਖਦੀ ਹੈ, “ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿੱਲਕੇ ਖੁਸ਼ ਹੋਣਾ ਚਾਹੀਦਾ ਹੈ।” 11ਪੋਥੀ ਇਹ ਵੀ ਆਖਦੀ ਹੈ, “ਤੁਸੀਂ ਸਾਰੇ ਗੈਰ-ਯਹੂਦੀਓ, ਪ੍ਰਭੂ ਦੀ ਉਸਤਤਿ ਕਰੋ; ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” 12ਅਤੇ ਯਸਾਯਾਹ ਆਖਦਾ ਹੈ, “ਕੋਈ ਯੱਸੀ ਦੇ ਪਰਿਵਾਰ ਵਿੱਚੋਂ ਉੱਠੇਗਾ ਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ। ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” 13ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰੱਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁੱਲ੍ਹੇ। 14ਮੇਰੇ ਭਰਾਵੋ ਅਤੇ ਭੈਣੋ, ਮੈਂ ਯਕੀਨ ਰੱਖਦਾ ਹਾਂ ਕਿ ਤੁਸੀਂ ਚੰਗਿਆਈ ਨਾਲ ਭਰਪੂਰ ਹੋ ਅਤੇ ਤੁਹਾਡੇ ਕੋਲ ਸਾਰਾ ਗਿਆਨ ਹੈ। ਤੇ ਤੁਹਾਡੇ ਕੋਲ ਇੱਕ ਦੂਜੇ ਨੂੰ ਸਿੱਖਾਉਣ ਦੀ ਯੋਗਤਾ ਹੈ। 15ਪਰ ਮੈਂ ਉਨ੍ਹਾਂ ਗੱਲਾਂ ਬਾਰੇ, ਜਿਹੜੀਆਂ ਮੈਂ ਤੁਹਾਨੂੰ ਚੇਤੇ ਕਰਾਉਣੀਆਂ ਚਾਹੁੰਦਾ ਸਾਂ, ਖੁਲ੍ਹੇ ਤੌਰ ਤੇ ਲਿਖਿਆ ਹੈ। ਮੈਂ ਅਜਿਹਾ ਇਸ ਲਈ ਕੀਤਾ ਕਿਉਂਕਿ ਪਰਮੇਸ਼ੁਰ ਨੇ ਮੈਨੂੰ ਇਸ ਖਾਸ ਤੋਹਫ਼ੇ ਨਾਲ ਨਿਵਾਜਿਆ ਸੀ। 16ਪਰਮੇਸ਼ੁਰ ਨੇ ਮੈਨੂੰ ਮਸੀਹ ਯਿਸੂ ਦਾ ਸੇਵਕ ਗੈਰ ਯਹੂਦੀਆਂ ਵਾਸਤੇ ਅਤੇ ਪਰਮੇਸ਼ੁਰ ਦੀ ਖੁਸ਼ਖਬਰੀ ਨੂੰ ਫ਼ੈਲਾਉਣ ਲਈ ਬਣਾਇਆ ਹੈ। ਮੈਂ ਇਹ ਗੈਰ ਯਹੂਦੀਆਂ ਦੀ ਖਾਤਿਰ ਇੱਕ ਭੇਂਟ ਬਨਣ ਲਈ ਕਰ ਰਿਹਾ ਹਾਂ ਜੋ ਪਰਮੇਸ਼ੁਰ ਦੁਆਰਾ ਕਬੂਲੀ ਜਾਵੇਗੀ। ਇਹ ਪਵਿੱਤਰ ਆਤਮਾ ਦੁਆਰਾ ਬਣਾਈ ਪਵਿੱਤਰ ਭੇਂਟ ਹੋਵੇਗੀ। 17ਇਸ ਲਈ ਜੋ ਮੈਂ ਪਰਮੇਸ਼ੁਰ ਲਈ ਮਸੀਹ ਯਿਸੂ ਵਿੱਚ ਕੀਤਾ ਹੈ ਮੈਨੂੰ ਉਸਤੇ ਮਾਨ ਹੈ। 18ਮੇਰਾ ਹੌਂਸਲਾ ਨਹੀਂ ਪੈਂਦਾ ਕਿ ਮੈਂ ਆਪਣੇ ਕੀਤੇ ਬੁਰੇ ਕੁਝ ਬੋਲਾਂ, ਪਰ ਮੈਨੂੰ ਉਨ੍ਹਾਂ ਗੱਲਾਂ ਬਾਰੇ ਬੋਲਣ ਦਾ ਕਾਫ਼ੀ ਹੌਂਸਲਾ ਹੈ ਜਿਹੜੀਆਂ ਮਸੀਹ ਨੇ ਮੇਰੇ ਰਾਹੀਂ ਗੈਰ ਯਹੂਦੀਆਂ ਨੂੰ ਪਰਮੇਸ਼ੁਰ ਲਈ ਆਗਿਆਕਾਰ ਹੋਣ ਲਈ ਆਖੀਆਂ। 19ਉਨ੍ਹਾਂ ਨੇ ਕਰਾਮਾਤਾਂ ਦੀ ਸ਼ਕਤੀ, ਅਜੂਬੇ ਅਤੇ ਆਤਮਾ ਦੀ ਸ਼ਕਤੀ ਦੇ ਕਾਰਣ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕੀਤੀ। ਮੈਂ ਯਰੂਸ਼ਲਮ ਤੋਂ ਲੈ ਕੇ ਇੱਲੁਰਿਕੁਨ ਦੇ ਚਾਰੇ ਪਾਸਿਆਂ ਤੀਕ ਮਸੀਹ ਦੀ ਖੁਸ਼ਖਬਰੀ ਬਾਰੇ ਪਰਚਾਰ ਕੀਤਾ। 20ਮੈਂ ਹਮੇਸ਼ਾ ਪਰਮੇਸ਼ੁਰ ਦੀ ਖੁਸ਼ਖਬਰੀ ਦਾ ਪਰਚਾਰ ਉਨ੍ਹੀਂ ਥਾਵੀਂ ਕਰਨਾ ਚਾਹਿਆ ਜਿੱਥੇ ਲੋਕਾਂ ਨੇ ਕਦੇ ਵੀ ਮਸੀਹ ਬਾਰੇ ਨਹੀਂ ਸੀ ਸੁਣਿਆ। ਮੈਂ ਅਜਿਹਾ ਇਸ ਲਈ ਕਰਦਾ ਹਾਂ ਕਿਉਂਕਿ ਮੈਂ ਕਿਸੇ ਹੋਰ ਦੇ ਕੰਮਾਂ ਤੇ ਕੁਝ ਨਹੀਂ ਉਸਾਰਨਾ ਚਾਹੁੰਦਾ ਜਿਸਦੀ ਸ਼ੁਰੂਆਤ ਪਹਿਲਾਂ ਹੀ ਹੋ ਚੁੱਕੀ ਹੋਵੇ। 21ਪਰ ਇਹ ਪੋਥੀਆਂ ਵਿੱਚ ਲਿਖਿਆ ਵੀ ਹੋਇਆ ਹੈ, “ਜਿਨ੍ਹਾਂ ਲੋਕਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਵੇਖਣਗੇ; ਅਤੇ ਉਹ ਜਿਨ੍ਹਾਂ ਨੇ ਉਸ ਬਾਰੇ ਨਹੀਂ ਸੁਣਿਆ ਉਹ ਸਮਝਣਗੇ।” 22ਇਸੇ ਕਾਰਣ ਮੈਨੂੰ ਤੁਹਾਡੇ ਵੱਲ ਆਉਣ ਤੋਂ ਕਈ ਵਾਰੀ ਰੋਕਿਆ ਗਿਆ ਸੀ। 23ਹੁਣ ਇਨ੍ਹਾਂ ਥਾਵਾਂ ਤੋਂ ਮੈਂ ਅਪਣਾ ਕੰਮ ਮੁਕੰਮਲ ਕਰ ਚੁੱਕਾ ਹਾਂ। ਅਤੇ ਲੰਬੇ ਸਮੇਂ ਤੋਂ, ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸਾਂ। 24ਇਸ ਲਈ ਹੁਣ ਮੈਂ ਹਿਸਪਾਨਿਯਾ ਨੂੰ ਜਾਵਾਂਗਾ। ਹਾਂ, ਮੈਨੂੰ ਆਸ ਹੈ ਕਿ ਹਿਸਪਾਨਿਯਾ ਜਾਂਦਾ ਹੋਜਿਆ ਤੁਹਾਡੇ ਵੱਲ ਯਾਤਰਾ ਕਰਾਂਗਾ ਅਤੇ ਪੂਰੀ ਤਰ੍ਹਾਂ ਤੁਹਾਡੀ ਸੰਗਤ ਦਾ ਆਨੰਦ ਮਾਣਾਂਗਾ। ਤਦ ਉਸ ਫ਼ੇਰੀ ਤੇ ਤੁਸੀਂ ਮੇਰੇ ਮੱਦਦਗਾਰ ਸਿੱਧ ਹੋ ਸੱਕਦੇ ਹੋ। 25ਹੁਣ ਮੈਂ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮੱਦਦ ਲਈ ਜਾ ਰਿਹਾ ਹਾਂ। 26ਮਕਦੂਨਿਯਾ ਅਤੇ ਅਖਾਯਾ ਦੇ ਸ਼ਰਧਾਲੂਆਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਲਈ, ਜਿਹੜੇ ਗਰੀਬ ਹਨ, ਕੁਝ ਪੈਸਾ ਇਕੱਠਾ ਕਰਨ ਦਾ ਨਿਸ਼ਚਾ ਕੀਤਾ ਹੈ। 27ਮਕਦੂਨਿਯਾ ਅਤੇ ਅਖਾਯਾ ਦੇ ਲੋਕਾਂ ਉਨ੍ਹਾਂ ਦੀ ਮਦਦ ਕਰਨ ਵਿੱਚ ਖੁਸ਼ ਸਨ। ਅਸਲ ਵਿੱਚ, ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਨ੍ਹਾਂ ਦਾ ਫ਼ਰਜ਼ ਸੀ। ਉਨ੍ਹਾਂ ਨੇ ਗੈਰ ਯਹੂਦੀ ਹੁੰਦਿਆਂ ਹੋਇਆਂ ਵੀ ਯਹੂਦੀਆਂ ਦੀਆਂ ਆਤਮਕ ਅਸੀਸਾਂ ਵਿੱਚ ਸਾਂਝ ਪਾਈ ਸੀ। ਇਸ ਲਈ ਹੁਣ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਯਹੂਦੀਆਂ ਦੀ ਭੌਤਿਕ ਵਸਤਾਂ ਨਾਲ, ਜਿਹੜੀਆਂ ਉਨ੍ਹਾਂ ਕੋਲ ਹਨ ਸਹਾਇਤਾ ਕਰਨੀ ਚਾਹੀਦੀ ਹੈ। 28ਮੈਂ ਇਸ ਗੱਲੋਂ ਨਿਸ਼ਚਿੰਤ ਹੋ ਲਵਾਂ ਕਿ ਯਰੂਸ਼ਲਮ ਦੇ ਲੋਕਾਂ ਲਈ ਜੋ ਧਨ ਇਕੱਠਾ ਕੀਤਾ ਗਿਆ ਸੀ, ਉਹ ਉਨ੍ਹਾਂ ਗਰੀਬ ਲੋਕਾਂ ਤੱਕ ਪੁੱਜਦਾ ਹੋ ਚੁੱਕਾ ਹੈ, ਇਹ ਕੰਮ ਸਿਰੇ ਚਾੜ੍ਹਕੇ, ਮੈਂ ਹਿਸਪਾਨਿਯਾ ਵੱਲ ਆਵਾਂਗਾ। ਜਦੋਂ ਮੈਂ ਹਿਸਪਾਨਿਯਾ ਜਾ ਰਿਹਾ ਹੋਵਾਂਗਾ, ਮੈਂ ਤੁਹਾਡੇ ਵੱਲ ਯਾਤਰਾ ਕਰਾਂਗਾ ਮੈਂ ਉੱਥੇ ਰੁਕਾਗਾ ਅਤੇ ਤੁਹਾਨੂੰ ਮਿਲਾਂਗਾ। 29ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਖਸ਼ਿਸ਼ ਤੁਹਾਡੇ ਲਈ ਲੈ ਕੇ ਆਵਾਂਗਾ। 30ਪਿਆਰੇ ਭਰਾਵੋ ਅਤੇ ਭੈਣੋ, ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਾਸਤੇ ਪ੍ਰਾਰਥਨਾ ਕਰਕੇ ਮੇਰੇ ਕੰਮ ਵਿੱਚ ਮੇਰੇ ਨਾਲ ਮਿਹਨਤ ਕਰੋ। ਇਹ ਸਾਡੇ ਪ੍ਰਭੂ ਯਿਸੂ ਮਸੀਹ ਅਤੇ ਪਵਿੱਤਰ ਆਤਮਾ ਦੇ ਪਿਆਰ ਦੇ ਕਾਰਣ ਕਰੋ। 31ਪ੍ਰਾਰਥਨਾ ਕਰੋ ਕਿ ਯਹੂਦਿਯਾ ਵਿੱਚ ਅਵਿਸ਼ਵਾਸੀਆਂ ਤੋਂ ਮੇਰੀ ਰੱਖਿਆ ਹੋਵੇ। ਪ੍ਰਾਰਥਨਾ ਕਰੋ ਕਿ ਮੈਂ ਮਦਦ ਯਰੂਸ਼ਲਮ ਵਿੱਚ ਲਿਆਂਦੀ ਉਹ ਪਰਮੇਸ਼ੁਰ ਦੇ ਲੋਕਾਂ ਨੂੰ ਉੱਥੇ ਪ੍ਰਸੰਨ ਕਰ ਸੱਕੇ। 32ਫ਼ਿਰ ਜੋ ਪਰਮੇਸ਼ੁਰ ਨੇ ਚਾਹਿਆ, ਮੈਂ ਤੁਹਾਡੇ ਕੋਲ ਪੂਰੇ ਆਨੰਦ ਨਾਲ ਅਤੇ ਤੁਹਾਡੇ ਨਾਲ ਮਿਲਕੇ ਆਰਾਮ ਕਰਾਂਗਾ। 33ਕਾਸ਼ ਸ਼ਾਂਤੀ ਦਾ ਪਰਮੇਸ਼ੁਰ ਤੁਹਾਡੇ ਸਾਰਿਆਂ ਨਾਲ ਹੋਵੇ। ਆਮੀਨ।


Copyrighted Material
Learn More

will be added

X\